ਚੰਡੀਗੜ੍ਹ: ਪੰਜਾਬੀ ਸਿਨੇਮਾ ਨੂੰ ਮਿਆਰੀ ਅਤੇ ਸ਼ਾਨਦਾਰ ਮੁਹਾਂਦਰਾ ਦੇਣ ਵਿਚ ਪਿਛਲੇ ਲੰਮੇਂ ਸਮੇਂ ਤੋਂ ਮੋਹਰੀ ਭੂਮਿਕਾ ਨਿਭਾ ਰਹੇ ਹਨ ਲੇਖਕ ਅਤੇ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ, ਜੋ ਆਪਣੀ ਇਕ ਹੋਰ ਉਮਦਾ ਵੈੱਬ ਸੀਰੀਜ਼ ਰਾਜਧਾਨੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ, ਜਿਸ ਦੀ ਸ਼ੂਟਿੰਗ ਅਗਲੇ ਦਿਨ੍ਹੀਂ ਮਾਲਵਾ ਖਿੱਤੇ ਦੇ ਵੱਖ-ਵੱਖ ਹਿੱਸਿਆਂ ਵਿਚ ਸੰਪੂਰਨ ਕੀਤੀ ਜਾਵੇਗੀ।
ਸਾਗਾ ਮਿਊਜ਼ਿਕ ਵੱਲੋਂ ਸੁਮਿਤ ਸਿੰਘ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਲੇਖਨ ਜੀਤ ਜਹੂਰ ਵੱਲੋਂ ਕੀਤਾ ਗਿਆ ਹੈ, ਜਦਕਿ ਇਸ ਵਿਚ ਲੀਡ ਭੂਮਿਕਾ ਪੰਜਾਬੀ ਸਿਨੇਮਾ ਦੇ ਉਭਰਦੇ ਚਿਹਰੇ ਦਿਲਰਾਜ ਗਰੇਵਾਲ ਅਦਾ ਕਰਨ ਜਾ ਰਹੇ ਹਨ, ਜਿਸ ਵੱਲੋਂ ਬਤੌਰ ਗਾਇਕ ਹਾਲ ਹੀ ਵਿਚ ਗਾਇਆ ਅਤੇ ਮਰਹੂਮ ਦੀਪ ਸਿੱਧੂ ਉਤੇ ਫ਼ਿਲਮਾਇਆ ਗਿਆ ਉਨ੍ਹਾਂ ਦਾ ਆਖ਼ਰੀ ਗਾਣਾ ‘ਲਾਹੌਰ’ ਮਕਬੂਲੀਅਤ ਦੇ ਨਵੇਂ ਆਯਾਮ ਕਰਨ ਵਿਚ ਸਫ਼ਲ ਰਿਹਾ ਹੈ।
ਉਕਤ ਫਿਲਮ ਦੇ ਅਹਿਮ ਪਹਿਲੂਆਂ ਸੰਬੰਧੀ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਆਖਦੇ ਹਨ ਕਿ ਪਹਿਲੀ ਵਾਰ ਕਿਸੇ ਹੋਰ ਕਹਾਣੀਕਾਰ ਦਾ ਲਿਖਿਆ ਕੋਈ ਪ੍ਰੋਜੈਕਟ ਡਾਇਰੈਕਟ ਕਰਨ ਜਾ ਰਿਹਾ ਹੈ, ਪਰ ਇਹ ਸਕ੍ਰਿਪਟ ਨੂੰ ਵਾਂਚਦਿਆਂ ਅਤੇ ਇਸ ਨੂੰ ਵੈੱਬ ਸੀਰੀਜ਼ ਦਾ ਵਜ਼ੂਦ ਦਿੰਦਿਆਂ ਇੰਝ ਮਹਿਸੂਸ ਕਰ ਰਿਹਾ ਹਾਂ, ਜਿਵੇਂ ਇਹ ਮੇਰੀ ਹੀ ਲਿਖੀ ਹੋਈ ਹੈ।
ਹਾਲ ਹੀ ਵਿਚ ਆਪਣੇ ਦੋ ਹੋਰ ਅਹਿਮ ਪ੍ਰੋਜੈਕਟ 'ਦਾਰੋ' ਅਤੇ 'ਸੁੱਖਾ ਰੇਡਰ' ਨੂੰ ਮੁਕੰਮਲ ਕਰਕੇ ਹਟੇ ਇਹ ਬਾਕਮਾਲ ਨਿਰਦੇਸ਼ਕ ਅਨੁਸਾਰ ਹੁਣ ਤੱਕ ਦੀ ਹਰ ਫਿਲਮ ਦਾ ਕਹਾਣੀਸਾਰ ਮੇਨ ਸਟਰੀਮ ਸਿਨੇਮਾ ਨਾਲੋਂ ਇਕਦਮ ਅਲਹਦਾ ਰਿਹਾ ਹੈ, ਫਿਰ ਉਹ ਚਾਹੇ ‘ਖੂਨ’ ਹੋਵੇ, ‘ਸੁੱਤਾ ਨਾਗ’, ‘ਜ਼ੋਰਾ ਦਸ ਨੰਬਰੀਆਂ’, ‘ਜ਼ੋਰਾ ਦਾ ਸੈਕੰਡ ਚੈਪਟਰ’ ਜਾਂ ਫਿਰ ‘ਮਰਜਾਣੇ’ ਹਰ ਇਕ ਦਾ ਆਧਾਰ ਸੱਚਿਆ ਮੁੱਦਿਆਂ ਆਧਾਰਿਤ ਹੀ ਰੱਖਿਆ ਹੈ।
ਪੰਜਾਬੀ ਗੀਤਕਾਰੀ ਵਿਚ ਨਵੇਂ ਦਿਸਹਿੱਦੇ ਸਿਰਜਣ ਵਿਚ ਕਾਮਯਾਬ ਰਹੇ ਇਸ ਬੇਹਤਰੀਨ ਗੀਤਕਾਰ, ਲੇਖਕ, ਨਿਰਦੇਸ਼ਕ ਵੱਲੋਂ ਲਿਖੇ ਬੇਸ਼ੁਮਾਰ ਸੋਲੋ ਅਤੇ ਫਿਲਮੀ ਗੀਤ ਸੰਗੀਤਕ ਅਤੇ ਫਿਲਮੀ ਖੇਤਰ ਵਿਚ ਉਨਾਂ ਦੇ ਨਾਂਅ ਨੂੰ ਚਾਰ ਚੰਨ ਲਾਉਣ ਅਤੇ ਪਹਿਚਾਣ ਦਾਇਰਾ ਹੋਰ ਵਿਸ਼ਾਲ ਕਰਨ ਵਿਚ ਸਫ਼ਲ ਰਹੇ ਹਨ, ਜਿੰਨ੍ਹਾਂ ਵਿਚ ਰਾਣੀ ਰਣਦੀਪ ਦਾ ਗਾਇਆ ‘ਇਸ਼ਕੇ ਦੀ ਬਰਸਾਤ’, ਹੰਸ ਰਾਜ ਹੰਸ ਦਾ ‘ਸਿੱਲੀ ਸਿੱਲੀ ਆਉਂਦੀ ਹੈ ਹਵਾ’ ਤੋਂ ਇਲਾਵਾ ‘ਇਕ ਕੁੜੀ ਪੰਜਾਬ ਦੀ’, ‘ਤੂਫ਼ਾਨ ਸਿੰਘ’, ‘ਸੂਬੇਦਾਰ ਜੋਗਿੰਦਰ ਸਿਘ’ ਆਦਿ ਚਰਚਿਤ ਫਿਲਮਾਂ ਦੇ ਗੀਤ ਸ਼ਾਮਿਲ ਰਹੇ ਹਨ।
ਉਕਤ ਫਿਲਮ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਗਿੱਲ ਦੱਸਦੇ ਹਨ ਕਿ ਬਹੁਤ ਹੀ ਪ੍ਰਭਾਵਪੂਰਨ ਕਹਾਣੀ ਦੁਆਲੇ ਬੁਣੀ ਅਤੇ ਕਰੰਟ ਮੁੱਦਿਆਂ ਦੀ ਤਰਜ਼ਮਾਨੀ ਕਰਦੀ ਇਸ ਵੈੱਬ ਫਿਲਮ ਦੀ ਸ਼ੂਟਿੰਗ ਬਠਿੰਡਾ ਲਾਗਲੇ ਇਲਾਕਿਆਂ ਵਿਚ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਨੂੰ ਸਟਾਰਟ-ਟੂ-ਫ਼ਿਨਿਸ਼ ਸ਼ਡਿਊਲ ਅਧੀਨ ਹੀ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਵੈੱਬ ਸੀਰੀਜ਼ ਦਾ ਪ੍ਰਸਾਰਨ ਸ਼ੁਰੂ ਹੋਣ ਜਾ ਰਹੇ ਇਕ ਵੱਡੇ ਪੰਜਾਬੀ ਓਟੀਟੀ ਪਲੇਟਫ਼ਾਰਮ 'ਤੇ ਕੀਤਾ ਜਾਵੇਗਾ।