ਫਰੀਦਕੋਟ: ਹਾਲ ਹੀ ਵਿਚ ਰਿਲੀਜ਼ ਹੋਈ ਅਤੇ ਕਾਮਯਾਬੀ ਹਾਸਿਲ ਕਰਨ ਵਿਚ ਸਫ਼ਲ ਰਹੀ ਪੰਜਾਬੀ ਫ਼ਿਲਮ ‘ਕੈਰੀ ਆਨ ਜੱਟਾ 3’ ਨੂੰ ਨਿਰਦੇਸ਼ਿਤ ਕਰਨ ਵਾਲੇ ਫ਼ਿਲਮਕਾਰ ਸਮੀਪ ਕੰਗ ਵੱਲੋਂ ਬਤੌਰ ਨਿਰਦੇਸ਼ਕ ਆਪਣੀ ਅਗਲੀ ਫ਼ਿਲਮ ‘ਡੈਡੀ ਓ ਡੈਡੀ’ ਦੀ ਸ਼ੂਟਿੰਗ ਲੰਡਨ ਵਿਖੇ ਸ਼ੁਰੂ ਕਰ ਦਿੱਤੀ ਗਈ ਹੈ। ਇਸ ਫਿਲਮ 'ਚ ਪੰਜਾਬੀ ਸਿਨੇਮਾਂ ਦੇ ਕਈ ਮਸ਼ਹੂਰ ਸਿਤਾਰੇ ਹਿੱਸਾ ਲੈ ਰਹੇ ਹਨ।
ਪੰਜਾਬੀ ਫ਼ਿਲਮ ‘ਡੈਡੀ ਓ ਡੈਡੀ' 'ਚ ਇਹ ਸਿਤਾਰੇ ਆਉਣਗੇ ਨਜ਼ਰ: ‘ਕਲੈਪਸਟੇਮ ਇੰਟਰਟੇਨਮੈਂਟ’ ਦੇ ਬੈਨਰ ਹੇਠ ਬਣ ਰਹੀ ਇਸ ਫ਼ਿਲਮ ਦੇ ਨਿਰਮਾਤਾ ਅਮਰਦੀਪ ਐਸ ਰੀਨ ਹਨ। ਉਨ੍ਹਾਂ ਦੇ ਅਨੁਸਾਰ, ਯੂਨਾਈਟਡ ਅਸਟੇਟ ਦੇ ਸਾਊਥਹਾਲ ਦੇ ਵੱਖ-ਵੱਖ ਇਨਡੋਰ ਹਿੱਸਿਆਂ ਅਤੇ ਇੱਥੋਂ ਦੀਆਂ ਹੋਰ ਮਨਮੋਹਕ ਲੋਕੋਸ਼ਨਾਂ 'ਤੇ ਫ਼ਿਲਮਾਈ ਜਾ ਰਹੀ ਇਸ ਫ਼ਿਲਮ ਦੀ ਸਟਾਰਕਾਸਟ ਵਿੱਚ ਜਸਵਿੰਦਰ ਭੱਲਾ, ਬਿਨੂੰ ਢਿੱਲੋਂ, ਕਰਮਜੀਤ ਅਨਮੋਲ, ਪਾਇਲ ਰਾਜਪੂਤ, ਨਾਸਿਰ ਚੁਣੋਤੀ, ਨਿਸ਼ਾ ਬਾਨੋ ਆਦਿ ਸ਼ਾਮਿਲ ਹਨ।
ਪੰਜਾਬੀ ਫ਼ਿਲਮ ‘ਡੈਡੀ ਓ ਡੈਡੀ' ਪਰਿਵਾਰਿਕ ਕਾਮੇਡੀ 'ਤੇ ਅਧਾਰਿਤ ਫਿਲਮ: ਇਸ ਫ਼ਿਲਮ ਦੇ ਅਹਿਮ ਪਹਿਲੂਆਂ ਦੀ ਜਾਣਕਾਰੀ ਸਾਂਝੀ ਕਰਦਿਆਂ ਫ਼ਿਲਮ ਦੇ ਨਿਰਦੇਸ਼ਕ ਸਮੀਪ ਕੰਗ ਨੇ ਦੱਸਿਆ ਕਿ ਦਿਲਚਸਪ ਪਰਿਵਾਰਿਕ ਕਾਮੇਡੀ ਅਧਾਰਿਤ ਇਸ ਫ਼ਿਲਮ ਵਿਚ ਹਾਸਿਆਂ ਦੇ ਨਵੇਂ ਰੰਗ ਦਰਸ਼ਕਾਂ ਨੂੰ ਦੇਖਣ ਨੂੰ ਮਿਲਣਗੇ। ਪੰਜਾਬੀ ਸਿਨੇਮਾਂ ਦੇ ਉਚਕੋਟੀ ਅਤੇ ਸਫ਼ਲ ਫ਼ਿਲਮਕਾਰ ਵਜੋਂ ਆਪਣੀ ਪਹਿਚਾਣ ਸਥਾਪਿਤ ਕਰਨ ਵਿਚ ਸਫ਼ਲ ਰਹੇ ਨਿਰਦੇਸ਼ਕ ਸਮੀਪ ਕੰਗ ‘ਕੈਰੀ ਆਨ ਜੱਟਾਂ 3’ ਦੀ ਵੱਡੀ ਸਫ਼ਲਤਾ ਤੋਂ ਬਾਅਦ ਇੰਨ੍ਹੀ ਦਿਨ੍ਹੀ ਕਈ ਬਿਗ ਸੈਟਅੱਪ ਅਤੇ ਮਲਟੀਸਟਾਰਰ ਫ਼ਿਲਮਾਂ ਨਿਰਦੇਸ਼ਿਤ ਕਰ ਰਹੇ ਹਨ, ਜਿੰਨ੍ਹਾਂ ਵਿੱਚ ਇੱਕ ਫਿਲਮ ਗਿੱਪੀ ਗਰੇਵਾਲ ਨਾਲ ਵੀ ਸ਼ਾਮਿਲ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਫ਼ਿਲਮ ਵਿਚ ਪੰਜਾਬੀ ਸਿਨੇਮਾਂ ਦੇ ਦਿਗਜ਼ ਸਿਤਾਰੇ ਜਸਵਿੰਦਰ ਭੱਲਾ, ਬਿੰਨੂ ਢਿੱਲੋਂ ਅਤੇ ਕਰਮਜੀਤ ਅਨਮੋਲ ਦੀ ਸ਼ਾਨਦਾਰ ਕੈਮਿਸਟਰੀ ਨੂੰ ਹੋਰ ਪ੍ਰਭਾਵੀ ਰੂਪ ਅਤੇ ਪਿਛਲੀਆਂ ਫ਼ਿਲਮਾਂ ਨਾਲੋ ਵੈਰੀਏਸ਼ਨ ਦੇਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਦਰਸ਼ਕਾਂ ਨੂੰ ਕੁਝ ਨਵਾਂ ਅਤੇ ਤਰੋਤਾਜ਼ਗੀ ਭਰਿਆ ਕਾਮੇਡੀ ਸੁਮੇਲ ਦੇਖਣ ਨੂੰ ਮਿਲ ਸਕੇ।
ਨਿਰਦੇਸ਼ਕ ਸਮੀਪ ਕੰਗ ਗਿੱਪੀ ਗਰੇਵਾਲ ਨਾਲ ਕਈ ਫਿਲਮਾਂ 'ਚ ਕਰ ਚੁੱਕੇ ਕੰਮ: ਨਿਰਦੇਸ਼ਕ ਸਮੀਪ ਕੰਗ ਪੰਜਾਬੀ ਸਿਨੇਮਾਂ ਨੂੰ ਕਈ ਸਫ਼ਲ ਫ਼ਿਲਮਾਂ ਦੇਣ ਦਾ ਮਾਣ ਵੀ ਹਾਸਿਲ ਕਰ ਚੁੱਕੇ ਹਨ। ਉਨ੍ਹਾਂ ਵੱਲੋ ਅਦਾਕਾਰ ਗਿੱਪੀ ਗਰੇਵਾਲ ਨਾਲ ਇਕੱਠਿਆਂ ਕੀਤੀਆਂ ਹਿੱਟ ਅਤੇ ਚਰਚਿਤ ਫ਼ਿਲਮਾਂ ਵਿਚ ਕੈਰੀ ਆਨ ਜੱਟਾ, ਕੈਰੀ ਆਨ ਜੱਟਾ 2, ਲੱਕੀ ਦੀ ਅਣਲੱਕੀ ਸਟੋਰੀ, ਭਾਜ਼ੀ ਇਨ ਪ੍ਰੋਬਲਮ, ਸੈਕੰਡ ਹੈੱਂਡ ਹਸਬੈਂਡ, ਡਬਲ ਦੀ ਟਰੱਬਲ, ਲਾਕ ਆਦਿ ਸ਼ਾਮਿਲ ਰਹੀਆਂ ਹਨ। ਇਸ ਤੋਂ ਇਲਾਵਾ ਇੰਨ੍ਹਾਂ ਦੋਹਾਂ ਦੀਆਂ ਆਉਣ ਵਾਲੀਆਂ ਫ਼ਿਲਮਾਂ ਵਿਚ ਮੌਜ਼ਾ ਹੀ ਮੌਜ਼ਾ, ਵਿਡੋ ਕਾਲੋਨੀ ਵੀ ਸ਼ਾਮਲ ਹਨ। ਨਿਰਦੇਸ਼ਕ ਦੇ ਨਾਲ-ਨਾਲ ਸਮੀਪ ਕੰਗ ਅਦਾਕਾਰ ਦੇ ਤੌਰ ਤੇ ਵੀ ਪੰਜਾਬੀ ਫ਼ਿਲਮਾਂ ਵਿੱਚ ਆਪਣੇ ਸ਼ਾਨਦਾਰ ਅਭਿਨੈ ਨਾਲ ਮਾਣ ਹਾਸਲ ਕਰ ਚੁੱਕੇ ਹਨ। ਸਮੀਪ ਕੰਗ ਨੇ ਕਿਹਾ ਕਿ "ਅਦਾਕਾਰੀ ਉਨਾਂ ਦੀ ਪਹਿਲਕਦਮੀ ਵਿਚ ਸ਼ਾਮਿਲ ਨਹੀਂ ਹੈ, ਪਰ ਜਦ ਵੀ ਕੋਈ ਪ੍ਰਭਾਵੀ ਕਿਰਦਾਰ ਸਾਹਮਣੇ ਆਉਦਾ ਹੈ ਤਾਂ ਉਨ੍ਹਾਂ ਨੂੰ ਕਰਨਾ ਜ਼ਰੂਰ ਪਸੰਦ ਕਰਦਾ ਹਾਂ।" ਉਨ੍ਹਾਂ ਨੇ ਦੱਸਿਆ ਕਿ ਇਸ ਫ਼ਿਲਮ ਦੀ ਸ਼ੂਟਿੰਗ ਦਾ ਤਕਰੀਬਨ ਕਾਫ਼ੀ ਹਿੱਸਾ ਲੰਡਨ ਮੁਕੰਮਲ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਕੁਝ ਸੀਨ ਪੰਜਾਬ, ਚੰਡੀਗੜ੍ਹ ਵਿਖੇ ਵੀ ਪੂਰੇ ਕੀਤੇ ਜਾਣਗੇ।