ਚੰਡੀਗੜ੍ਹ: ਪੰਜਾਬੀ ਸਿਨੇਮਾ ਜਗਤ ਵਿੱਚ ਨਵਾਂ ਸਾਲ 2024 ਕਈ ਨਵੀਆਂ ਸੰਭਾਵਨਾਵਾਂ ਜਗਾਉਣ ਦਾ ਸਬੱਬ ਬਣਨ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਹੀ ਸਾਹਮਣੇ ਆਉਣ ਜਾ ਰਹੀ ਹੈ, ਇੱਕ ਹੋਰ ਪੰਜਾਬੀ ਫਿਲਮ 'ਸੰਗਰਾਂਦ', ਜਿਸਦਾ ਨਵਾਂ ਲੁੱਕ ਜਾਰੀ ਕਰ ਦਿੱਤਾ ਗਿਆ ਹੈ।
'ਵਨ ਅਬਵ ਫਿਲਮ', 'ਗੈਵੀ ਚਾਹਲ ਫਿਲਮਜ਼' ਅਤੇ 'ਆਈਪੀਐਸ ਪ੍ਰੋਡੋਕਸ਼ਨ' ਦੇ ਸੁਯੰਕਤ ਨਿਰਮਾਣ ਅਧੀਨ ਬਣਾਈ ਗਈ ਉਕਤ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਇੰਦਰਪਾਲ ਸਿੰਘ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਬਤੌਰ ਲੇਖਕ ਕਈ ਬਹੁ-ਚਰਚਿਤ, ਬਿੱਗ ਸੈਟਅੱਪ ਅਤੇ ਕਾਮਯਾਬ ਫਿਲਮਾਂ ਦਾ ਲੇਖਨ ਕਰ ਚੁੱਕੇ ਹਨ, ਜਿੰਨਾਂ ਵਿੱਚ 'ਰੁਪਿੰਦਰ ਗਾਂਧੀ 2', 'ਡਾਕੂਆ ਦਾ ਮੁੰਡਾ', 'ਜਿੰਦੜੀ', 'ਬਲੈਕੀਆ', 'ਡੀਐਸਪੀ ਦੇਵ', 'ਸ਼ਰੀਕ 2', 'ਸਿੱਧੂ ਵਰਸਿਸ ਸਾਊਥਹਾਲ' ਸ਼ੁਮਾਰ ਰਹੀਆਂ ਹਨ।
ਇੰਨਾ ਤੋਂ ਇਲਾਵਾ ਨਿਰਦੇਸ਼ਕ ਦੇ ਤੌਰ 'ਤੇ ਉਨਾਂ ਵੱਲੋ ਕੀਤੀ ਗਈ 'ਜਖ਼ਮੀ' ਨੇ ਵੀ ਪਾਲੀਵੁੱਡ ਵਿੱਚ ਉਨਾਂ ਦੀ ਪਹਿਚਾਣ ਨੂੰ ਹੋਰ ਪੁਖਤਗੀ ਦੇਣ ਅਤੇ ਉਨਾਂ ਦੇ ਕਰੀਅਰ ਨੂੰ ਹੋਰ ਉੱਚਾਈਆਂ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਜਿਸ ਨੂੰ ਚਾਰੇ-ਪਾਸੇ ਮਿਲੀ ਸਲਾਹੁਤਾ ਉਪਰੰਤ ਇਹ ਬਾ-ਕਮਾਲ ਲੇਖਕ ਅਤੇ ਨਿਰਦੇਸ਼ਕ ਅਪਣੀ ਨਿਰਦੇਸ਼ਕ ਵਜੋਂ ਰਿਲੀਜ਼ ਹੋਣ ਜਾ ਰਹੀ ਉਕਤ ਫਿਲਮ ਨਾਲ ਹੋਰ ਨਵੇਂ ਦਿਸਹਿਦੇ ਸਿਰਜਣ ਵੱਲ ਵੱਧ ਚੁੱਕਾ ਹੈ।
ਪੰਜਾਬ ਦੇ ਮਾਲਵਾ ਖਿੱਤੇ ਅਧੀਨ ਪੈਂਦੇ ਪਿੰਡ ਭੂੰਦੜ ਅਤੇ ਬਠਿੰਡਾ ਲਾਗਲੇ ਵੱਖ-ਵੱਖ ਇਲਾਕਿਆਂ ਵਿੱਚ ਫਿਲਮਾਈ ਗਈ ਉਕਤ ਫਿਲਮ ਦੇ ਨਿਰਮਾਤਾ ਰਿਤੂ ਸਿੰਘ ਚੀਮਾ, ਕਰਨਪਾਲ ਸਿੰਘ, ਸਿਨੇਮਾਟੋਗ੍ਰਾਫ਼ਰ ਬਰਿੰਦਰ ਸਿੱਧੂ, ਕਾਰਜਕਾਰੀ ਨਿਰਮਾਤਾ ਸੁਖਦੀਪਕ ਸਿੰਘ, ਐਸੋਸੀਏਟ ਨਿਰਦੇਸ਼ਕ ਵੀਕੇ ਸਿੰਘ, ਕਲਾ ਨਿਰਦੇਸ਼ਕ ਅਮਰਜੋਤ ਮਾਨ, ਸੁਪਰਵਾਈਜਿੰਗ ਨਿਰਮਾਤਾ ਬੰਟੀ ਭੱਟੀ, ਲਾਈਨ ਨਿਰਮਾਤਾ ਜੋਲੀ ਦਾਂਦੀਵਾਲ, ਸੰਗੀਤਕਾਰ ਨਿਕ ਧਾਮੂ, ਮਨੀ ਔਜਲਾ, ਈਐਮ ਸਿੰਘ, ਗੀਤਕਾਰ ਵੀਤ ਬਲਜੀਤ, ਵਿੰਦਰ ਨੱਥੂ ਮਾਜਰਾ ਅਤੇ ਕਾਸਟਿਊਮ ਡਿਜ਼ਾਈਨਰ ਨਵਦੀਪ ਅਗਰੋਈਆ ਹਨ।
'ਵਾਈਟ ਹਿੱਲ ਡਿਸਟੀਬਿਊਸ਼ਨ' ਵੱਲੋਂ ਆਉਣ ਵਾਲੇ ਮਾਰਚ ਮਹੀਨੇ ਦੁਨੀਆ ਭਰ ਵਿੱਚ ਰਿਲੀਜ਼ ਕੀਤੀ ਜਾ ਰਹੀ ਇਸ ਫਿਲਮ ਦੀ ਕਹਾਣੀ ਪੁਰਾਤਨ ਪੰਜਾਬ ਦੇ ਬੈਕਡਰਾਪ ਦੁਆਲੇ ਬੁਣੀ ਗਈ ਹੈ, ਜਿਸ ਵਿੱਚ ਅਸਲ ਪੰਜਾਬੀ ਰੰਗਾਂ ਦੇ ਨਾਲ-ਨਾਲ ਪਰਿਵਾਰਿਕ ਰਿਸ਼ਤਿਆਂ ਨੂੰ ਵੀ ਭਾਵਪੂਰਨ ਪ੍ਰਤੀਬਿੰਬ ਕੀਤਾ ਜਾ ਰਿਹਾ ਹੈ, ਜਿਸ ਦੁਆਰਾ ਅਤੀਤ ਦੀਆਂ ਗਹਿਰਾਈਆਂ ਵਿੱਚ ਗੁੰਮ ਹੁੰਦੇ ਜਾ ਰਹੇ ਰੀਤੀ-ਰਿਵਾਜਾਂ ਅਤੇ ਤਿਉਹਾਰਾਂ ਦੀ ਗਰਿਮਾ ਨੂੰ ਵੀ ਮੁੜ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।