ਚੰਡੀਗੜ੍ਹ: ਪੰਜਾਬੀ ਸਿਨੇਮਾ ਦੀਆਂ ਆਗਾਮੀ ਦਿਨ੍ਹੀਂ ਰਿਲੀਜ਼ ਹੋਣ ਜਾ ਰਹੀਆਂ ਬਹੁ-ਚਰਚਿਤ ਫਿਲਮਾਂ ਵਿਚ ਸ਼ਾਮਿਲ 'ਬੂਹੇ ਬਾਰੀਆਂ' ਦਾ ਨਵਾਂ ਗੀਤ 'ਚਿਮਟਾ' ਅੱਜ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਮਸ਼ਹੂਰ ਲੋਕ-ਗਾਇਕਾ ਜਸਵਿੰਦਰ ਬਰਾੜ ਵੱਲੋਂ ਆਵਾਜ਼ ਦੇ ਨਾਲ-ਨਾਲ ਫ਼ੀਚਰਿੰਗ ਵੀ ਦਿੱਤੀ ਗਈ ਹੈ।
‘ਨੀਰੂ ਬਾਜਵਾ ਇੰਟਰਟੇਨਮੈਂਟ’, ‘ਯੂਐਂਡ ਆਈ ਫ਼ਿਲਮਜ਼’ ਅਤੇ ‘ਲੀਨਨਿਆਜ਼ ਇੰਟਰਟੇਨਮੈਂਟ’ ਦੇ ਬੈਨਰ ਹੇਠ ਬਣੀ ਇਸ ਫਿਲਮ ਦਾ ਨਿਰਦੇਸ਼ਨ ਉਦੈ ਪ੍ਰਤਾਪ ਸਿੰਘ ਦੁਆਰਾ ਕੀਤਾ ਗਿਆ ਹੈ, ਜਦਕਿ ਇਸ ਦੇ ਕੈਮਰਾਮੈਨ ਸੰਦੀਪ ਪਾਟਿਲ ਹਨ। ਫਿਲਮ ਨਿਰਮਾਣ ਟੀਮ ਅਨੁਸਾਰ ਪ੍ਰਭ ਬੈਂਸ ਵੱਲੋਂ ਲਿਖੇ ਅਤੇ ਚੇਤ ਸਿੰਘ ਵੱਲੋੋਂ ਸ਼ਾਨਦਾਰ ਸੰਗੀਤ ਅਧੀਨ ਸੰਗੀਤਬਧ ਕੀਤੇ ਗਏ ਉਕਤ ਗੀਤ ਨੂੰ ‘ਟਿਪਸ ਪੰਜਾਬੀ’ ਦੇ ਲੇਬਲ ਅਧੀਨ ਜਾਰੀ ਕੀਤਾ ਜਾ ਰਿਹਾ ਹੈ, ਜੋ ਕਿ ਫਿਲਮ ਦੇ ਖਾਸ ਆਕਰਸ਼ਨ ਦਾ ਕੇਂਦਰਬਿੰਦੂ ਵੀ ਹੋਵੇਗਾ। ਨਿਰਮਾਤਾ ਸੰਤੋਸ਼ ਸੁਭਾਸ਼ ਥਿੱਟੇ, ਸਰਲਾ ਰਾਣੀ ਵੱਲੋਂ ਨਿਰਮਿਤ ਕੀਤੀ ਗਈ ਅਤੇ ਜਗਦੀਪ ਵੜਿੰਗ ਦੀ ਲਿਖੀ ਇਸ ਫਿਲਮ ਦੀ ਸਟਾਰ ਕਾਸਟ ਵਿਚ ਨੀਰੂ ਬਾਜਵਾ, ਨਿਰਮਲ ਰਿਸ਼ੀ, ਰੁਬੀਨਾ ਬਾਜਵਾ, ਜਤਿੰਦਰ ਕੌਰ, ਸਿਮਰਨ ਚਾਹਲ, ਸੀਮਾ ਕੌਸ਼ਲ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ, ਬਲਜਿੰਦਰ ਕੌਰ, ਅਨੀਤਾ ਮੀਤ, ਮਲਕੀਤ ਰੌਣੀ, ਪ੍ਰਕਾਸ਼ ਗਾਧੂ, ਸੁਖਵਿੰਦਰ ਰਾਜ, ਦੀਪਕ ਨਿਆਜ਼, ਸੁਖਵਿੰਦਰ ਰਾਜ ਆਦਿ ਸ਼ਾਮਿਲ ਹਨ।
ਕਾਮੇਡੀ ਅਤੇ ਡ੍ਰਾਮੈਟਿਕ ਪਰਿਵਾਰਿਕ ਕਹਾਣੀ ਆਧਾਰਿਤ ਇਸ ਫਿਲਮ ਦੇ ਉਕਤ ਗਾਣੇ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਫਿਲਮ ਟੀਮ ਨੇ ਦੱਸਿਆ ਕਿ ਪੰਜਾਬੀਅਤ ਵੰਨਗੀਆਂ ਦੀ ਤਰਜ਼ਮਾਨੀ ਕਰਦੇ ਇਸ ਗਾਣੇ ਲਈ ਪੁਰਾਤਨ ਵੇਲੇ ਅਤੇ ਅਸਲ ਪੰਜਾਬ ਦੀ ਯਾਦ ਤਾਜ਼ਾ ਕਰਵਾਉਂਦੇ ਵਿਸ਼ੇਸ਼ ਸੈੱਟ ਨੂੰ ਤਿਆਰ ਕੀਤਾ ਗਿਆ, ਜਿਸ ਵਿਚ ਅਤੀਤ ਦੀਆਂ ਗਹਿਰਾਈਆਂ ਵਿਚ ਦਫ਼ਨ ਹੋ ਚੁੱਕੇ ਅਸਲ ਪੰਜਾਬ ਦੇ ਰੰਗ ਇਕ ਵਾਰ ਫਿਰ ਵੇਖਣ ਨੂੰ ਮਿਲਣਗੇ।
ਉਨ੍ਹਾਂ ਦੱਸਿਆ ਕਿ ਪੰਜਾਬੀ ਗਾਇਕੀ ਵਿਚ ਵਿਲੱਖਣ ਪਹਿਚਾਣ ਰੱਖਦੀ ਗਾਇਕਾ ਜਸਵਿੰਦਰ ਬਰਾੜ ਵੱਲੋਂ ਇਸ ਗਾਣੇ ਨੂੰ ਬਹੁਤ ਹੀ ਖੁੰਬ ਕੇ ਗਾਇਆ ਗਿਆ ਹੈ, ਜਿਸ ਵਿਚ ਪੁਰਾਣੇ ਸੰਗੀਤਕ ਸਾਜ਼ਾਂ ਅਤੇ ਸਪੀਕਰਜ਼ ਦਾ ਵੀ ਬਹੁਤ ਉਮਦਾ ਇਸਤੇਮਾਲ ਗਾਣੇ ਦੀ ਰਿਕਾਰਡਿੰਗ ਤੋਂ ਲੈ ਕੇ ਫਿਲਮਾਂਕਣ ਤੱਕ ਦੇ ਹਰ ਪੜ੍ਹਾਅ ਵਿਚ ਕੁਸ਼ਲਤਾਪੂਰਵਕ ਕੀਤਾ ਗਿਆ ਹੈ।
ਚੰਡੀਗੜ੍ਹ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਫਿਲਮਾਈ ਗਈ ਉਕਤ ਫਿਲਮ ਆਗਾਮੀ 16 ਸਤੰਬਰ ਨੂੰ ਦੇਸ਼, ਵਿਦੇਸ਼ ਵਿਚ ਰਿਲੀਜ਼ ਕੀਤੀ ਜਾ ਰਹੀ ਹੈ। ਓਧਰ ਇਸ ਗਾਣੇ ਨੂੰ ਲੈ ਕੇ ਆਪਣੇ ਜਜ਼ਬਾਤ ਸਾਂਝੇ ਕਰਦਿਆਂ ਗਾਇਕਾ ਜਸਵਿੰਦਰ ਬਰਾੜ ਨੇ ਕਿਹਾ ਕਿ ਫਿਲਮਾਂ ਲਈ ਬਹੁਤ ਘੱਟ ਅਜਿਹੇ ਗੀਤ ਹੁੰਦੇ ਹਨ, ਜਿੰਨ੍ਹਾਂ ਨੂੰ ਗਾਉਣਾ ਉਹ ਪਸੰਦ ਕਰਦੀ ਹੈ, ਪਰ ਜਦ ‘ਚਿਮਟਾ’ ਗਾਣੇ ਨੂੰ ਗਾਉਣ ਅਤੇ ਇਸ ਦੇ ਫ਼ਿਲਮਾਂਕਣ ਦਾ ਹਿੱਸਾ ਬਣਨ ਦਾ ਪ੍ਰੋਪੋਜ਼ਲ ਸਾਹਮਣੇ ਆਇਆ ਤਾਂ ਇਸ ਨਾਲ ਜੁੜਨਾ ਇਕ ਮਾਣ ਵਾਂਗ ਮਹਿਸੂਸ ਹੋਇਆ। ਉਨ੍ਹਾਂ ਕਿਹਾ ਕਿ ਇਹ ਗਾਣਾ ਹਰ ਵਰਗ ਨੂੰ ਪਸੰਦ ਆਵੇਗਾ ਅਤੇ ਨਾਲ ਹੀ ਇਹ ਨੌਜਵਾਨ ਪੀੜ੍ਹੀ ਨੂੰ ਆਪਣੇ ਅਸਲ ਸੱਭਿਆਚਾਰਕ ਰੰਗਾਂ ਨਾਲ ਜੋੜਨ ਵਿਚ ਵੀ ਅਹਿਮ ਭੂਮਿਕਾ ਨਿਭਾਵੇਗਾ।