ਚੰਡੀਗੜ੍ਹ: ਬਾਲੀਵੁੱਡ ਦੇ ਉੱਚ-ਕੋਟੀ ਫਿਲਮ ਨਿਰਮਾਣ ਹਾਊਸ 'ਐਕਸਲ ਐਂਟਰਟੇਨਮੈਂਟ' ਵੱਲੋਂ ਨੈੱਟਫਲਿਕਸ ਲਈ ਬਣਾਈ ਜਾ ਰਹੀ ਸੀਰੀਜ਼ 'ਡੱਬਾ ਕਾਰਟੇਲ' ਪੰਜਾਬ 'ਚ ਸ਼ੂਟਿੰਗ ਆਗਾਜ਼ ਵੱਲ ਵੱਧ ਚੁੱਕੀ ਹੈ, ਜਿਸ ਵਿੱਚ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਮੰਨੇ-ਪ੍ਰਮੰਨੇ ਚਿਹਰੇ ਵੀ ਮਹੱਤਵਪੂਰਨ ਕਿਰਦਾਰ ਨਿਭਾਉਣ ਜਾ ਰਹੇ ਹਨ।
ਪੰਜਾਬ ਦੇ ਇਤਿਹਾਸਿਕ ਅਤੇ ਧਾਰਮਿਕ ਸ਼ਹਿਰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਫਿਲਮਾਈ ਜਾ ਰਹੀ ਇਸ ਸੀਰੀਜ਼ ਦੇ ਨਿਰਮਾਤਾ ਰਿਤੇਸ਼ ਸਿੰਧਵਾਨੀ ਅਤੇ ਫਰਹਾਨ ਅਖਤਰ ਹਨ, ਜਿੰਨਾਂ ਦੁਆਰਾ ਬਣਾਈ ਜਾ ਰਹੀ ਇਸ ਸੀਰੀਜ਼ ਵਿੱਚ ਸ਼ਬਾਨਾ ਆਜ਼ਮੀ, ਸ਼ਾਲਿਨੀ ਪਾਂਡੇ ਸਮੇਤ ਤਿੰਨ ਹੋਰ ਨਾਮਵਰ ਬਾਲੀਵੁੱਡ ਅਦਾਕਾਰਾਂ ਮੁੱਖ ਕਿਰਦਾਰਾਂ ਵਿੱਚ ਨਜ਼ਰੀ ਪੈਣਗੀਆਂ, ਜੋ ਇੱਕ ਉੱਚ-ਸਟੇਕ ਕਾਰਟੇਲ ਨੂੰ ਗੁਪਤ ਰੂਪ ਵਿੱਚ ਚਲਾਉਣ ਵਾਲੀਆਂ ਘਰੇਲੂ ਔਰਤਾਂ ਦੀ ਭੂਮਿਕਾ ਨਿਭਾਉਣ ਜਾ ਰਹੀਆਂ ਹਨ।
ਓਟੀਟੀ ਪਲੇਟਫ਼ਾਰਮ 'ਤੇ ਸਾਹਮਣੇ ਆਉਣ ਵਾਲੇ ਅਤੇ ਬਹੁ-ਚਰਚਿਤ ਪ੍ਰੋਜੈਕਟਸ ਵਿਚ ਸ਼ੁਮਾਰ ਕਰਵਾਉਣ ਜਾ ਰਹੀ ਉਕਤ ਸੀਰੀਜ਼ ਵਿਲੱਖਣ ਔਰਤਾਂ ਦੀ ਅਗਵਾਈ ਵਾਲਾ ਅਪਰਾਧ ਡਰਾਮਾ ਹੈ, ਜਿਸ ਵਿਚ ਪੰਜਾਬੀ ਵੰਨਗੀਆਂ ਦੇ ਵੀ ਰੰਗ ਸ਼ਾਮਿਲ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਸਤੰਬਰ 2021 ਵਿੱਚ ਫਰਹਾਨ ਅਖਤਰ ਅਤੇ ਰਿਤੇਸ਼ ਸਿੰਧਵਾਨੀ ਦੀ ਐਕਸਲ ਐਂਟਰਟੇਨਮੈਂਟ ਨੇ ਕਈ ਤਰ੍ਹਾਂ ਦੀਆਂ ਅਸਾਧਾਰਨ ਕਹਾਣੀਆਂ ਬਣਾਉਣ ਲਈ ਨੈੱਟਫਲਿਕਸ ਇੰਡੀਆ ਨਾਲ ਇੱਕ ਬਹੁ-ਸਾਲਾਂ ਲੜੀਵਾਰ ਭਾਈਵਾਲੀ ਕਰਨ ਦੀ ਘੋਸ਼ਣਾ ਕੀਤੀ ਸੀ, ਜਿੰਨਾਂ ਦੇ ਇਸੇ ਸੁਯੰਕਤ ਕਰਾਰ ਅਧੀਨ ਵਜ਼ੂਦ ਵਿਚ ਆਉਣ ਜਾ ਰਹੀ ਹੈ ਉਕਤ ਵੈੱਬ ਸੀਰੀਜ਼ 'ਡੱਬਾ ਕਾਰਟੇਲ', ਜਿਸ ਵਿਚ ਬਾਲੀਵੁੱਡ ਦੇ ਮੰਝੇ ਹੋਏ ਅਤੇ ਦਿੱਗਜ ਐਕਟਰ ਗਜਰਾਜ ਰਾਓ ਵੀ ਪ੍ਰਮੁੱਖ ਰੋਲ ਅਦਾ ਕਰ ਰਹੇ ਹਨ।
ਮਾਝੇ ਦੇ ਸਰਹੱਦੀ ਖੇਤਰਾਂ ਵਿੱਚ ਵੀ ਤੇਜ਼ੀ ਨਾਲ ਸੰਪੂਰਨਤਾ ਪੜਾਅ ਵੱਲ ਵਧਾਈ ਜਾ ਰਹੀ ਉਕਤ ਸੀਰੀਜ਼ ਵਿਚ ਪੰਜਾਬੀ ਸਿਨੇਮਾ ਅਤੇ ਲਘੂ ਫਿਲਮਾਂ ਦੇ ਖੇਤਰ ਵਿੱਚ ਜਾਣਿਆ ਪਛਾਣਿਆ ਚਿਹਰਾ ਬਣ ਚੁੱਕੀ ਬਾਕਮਾਲ ਅਦਾਕਾਰਾ ਸਵਿਤਾ ਧਵਨ ਵੀ ਕਾਫੀ ਅਹਿਮ ਭੂਮਿਕਾ ਅਦਾ ਕਰਨ ਜਾ ਰਹੀ ਹੈ, ਜਿੰਨਾਂ ਵੱਲੋਂ ਆਪਣੇ ਹਿੱਸੇ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਗਈ ਹੈ।
ਉਨਾਂ ਤੋਂ ਇਲਾਵਾ ਪਾਲੀਵੁੱਡ ਦੇ ਕਈ ਹੋਰ ਐਕਟਰਜ਼ ਵੀ ਇਸ ਸੀਰੀਜ਼ ਵਿਚ ਨਜ਼ਰ ਆਉਣਗੇ, ਜੋ ਇਸ ਪ੍ਰੋਜੈਕਟ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ, ਜਿੰਨਾਂ ਅਨੁਸਾਰ ਬਾਲੀਵੁੱਡ ਦੇ ਪ੍ਰੋਡੋਕਸ਼ਨ ਹੋਮ ਦੀ ਸੀਰੀਜ਼ ਨਾਲ ਜੁੜਨਾ ਉਨਾਂ ਸਾਰਿਆਂ ਲਈ ਬੇਹੱਦ ਮਾਣ ਅਤੇ ਖੁਸ਼ਕਿਸਮਤੀ ਵਾਲੀ ਗੱਲ ਹੈ।