ਚੰਡੀਗੜ੍ਹ: ਪੰਜਾਬੀ ਸਿਨੇਮਾ ਖੇਤਰ ਵਿੱਚ ਅਲਹਦਾ ਫਿਲਮਾਂ ਦੀ ਸਿਰਜਣਾ ਕਰਨ ਵਿੱਚ ਕਈ ਨੌਜਵਾਨ ਨਿਰਦੇਸ਼ਕ ਅੱਜਕੱਲ੍ਹ ਮੋਹਰੀ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਹਨ, ਜਿੰਨ੍ਹਾਂ ਵਿਚੋਂ ਹੀ ਆਪਣਾ ਸ਼ੁਮਾਰ ਕਰਵਾਉਣ ਜਾ ਰਹੇ ਹਨ ਨੌਜਵਾਨ ਫਿਲਮਕਾਰ ਸਾਹਿਲ ਆਦਿਤਿਆ, ਜਿੰਨ੍ਹਾਂ ਵੱਲੋਂ ਆਪਣੀ ਨਵੀਂ ਫਿਲਮ 'ਕਲੀਰੇ' ਦੀ ਚੰਡੀਗੜ੍ਹ ਨੇੜਲੀਆਂ ਵੱਖ-ਵੱਖ ਲੋਕੇਸਨਜ਼ 'ਤੇ ਮੁਕੰਮਲ ਕਰ ਲਈ ਗਈ ਹੈ।
'ਵੇਂਕਟੇਂਸ਼ ਪ੍ਰੋਡੋਕਸ਼ਨ ਪ੍ਰਾਈਵੇਟ ਲਿਮਿਟਡ' ਦੇ ਬੈਨਰ ਹੇਠ ਬਣਨ ਜਾ ਰਹੀ ਇਸ ਫਿਲਮ ਦੇ ਨਿਰਮਾਤਾ ਮਨਦੀਪ ਕੌਰ, ਪ੍ਰਵੀਨ ਅਤੇ ਆਕਾਸ਼ ਆਦਿਤਿਆ ਤਿਵਾੜੀ ਹਨ, ਜੋ ਇਸ ਫਿਲਮ ਦੁਆਰਾ ਪੰਜਾਬੀ ਸਿਨੇਮਾ ਖੇਤਰ ਵਿੱਚ ਬਤੌਰ ਫਿਲਮ ਨਿਰਮਾਣਕਾਰ ਇੱਕ ਨਵੀਂ ਸ਼ੁਰੂਆਤ ਵੱਲ ਵਧਣ ਜਾ ਰਹੇ ਹਨ।
ਕਾਮੇਡੀ ਅਤੇ ਪਰਿਵਾਰਿਕ ਰੰਗਾਂ ਵਿੱਚ ਰੰਗੀ ਇਸ ਫਿਲਮ ਵਿੱਚ ਮਸ਼ਹੂਰ ਬਾਲੀਵੁੱਡ ਅਤੇ ਪਾਲੀਵੁੱਡ ਅਦਾਕਾਰਾ ਉਪਾਸਨਾ ਸਿੰਘ ਕਾਫੀ ਮਹੱਤਵਪੂਰਨ ਕਿਰਦਾਰ ਅਦਾ ਕਰ ਰਹੀ ਹੈ, ਜਿੰਨ੍ਹਾਂ ਤੋਂ ਇਲਾਵਾ ਸ਼ਵਿੰਦਰ ਮਾਹਲ, ਯਸ਼ ਗੁਲਾਟੀ, ਤਰਸੇਮ ਪਾਲ ਆਦਿ ਵੀ ਅਹਿਮ ਭੂਮਿਕਾਵਾਂ ਵਿੱਚ ਵਿਖਾਈ ਦੇਣਗੇ।
ਉਕਤ ਫਿਲਮ ਦੀ ਸ਼ੂਟਿੰਗ ਵਿੱਚ ਹਿੱਸਾ ਲੈਣ ਲਈ ਮੁੰਬਈ ਤੋਂ ਉਚੇਚੇ ਤੌਰ 'ਤੇ ਪੰਜਾਬ ਪੁੱਜੀ ਅਦਾਕਾਰਾ ਉਪਾਸਨਾ ਸਿੰਘ ਨੇ ਦੱਸਿਆ ਕਿ ਪੰਜਾਬੀਅਤ ਕਦਰਾਂ-ਕੀਮਤਾਂ ਦੀ ਤਰਜ਼ਮਾਨੀ ਕਰਦੀ ਇਸ ਫਿਲਮ ਵਿੱਚ ਪੁਰਾਤਨ ਪੰਜਾਬੀ ਵਿਰਸੇ ਨੂੰ ਇੱਕ ਵਾਰ ਮੁੜ ਜੀਵੰਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਵਿੱਚ ਪੁਰਾਣੇ ਸਮਿਆਂ ਤੋਂ ਵਿਆਹਾਂ ਅਤੇ ਇਸ ਨਾਲ ਜੁੜੀਆਂ ਰਸਮਾਂ ਦਾ ਅਹਿਮ ਹਿੱਸਾ ਰਹੇ ਕਲੀਰਿਆਂ ਦੀ ਮਹੱਤਤਾ ਨੂੰ ਬਿਆਨ ਕੀਤਾ ਜਾਵੇਗਾ।
ਇੰਨ੍ਹੀਂ ਦਿਨ੍ਹੀਂ ਆਨ ਫ਼ਲੌਰ ਕਈ ਹਿੰਦੀ ਅਤੇ ਪੰਜਾਬੀ ਫਿਲਮਾਂ ਨਾਲ ਜੁੜੀ ਇਸ ਬਾਕਮਾਲ ਅਦਾਕਾਰਾ ਨੇ ਅੱਗੇ ਦੱਸਿਆ ਕਿ ਇਸ ਫਿਲਮ ਤੋਂ ਇਲਾਵਾ ਕਈ ਹੋਰ ਪੰਜਾਬੀ ਫਿਲਮਾਂ ਵੀ ਕਰ ਰਹੀ ਹਾਂ, ਜਿੰਨ੍ਹਾਂ ਵਿਚੋਂ ਕੁਝ ਦੀ ਸ਼ੂਟਿੰਗ ਸੰਪੂਰਨ ਹੋ ਚੁੱਕੀ ਹੈ ਅਤੇ ਕਈ ਸੈੱਟ 'ਤੇ ਹਨ, ਜਿੰਨ੍ਹਾਂ ਵਿਚੋਂ ਇਹ ਪ੍ਰਭਾਵੀ ਵਿਸ਼ੇ ਆਧਾਰਿਤ ਫਿਲਮ 'ਕਲੀਰੇ' ਵੀ ਸ਼ਾਮਿਲ ਹੈ।
ਉਨਾਂ ਦੱਸਿਆ ਕਿ ਫਿਲਮ ਦੇ ਨਿਰਦੇਸ਼ਕ ਸਾਹਿਲ ਆਦਿਤਿਆ ਹਾਲਾਂਕਿ ਪੰਜਾਬੀ ਸਿਨੇਮਾ ਵਿੱਚ ਇੱਕ ਨਵਾਂ ਨਾਂਅ ਮੰਨੇ ਜਾ ਸਕਦੇ ਹਨ, ਪਰ ਹਿੰਦੀ ਫਿਲਮ ਇੰਡਸਟਰੀ ਨਾਲ ਉਨਾਂ ਦੀ ਨਿਰਦੇਸ਼ਕ ਦੇ ਤੌਰ 'ਤੇ ਸਾਂਝ ਪਿਛਲੇ ਲੰਮੇਂ ਸਮੇਂ ਤੋਂ ਬਣੀ ਹੋਈ ਹੈ ਅਤੇ ਬਾਲੀਵੁੱਡ ਦੇ ਕਈ ਨਾਮਵਰ ਨਿਰਦੇਸ਼ਕਾਂ ਨਾਲ ਉਨਾਂ ਨਿਰਦੇਸ਼ਕ ਦੇ ਰੂਪ ਵਿੱਚ ਕਾਫੀ ਤਜ਼ਰਬਾ ਵੀ ਹਾਸਿਲ ਕੀਤਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਮੇਨ ਸਟਰੀਮ ਫਿਲਮਾਂ ਤੋਂ ਬਿਲਕੁਲ ਅਲੱਗ ਹੱਟ ਕੇ ਬਣਾਈ ਜਾ ਰਹੀ ਇਸ ਫਿਲਮ ਨੂੰ ਬੇਹਤਰੀਨ ਅਤੇ ਪ੍ਰਭਾਵਸ਼ਾਲੀ ਮੁਹਾਂਦਰਾ ਦੇਣ ਲਈ ਪੂਰੀ ਟੀਮ ਵੱਲੋਂ ਖਾਸੀ ਮਿਹਨਤ ਕੀਤੀ ਜਾ ਰਹੀ ਹੈ, ਜਿਸ ਨੂੰ ਵੇਖਦਿਆਂ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਇਹ ਹਰ ਵਰਗ ਦਰਸ਼ਕਾਂ ਦੀ ਪਸੰਦ ਕਸੌਟੀ 'ਤੇ ਪੂਰਨ ਖਰੀ ਉਤਰੇਗੀ।