ਚੰਡੀਗੜ੍ਹ: ਪੰਜਾਬੀ ਸਿਨੇਮਾ ਦੀਆਂ ਚਰਚਿਤ ਫਿਲਮਾਂ ਵਿੱਚ ਸ਼ੁਮਾਰ ਕਰਵਾਉਣ ਵਾਲੀ 'ਪਾਰ ਚਨਾ ਦੇ' ਦੀ ਟੀਮ ਆਪਣੇ ਦੂਸਰੇ ਅਤੇ ਵਿਸ਼ੇਸ਼ ਸ਼ਡਿਊਲ ਲਈ ਲੰਦਨ ਪੁੱਜ ਗਈ ਹੈ, ਜਿੱਥੇ ਅਗਲੇ ਕਈ ਦਿਨਾਂ ਤੱਕ ਕਈ ਅਹਿਮ ਦ੍ਰਿਸ਼ਾਂ ਦਾ ਫਿਲਮਾਂਕਣ ਮੁਕੰਮਲ ਕੀਤਾ ਜਾਵੇਗਾ।
'ਸ਼੍ਰੀ ਨਰੋਤਮ ਜੀ ਸਟੂਡੀਓਜ਼ ਅਤੇ ਪ੍ਰੋਟੈਕਸ ਸਟੂਡੀਓਜ਼ ਦੇ ਬੈਨਰਜ਼' ਅਤੇ ਸੁਯੰਕਤ ਨਿਰਮਾਣ ਅਧੀਨ ਬਣਾਈ ਜਾ ਰਹੀ ਇਸ ਫਿਲਮ ਵਿੱਚ ਪੰਜਾਬੀ ਗਾਇਕੀ ਵਿੱਚ ਉੱਚਕੋਟੀ ਸਿਖਰ ਹੰਢਾ ਚੁੱਕੇ ਮਰਹੂਮ ਸੁਰਜੀਤ ਬਿੰਦਰਖੀਆ ਦੇ ਹੋਣਹਾਰ ਸਪੁੱਤਰ ਗੀਤਾਜ ਬਿੰਦਰਖੀਆ ਅਤੇ ਦਿਲਪ੍ਰੀਤ ਢਿੱਲੋਂ ਲੀਡ ਰੋਲ ਅਦਾ ਕਰ ਰਹੇ ਹਨ, ਜਿੰਨ੍ਹਾਂ ਦੇ ਨਾਲ ਤਾਨੀਆ ਅਤੇ ਮੈਂਡੀ ਤੱਖਰ ਨਜ਼ਰ ਆਉਣਗੀਆਂ।
ਪੰਜਾਬੀ ਫਿਲਮ ਪਾਰ ਚਨਾ ਦੇ ਦਾ ਪੋਸਟਰ ਹਾਲ ਹੀ ਵਿੱਚ ਪੰਜਾਬ ਅਤੇ ਚੰਡੀਗੜ੍ਹ ਦੇ ਹਿੱਸਿਆਂ ਵਿੱਚ ਫਿਲਮਾਈ ਗਈ ਇਸ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਧੀਰਜ ਕੇਦਾਰਨਾਥ ਰਤਨ ਕਰ ਰਹੇ ਹਨ, ਜੋ ਬਤੌਰ ਲੇਖਕ ਅਤੇ ਨਿਰਦੇਸ਼ਕ ਕਈ ਚਰਚਿਤ ਅਤੇ ਸਫਲ ਫਿਲਮਾਂ ਦਾ ਲੇਖਨ ਅਤੇ ਨਿਰਦੇਸ਼ਕ ਕਰ ਚੁੱਕੇ ਹਨ, ਜਿੰਨ੍ਹਾਂ ਵਿੱਚ 'ਮੇਲ ਕਰਾਂਦੇ ਰੱਬਾ', 'ਸਾਡੀ ਲਵ ਸਟੋਰੀ', 'ਸਰਦਾਰ ਜੀ', 'ਸਰਦਾਰ ਜੀ 2', 'ਬੈਸਟ ਆਫ ਲੱਕ', 'ਇਸ਼ਕ ਗਰਾਰੀ', 'ਸ਼ਰੀਕ', 'ਤੂੰ ਮੇਰਾ ਬਾਈ-ਮੈਂ ਤੇਰਾ ਬਾਈ', 'ਸਿੰਘ ਵਰਸਿਜ਼ ਕੌਰ', 'ਅੜਬ ਮੁਟਿਆਰਾਂ', 'ਜੱਟ ਬ੍ਰਦਰਜ਼', 'ਅਸ਼ਕੇ', 'ਸਿੰਘਮ', 'ਸਿਕੰਦਰ 2' ਤੋਂ ਇਲਾਵਾ ਹਿੰਦੀ ਵਿੱਚ 'ਸ਼ਾਪਿਤ', 'ਯਮਲਾ ਪਗਲਾ ਦੀਵਾਨਾ ਫਿਰ ਸੇ' ਆਦਿ ਸ਼ੁਮਾਰ ਰਹੀਆਂ ਹਨ।
ਪਾਲੀਵੁੱਡ ਗਲਿਆਰੇ ਵਿੱਚ ਆਪਣੇ ਨਿਵਕਲੇ ਲੁੱਕ ਮੱਦੇਨਜ਼ਰ ਖਿੱਚ ਦਾ ਕੇਂਦਰ ਬਿੰਦੂ ਬਣੀ ਓਕਤ ਫਿਲਮ ਦੀ ਨਿਰਮਾਣ ਟੀਮ ਅਨੁਸਾਰ 19 ਅਪ੍ਰੈਲ, 2024 ਨੂੰ ਪਰਦੇ 'ਤੇ ਆਉਣ ਵਾਲੀ ਇਸ ਫਿਲਮ ਦੇ ਨਿਰਮਾਤਾ ਅੰਕਿਤ ਵਿਜਾਨ, ਨਵਦੀਪ ਨਰੂਲਾ, ਕਿਰਨ ਯਾਦਵ ਅਤੇ ਸਨਾ ਰਵੀ ਕੁਮਾਰ ਹਨ, ਜੋ ਇਸ ਤੋਂ ਪਹਿਲਾਂ ਕਈ ਸਫ਼ਲ ਫਿਲਮਾਂ ਨਿਰਮਿਤ ਕਰ ਚੁੱਕੇ ਹਨ, ਜਿੰਨ੍ਹਾਂ ਵਿੱਚ 'ਸਰਗੀ', 'ਕਿਸਮਤ', 'ਕਿਸਮਤ 2', 'ਸਹੁਰਿਆਂ ਦਾ ਪਿੰਡ', 'ਮੋਹ' ਆਦਿ ਸ਼ਾਮਿਲ ਰਹੀਆਂ ਹਨ।
ਯੂਨਾਈਟਡ ਕਿੰਗਡਮ ਦੇ ਵੱਖ-ਵੱਖ ਹਿੱਸਿਆਂ ਵਿੱਚ ਸੰਪੂਰਨਤਾ ਵੱਲ ਵਧਣ ਜਾ ਰਹੀ ਇਸ ਫਿਲਮ ਦੇ ਹੋਰ ਪਹਿਲੂਆਂ ਸੰਬੰਧੀ ਜਾਣਕਾਰੀ ਦਿੰਦਿਆਂ ਨਿਰਮਾਣ ਟੀਮ ਨੇ ਦੱਸਿਆ ਕਿ ਫਿਲਮ ਦੇ ਇਸ ਆਖਰੀ ਸ਼ਡਿਊਲ ਅਧੀਨ ਤਕਰੀਬਨ ਇਸ ਦਾ ਸਾਰਾ ਹਿੱਸਾ ਮੁਕੰਮਲ ਕਰ ਲਿਆ ਜਾਵੇਗਾ, ਜਿਸ ਦੌਰਾਨ ਸੀਨਜ਼ ਦੇ ਨਾਲ-ਨਾਲ ਕੁਝ ਗਾਣਿਆਂ ਨੂੰ ਵੀ ਇਥੋਂ ਦੀਆਂ ਮਨਮੋਹਕ ਲੋਕੇਸ਼ਨਜ਼ ਉਪਰ ਫਿਲਮਬੱਧ ਕੀਤਾ ਜਾਵੇਗਾ।