ਚੰਡੀਗੜ੍ਹ:ਪੰਜਾਬੀ ਸਿਨੇਮਾ ਲਈ ਬਣ ਰਹੀਆਂ ਅਰਥ-ਭਰਪੂਰ ਫਿਲਮਾਂ ਵਿੱਚ ਸ਼ੁਮਾਰ ਕਰਵਾਉਂਦੀ 'ਫੜ ਲੈ ਵਾਹਿਗੁਰੂ ਜੀ ਦਾ ਪੱਲਾ' ਆਪਣੇ ਦੂਸਰੇ ਅਤੇ ਇੱਕ ਹੋਰ ਅਹਿਮ ਸ਼ੈਡਿਊਲ ਵੱਲ ਵੱਧ ਚੁੱਕੀ ਹੈ, ਜਿਸ ਦੀ ਇਸ ਪੜਾਅ ਦੀ ਸ਼ੂਟਿੰਗ ਇਨੀਂ ਦਿਨੀਂ ਅੰਮ੍ਰਿਤਸਰ ਸਾਹਿਬ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਤੇਜੀ ਨਾਲ ਮੁਕੰਮਲ ਕੀਤੀ ਜਾ ਰਹੀ ਹੈ, ਜਿਸ ਵਿੱਚ ਬਾਲੀਵੁੱਡ ਅਤੇ ਪਾਲੀਵੁੱਡ ਨਾਲ ਜੁੜੇ ਕਈ ਨਾਮੀ ਕਲਾਕਾਰ ਹਿੱਸਾ ਲੈ ਰਹੇ ਹਨ।
'ਆਪਣਾ ਪੰਜਾਬ ਇੰਟਰਟੇਨਮੈਂਟ ਫਿਲਮ ਪ੍ਰੋਡੋਕਸ਼ਨ' ਦੇ ਬੈਨਰ ਅਧੀਨ ਬਣਾਈ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਸੰਦੀਪ ਸੋਲੰਕੀ ਕਰ ਰਹੇ ਹਨ ਜੋ ਹਿੰਦੀ ਸਿਨੇਮਾ ਖੇਤਰ ਵਿੱਚ ਬਤੌਰ ਫਿਲਮਕਾਰ ਕਈ ਬਿਹਤਰੀਨ ਪ੍ਰੋਜੈਕਟਾਂ ਨੂੰ ਅੰਜ਼ਾਮ ਦੇ ਚੁੱਕੇ ਹਨ।
ਪੰਜਾਬ ਦੇ ਪੁਰਾਤਨ ਰੰਗਾਂ ਦੀ ਤਰਜ਼ਮਾਨੀ ਕਰਦੀ ਅਤੇ ਰੂਹਾਨੀਅਤ ਭਰੀ ਕਹਾਣੀ ਅਧਾਰਿਤ ਇਸ ਫਿਲਮ ਦਾ ਨਿਰਮਾਣ ਡੀਐਸ ਖੁੰਡੀ ਕਰ ਰਹੇ ਹਨ, ਜਦ ਕਿ ਫਿਲਮ ਦਾ ਸਿਨੇਮਾਟੋਗ੍ਰਾਫ਼ਰੀ ਪੱਖ ਸੁਜਾਲ ਦੱਤਾ ਸੰਭਾਲ ਰਹੇ ਹਨ।
ਸ਼ੁਰੂ ਹੋਣ ਜਾ ਰਹੇ ਵਰ੍ਹੇ 2024 ਦੇ ਪਹਿਲੇ ਪੜਾਅ ਅਧੀਨ ਵਰਲਡ ਵਾਈਡ ਵੱਡੇ ਪੱਧਰ 'ਤੇ ਜਾਰੀ ਕੀਤੀ ਜਾ ਰਹੀ ਇਸ ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਸਾਊਥ ਸਿਨੇਮਾ ਵਿੱਚ ਵੱਡੇ ਅਤੇ ਸਫਲ ਨਾਂਅ ਵਜੋ ਸਥਾਪਤੀ ਵੱਲ ਵੱਧ ਰਹੀ ਸ਼ਾਨਦਾਰ ਪੰਜਾਬੀ ਮੂਲ ਅਦਾਕਾਰਾ ਰੋਸ਼ਨੀ ਸਹੋਤਾ ਫੀਮੇਲ ਲੀਡ ਕਿਰਦਾਰ ਵਿਚ ਨਜ਼ਰ ਆਵੇਗੀ, ਜਿਸ ਤੋਂ ਇਲਾਵਾ ਇਸ ਫਿਲਮ ਅਤੇ ਜਾਰੀ ਸੰਬੰਧਤ ਸ਼ੈਡਿਊਲ ਦਾ ਅਹਿਮ ਹਿੱਸਾ ਬਣੇ ਪਾਲੀਵੁੱਡ ਕਲਾਕਾਰਾਂ 'ਚ ਅੰਮ੍ਰਿਤਪਾਲ ਸਿੰਘ ਬਿੱਲਾ, ਮਲਕੀਤ ਰੌਣੀ, ਸਵਿਤਾ ਧਵਨ ਆਦਿ ਜਿਹੇ ਮੰਨੀ ਪ੍ਰਮੰਨੇ ਅਤੇ ਮੰਝੇ ਹੋਏ ਚਿਹਰੇ ਵੀ ਸ਼ਾਮਿਲ ਹਨ, ਜੋ ਕਾਫ਼ੀ ਮਹੱਤਵਪੂਰਨ ਕਿਰਦਾਰ ਅਦਾ ਕਰਦੇ ਵਿਖਾਈ ਦੇਣਗੇ।
ਉਕਤ ਫਿਲਮ ਦੇ ਸ਼ੂਟ ਵਿੱਚ ਭਾਗ ਲੈਣ ਲਈ ਮੁੰਬਈ ਤੋਂ ਉਚੇਚੇ ਤੌਰ 'ਤੇ ਪੰਜਾਬ ਪੁੱਜੀ ਖੂਬਸੂਰਤ ਅਤੇ ਪ੍ਰਤਿਭਾਵਾਨ ਅਦਾਕਾਰਾ ਰੋਸ਼ਨੀ ਸਹੋਤਾ ਨੇ ਦੱਸਿਆ ਕਿ ਫਿਲਮ ਵਿੱਚ ਉਸ ਦਾ ਕਿਰਦਾਰ ਇੱਕ ਅਜਿਹੀ ਅੱਲੜ੍ਹ ਪੰਜਾਬਣ ਮੁਟਿਆਰ ਦਾ ਹੈ, ਜਿਸ ਨੂੰ ਕਾਫ਼ੀ ਚੁਣੌਤੀਪੂਰਨ ਪਰਸਥਿਤੀਆਂ ਵਿਚੋਂ ਗੁਜ਼ਰਣਾ ਪੈਂਦਾ ਹੈ ਪਰ ਉਹ ਹਰ ਮੁਸ਼ਕਿਲ ਹਾਲਾਤ ਦਾ ਸਾਹਮਣਾ ਬੜੇ ਹੌਂਸਲੇ ਅਤੇ ਸੂਝਬੂਝ ਨਾਲ ਕਰਦੀ ਹੈ।
ਮੂਲ ਰੂਪ ਵਿੱਚ ਪੰਜਾਬ ਦੇ ਦੁਆਬਾ ਖੇਤਰ ਨਾਲ ਸੰਬੰਧਤ ਇਸ ਹੋਣਹਾਰ ਅਤੇ ਬਾਕਮਾਲ ਅਦਾਕਾਰਾ ਨੇ ਅੱਗੇ ਦੱਸਿਆ ਕਿ ਆਪਣੀ ਪਿਛਲੀ ਪੰਜਾਬੀ ਫਿਲਮ 'ਦਿ ਗ੍ਰੇਟ ਸਰਦਾਰ' ਤੋਂ ਬਾਅਦ ਹਾਲਾਂਕਿ ਸਾਊਥ ਸਿਨੇਮਾ ਖੇਤਰ ਵਿਚ ਬਣੇ ਰੁਝੇਵਿਆਂ ਕਾਰਨ ਲੰਮਾ ਸਮਾਂ ਪਾਲੀਵੁੱਡ ਨਾਲ ਜੁੜਾਵ ਸੰਭਵ ਨਹੀਂ ਹੋ ਸਕਿਆ, ਪਰ ਹੁਣ ਇਸ ਫਿਲਮ ਦੁਆਰਾ ਆਪਣੀ ਮਾਤਭੂਮੀ ਅਤੇ ਮਿੱਟੀ ਨਾਲ ਜੁੜੇ ਅਸਲ ਸਿਨੇਮਾ ਦਾ ਹਿੱਸਾ ਬਣ ਕਾਫ਼ੀ ਮਾਣ ਮਹਿਸੂਸ ਕਰ ਰਹੀ ਹਾਂ।