ਪੰਜਾਬ

punjab

ETV Bharat / entertainment

ਮਾਲਵੇ ਇਲਾਕੇ ’ਚ ਪੂਰੀ ਹੋਈ 'ਪਿੰਡ ਦੀ ਪੁਕਾਰ' ਦੀ ਸ਼ੂਟਿੰਗ, ਪੰਜਾਬੀ ਸਿਨੇਮਾ ਦੇ ਕਈ ਮੰਨੇ-ਪ੍ਰਮੰਨੇ ਚਿਹਰੇ ਆਉਣਗੇ ਨਜ਼ਰ - pollywood latest news

ਲੰਮੇਂ ਸਮੇਂ ਤੋਂ ਸਰਗਰਮ ਨਿਰਦੇਸ਼ਕ ਸਰਬਜੀਤ ਟੀਟੂ ਨੇ ਆਪਣੀ ਪਹਿਲੀ ਪੰਜਾਬੀ ਫਿਲਮ ‘ਪਿੰਡ ਦੀ ਪੁਕਾਰ’ ਦੀ ਸ਼ੂਟਿੰਗ ਮਾਲਵਾ ਖੇਤਰ ਵਿਚ ਮੁਕੰਮਲ ਕਰ ਲਈ ਹੈ, ਜਿਸ ਵਿਚ ਕਈ ਮੰਝੇ ਚਿਹਰੇ ਮਹੱਤਵਪੂਰਨ ਭੂਮਿਕਾਵਾਂ ਵਿਚ ਨਜ਼ਰ ਆਉਣਗੇ।

pind di pukaar
pind di pukaar

By

Published : Jul 1, 2023, 3:31 PM IST

ਚੰਡੀਗੜ੍ਹ: ਪੰਜਾਬੀ ਲਘੂ ਫਿਲਮਜ਼, ਮਿਊਜ਼ਿਕ ਵੀਡੀਓਜ਼ ਦੇ ਖੇਤਰ ਵਿਚ ਪਿਛਲੇ ਲੰਮੇਂ ਸਮੇਂ ਤੋਂ ਸਰਗਰਮ ਨਿਰਦੇਸ਼ਕ ਸਰਬਜੀਤ ਟੀਟੂ ਵੱਲੋਂ ਆਪਣੀ ਪਹਿਲੀ ਪੰਜਾਬੀ ਫਿਲਮ ‘ਪਿੰਡ ਦੀ ਪੁਕਾਰ’ ਦੀ ਸ਼ੂਟਿੰਗ ਮਾਲਵਾ ਖੇਤਰ ਵਿਚ ਮੁਕੰਮਲ ਕਰ ਲਈ ਗਈ ਹੈ, ਜਿਸ ਵਿਚ ਕਈ ਮੰਨੇ-ਪ੍ਰਮੰਨੇ ਚਿਹਰੇ ਮਹੱਤਵਪੂਰਨ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਪੰਜਾਬ ਦੇ ਰਜਵਾੜ੍ਹਾਸ਼ਾਹੀ, ਇਤਿਹਾਸਿਕ ਅਤੇ ਧਾਰਮਿਕ ਜ਼ਿਲਾਂ ਫ਼ਰੀਦਕੋਟ ਅਤੇ ਆਸ-ਪਾਸ ਦੀਆਂ ਲੋਕੇਸ਼ਨਜ਼ 'ਤੇ ਜਿਆਦਾਤਰ ਫਿਲਮਾਈ ਗਈ ਇਸ ਫਿਲਮ ਦੁਆਰਾ ਦੋ ਨਵੇਂ ਚਿਹਰੇ ਜੋਤ ਅਤੇ ਸੈਂਡੀ ਸੰਧੂ ਸਿਲਵਰ ਸਕਰੀਨ 'ਤੇ ਸ਼ਾਨਦਾਰ ਆਗਮਣ ਕਰਨ ਜਾ ਰਹੇ ਹਨ।

ਫਿਲਮ ਦੇ ਸਹਿ ਨਿਰਮਾਤਾ ਸੁਖਮੰਦਰ ਸਿੰਘ ਬਰਾੜ, ਗੀਤਕਾਰ ਸੁਖਪ੍ਰੀਤ ਪਰਮਾਰ, ਬਿੱਕਰ ਅਰਸ਼ੀ, ਸੁਖਵੰਤ ਕਿੰਗਰਾਂ ਹਨ, ਜਦਕਿ ਇਸ ਦੀ ਸਟਾਰ ਕਾਸਟ ਵਿਚ ਪ੍ਰਕਾਸ਼ ਗਾਧੂ, ਪਰਮਜੀਤ ਸੰਧੂ ਜਿਹੇ ਮੰਝੇ ਹੋਏ ਫਿਲਮ ਅਤੇ ਥੀਏਟਰ ਕਲਾਕਾਰ ਵੀ ਸ਼ਾਮਿਲ ਹਨ।

ਉਕਤ ਫਿਲਮ ਦੇ ਨਿਰਦੇਸ਼ਕ ਸਰਬਜੀਤ ਨਾਲ ਫਿਲਮ ਦੇ ਅਹਿਮ ਪਹਿਲੂਆਂ ਨੂੰ ਲੈ ਕੇ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੰਜਾਬ ਦੀ ਨੌਜਵਾਨੀ ਦਾ ਭਵਿੱਖ ਤਬਾਹ ਕਰ ਰਹੀਆਂ ਨਸ਼ਿਆਂ ਜਿਹੀਆਂ ਅਲਾਮਤਾਂ ਅਤੇ ਵਧ-ਫੁੱਲ ਰਹੀਆਂ ਹੋਰ ਸਮਾਜਿਕ ਕੁਰੀਤੀਆਂ ਨੂੰ ਮੁੱਖ ਰੱਖ ਕੇ ਬਣਾਈ ਜਾ ਰਹੀ ਇਹ ਫਿਲਮ ਨਸ਼ਿਆਂ ’ਚ ਗ੍ਰਸਤ ਨੌਜਵਾਨਾਂ ਦੇ ਪਰਿਵਾਰਾਂ ਨੂੰ ਦਰਪੇਸ਼ ਆ ਰਹੀਆਂ ਆਰਥਿਕ, ਸਮਾਜਿਕ ਸਮੱਸਿਆਵਾਂ ਨੂੰ ਵੀ ਉਜਾਗਰ ਕਰੇਗੀ, ਜਿਸ ਦੌਰਾਨ ਨੌਜਵਾਨਾਂ ਨੂੰ ਉਸਾਰੂ ਸੇਧ ਦੇਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਆਪਣੇ ਹੁਣ ਤੱਕ ਦੇ ਨਿਰਦੇਸ਼ਨ ਸਫ਼ਰ ਦੌਰਾਨ ਉਨਾਂ ਹਮੇਸ਼ਾ ਮਿਆਰੀ ਅਤੇ ਅਜਿਹੇ ਪ੍ਰੋਜੈਕਟਾਂ ਚਾਹੇ ਉਹ ਲਘੂ ਫਿਲਮਾਂ ਰਹੀਆਂ ਹੋਣ ਜਾਂ ਫਿਰ ਮਿਊਜ਼ਿਕ ਵੀਡੀਓਜ਼ ਕਰਨ ਨੂੰ ਪਹਿਲ ਦਿੱਤੀ ਹੈ, ਜਿੰਨ੍ਹਾਂ ਦੁਆਰਾ ਸਮਾਜ ਵਿਚ ਕੋਈ ਨਾਲ ਕੋਈ ਜਾਗ ਪੈਦਾ ਕੀਤੀ ਜਾ ਸਕੇ।

ਹਾਲੀਆਂ ਸਮੇਂ ਅਰਥਭਰਪੂਰ ਲਘੂ ਫਿਲਮ 'ਦਲਦਲ' ਦਾ ਵੀ ਨਿਰਦੇਸ਼ਨ ਕਰ ਕਾਫ਼ੀ ਸਲਾਹੁਤਾ ਹਾਸਿਲ ਕਰ ਚੁੱਕੇ ਨਿਰਦੇਸ਼ਕ ਸਰਬਜੀਤ ਟੀਟੂ ਪੰਜਾਬੀ ਰੰਗਮੰਚ ਦਾ ਵੀ ਅਹਿਮ ਹਿੱਸਾ ਰਹੇ ਹਨ, ਜਿੰਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੇ ਜਾ ਚੁੱਕੇ ਕਈ ਨੁੱਕੜ੍ਹ ਨਾਟਕਾਂ ਦਾ ਮੰਚਨ ਵੀ ਰਾਜ ਦੇ ਵੱਖ-ਵੱਖ ਹਿੱਸਿਆਂ ਖਾਸ ਕਰ ਪਿੰਡਾਂ ਵਿਚ ਕੀਤਾ ਜਾ ਚੁੱਕਾ ਹੈ ਅਤੇ ਉਨਾਂ ਦਾ ਥੀਏਟਰ ਪ੍ਰਤੀ ਸਾਂਝ ਦਾ ਇਹ ਸਿਲਸਿਲਾ ਅਜੇ ਵੀ ਬਾਦਸਤੂਰ ਜਾਰੀ ਹੈ।

ਉਨ੍ਹਾਂ ਦੱਸਿਆ ਕਿ ਰੰਗਮੰਚ ਨਾਲ ਉਨਾਂ ਦੀ ਸਾਂਝ ਕਾਫੀ ਸਮੇਂ ਤੋਂ ਹੀ ਰਹੀ ਹੈ, ਜਿਸ ਦੌਰਾਨ ਉਨਾਂ ਨੂੰ ਨਾਟਕ ਜਗਤ ਦੇ ਕਈ ਮੰਨੇ ਪ੍ਰਮੰਨੇ ਨਿਰਦੇਸ਼ਕਾਂ ਅਤੇ ਪ੍ਰੋਫੈਸਰ ਬ੍ਰਹਮ ਜਗਦੀਸ਼ ਸਿੰਘ, ਉੱਘੇ ਸਾਹਿਤਕਾਰ ਸਾਧੂ ਸਿੰਘ ਜਿਹੀਆਂ ਸੂਝਵਾਨ, ਬੁੱਧੀਜੀਵੀ ਸਖ਼ਸ਼ੀਅਤਾਂ ਦੀ ਲੰਮਾਂ ਸਮਾਂ ਸੰਗਤ ਮਾਣਨ ਅਤੇ ਉਨਾਂ ਪਾਸੋਂ ਬਹੁਤ ਕੁਝ ਸਿੱਖਣ ਸਮਝਣ ਦਾ ਅਵਸਰ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਥੀਏਟਰ ਦੇ ਲੰਮੇਰ੍ਹੇ ਸਫ਼ਰ ਬਾਅਦ ਉਕਤ ਅਲਹਦਾ ਵਿਸ਼ੇ ਅਧੀਨ ਫਿਲਮ ਨਾਲ ਉਹ ਪਲੇਠੀ ਸਿਨੇਮਾ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ, ਜਿਸ ਦੌਰਾਨ ਅੱਗੇ ਵੀ ਉਨਾਂ ਦੀ ਪਹਿਲ ਸਮਾਜਿਕ ਜਾਗਰੂਕਤਾ ਪੈਦਾ ਕਰਦੀਆਂ ਅਤੇ ਸੱਚੇ ਮੁੱਦਿਆਂ ਆਧਾਰਿਤ ਫਿਲਮਾਂ ਬਣਾਉਣ ਦੀ ਰਹੇਗੀ।

ABOUT THE AUTHOR

...view details