ਅੰਮ੍ਰਿਤਸਰ: ਇੰਨੀਂ ਦਿਨੀਂ ਕਈ ਪੰਜਾਬੀ ਫਿਲਮਾਂ ਸੁਰਖ਼ੀਆਂ ਬਟੋਰੀ ਰਹੀਆਂ ਹਨ, ਉਹਨਾਂ ਵਿਚੋਂ ਹੀ ਇੱਕ ਪ੍ਰਿੰਸ ਕੰਵਲਜੀਤ ਸਿੰਘ ਸਟਾਰਰ ਚੇਤਾ ਸਿੰਘ ਹੈ, ਫਿਲਮ ਆਉਣ ਵਾਲੇ ਸਤੰਬਰ ਮਹੀਨੇ ਦੀ ਇੱਕ ਤਾਰੀਖ਼ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਲਈ ਫਿਲਮ ਦੀ ਸਟਾਰ ਕਾਸਟ ਫਿਲਮ ਦੇ ਪ੍ਰਮੋਸ਼ਨ ਵਿੱਚ ਰੁੱਝੀ ਹੋਈ ਹੈ। ਫਿਲਮ ਦੇ ਪ੍ਰਮੋਸ਼ਨ ਤੋਂ ਪਹਿਲਾਂ ਕਾਸਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੀ।
ਜਿੱਥੇ ਉਹਨਾਂ ਵੱਲੋਂ ਗੁਰੂ ਘਰ ਵਿਚ ਮੱਥਾ ਟੇਕਿਆ ਗਿਆ ਅਤੇ ਵਾਹਿਗੁਰੂ ਦਾ ਆਸ਼ੀਰਵਾਦ ਲੈ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਫਿਲਮ ਸਟਾਰ ਕਾਸਟ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਗਿਆ ਕਿ ਅੱਜ ਗੁਰੂਆਂ ਦੀ ਧਰਤੀ 'ਤੇ ਪੁੱਜੇ ਹਾਂ ਅਤੇ ਗੁਰੂ ਘਰ ਵਿਚ ਅਰਦਾਸ ਕੀਤੀ ਗਈ ਹੈ ਕਿ ਸਾਡੀ ਆਉਣ ਵਾਲੀ ਫਿਲਮ ਚੇਤਾ ਸਿੰਘ ਨੂੰ ਸਭ ਦਾ ਭਰਪੂਰ ਪਿਆਰ ਮਿਲੇ। ਇਸ ਤੋਂ ਉਹਨਾਂ ਨੇ ਪੰਜਾਬੀ ਸਿਨੇਮਾ ਬਾਰੇ ਵੀ ਕਈ ਗੱਲਾਂ ਸਾਂਝੀਆਂ ਕੀਤੀਆਂ।
ਹੁਣ ਇਥੇ ਜੇਕਰ ਫਿਲਮ ਚੇਤਾ ਸਿੰਘ ਬਾਰੇ ਗੱਲ ਕਰੀਏ ਤਾਂ ਇਸ ਫਿਲਮ ਦਾ ਟੀਜ਼ਰ ਪਹਿਲਾਂ ਹੀ ਰਿਲੀਜ਼ ਹੋ ਚੁੱਕਿਆ ਹੈ। ਟੀਜ਼ਰ ਵਿੱਚ ਦਰਸਾਇਆ ਗਿਆ ਹੈ ਕਿ ਇਹ ਫਿਲਮ ਸਸਪੈਂਸ ਨਾਲ ਭਰਪੂਰ ਹੈ ਅਤੇ ਵਿਲੱਖਣ ਸੰਕਲਪ 'ਤੇ ਆਧਾਰਤ ਹੈ। ਫਿਲਮ ਦਾ ਟੀਜ਼ਰ ਫਿਲਮ ਦੀ ਕਹਾਣੀ ਅਤੇ ਸੰਕਲਪ ਬਾਰੇ ਥੋੜ੍ਹਾ ਜਿਹਾ ਸੰਕੇਤ ਦਿੰਦਾ ਹੈ।
ਪ੍ਰਿੰਸ ਕੰਵਲਜੀਤ ਸਿੰਘ ਅਤੇ ਜਪਜੀ ਖਹਿਰਾ ਦੀ ਪ੍ਰਮੁੱਖ ਜੋੜੀ ਤੋਂ ਇਲਾਵਾ ਬਲਜਿੰਦਰ ਕੌਰ, ਮਿੰਟੂ ਕਾਪਾ, ਇਰਵਿਨ ਮੀਤ ਕੌਰ, ਮਹਾਬੀਰ ਭੁੱਲਰ, ਗੁਰਜੰਟ ਮਰਾਹੜ, ਜਗਦੀਸ਼ ਮਿਸਤਰੀ, ਗੁਰਪ੍ਰੀਤ ਤੋਤੀ, ਸੰਜੂ ਸੋਲੰਕੀ, ਗਰਿਮਾ ਸ਼ੇਵੀ, ਨਗਿੰਦਰ ਗੱਖੜ, ਸੁਖਦੇਵ ਬਰਨਾਲਾ, ਫਿਲਮ ਵਿੱਚ ਹਰਪ੍ਰੀਤ ਸਿੰਘ ਭੂਰਾ, ਅਮਨ ਚੀਮਾ, ਜਸਦੀਪ ਸਿੰਘ ਨੀਟਾ ਅਤੇ ਬ੍ਰਿਜੇਸ਼ ਸ਼ਰਮਾ ਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ।
ਇਸ ਫਿਲਮ ਨੂੰ ਆਸ਼ੀਸ਼ ਕੁਮਾਰ ਨੇ ਡਾਇਰੈਕਟ ਕੀਤਾ ਹੈ। ਫਿਲਮ ਦੀ ਕਹਾਣੀ ਰਾਣਾ ਜੇਠੂਵਾਲ ਅਤੇ ਗਗਨ ਦੁਆਰਾ ਲਿਖੀ ਗਈ ਹੈ। ਸਕਰੀਨਪਲੇ ਅਤੇ ਡਾਇਲਾਗਸ ਦਾ ਸਿਹਰਾ ਪ੍ਰਿੰਸ ਕੰਵਲਜੀਤ ਸਿੰਘ ਨੂੰ ਜਾਂਦਾ ਹੈ।