ਚੰਡੀਗੜ੍ਹ: ਹਾਲ ਹੀ ਵਿੱਚ ਰਿਲੀਜ਼ ਹੋਈਆਂ 'ਪਠਾਨ' ਅਤੇ 'ਜਵਾਨ' ਦੀ ਸੁਪਰ ਡੁਪਰ ਸਫਲਤਾ ਉਪਰੰਤ ਸ਼ਾਹਰੁਖ ਖਾਨ ਦੇ ਚਾਹੁੰਣ ਵਾਲਿਆਂ ਵੱਲੋਂ ਉਨਾਂ ਦੀ ਆਗਾਮੀ ਫਿਲਮ 'ਡੰਕੀ' ਦੀ ਬੇਸਬਰੀ ਨਾਲ ਉਡੀਕ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦੇ ਜਾਰੀ ਹੋ ਰਹੇ ਲੁੱਕ ਨੇ ਇਸ ਬਹੁ-ਚਰਚਿਤ ਫਿਲਮ ਪ੍ਰਤੀ ਦਰਸ਼ਕਾਂ ਦੀ ਉਤਸੁਕਤਾ ਹੋਰ ਵਧਾ ਦਿੱਤੀ ਹੈ।
'ਰੈਡ ਚਿਲੀਜ਼ ਇੰਟਰਟੇਨਮੈਂਟ' ਦੇ ਬੈਨਰ ਹੇਠ ਬਣਾਈ ਗਈ ਇਸ ਫਿਲਮ ਦਾ ਨਿਰਦੇਸ਼ਨ ਬਾਲੀਵੁੱਡ ਦੇ ਕਾਮਯਾਬ ਅਤੇ ਬੇਹਤਰੀਨ ਨਿਰਦੇਸ਼ਕ ਰਾਜ ਕੁਮਾਰ ਹਿਰਾਨੀ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ 'ਮੁੰਨਾ ਭਾਈ ਐਮ.ਬੀ.ਬੀ.ਐਸ', 'ਲਗੇ ਰਹੋ ਮੁੰਨਾ ਭਾਈ', '3 ਇੰਡੀਅਟਸ', 'ਪੀਕੇ', 'ਸੰਜੂ' ਆਦਿ ਜਿਹੀਆਂ ਕਈ ਸਫ਼ਲਤ ਫਿਲਮਾਂ ਨੂੰ ਨਿਰਦੇਸ਼ਿਤ ਕਰ ਚੁੱਕੇ ਹਨ।
'ਯਸਰਾਜ਼ ਫਿਲਮਜ਼' ਵੱਲੋਂ ਵਰਲਡ-ਵਾਈਡ ਰਿਲੀਜ਼ ਕੀਤੀ ਜਾਣ ਵਾਲੀ ਉਕਤ ਫਿਲਮ ਦੇ ਨਿਰਮਾਤਾ ਗੌਰੀ ਖਾਨ, ਰਾਜ ਕੁਮਾਰ ਹਿਰਾਨੀ ਅਤੇ ਜਯੋਤੀ ਦੇਸ਼ਪਾਂਡੇ ਹਨ, ਜਦਕਿ ਇਸ ਦਾ ਲੇਖਨ ਰਾਜ ਕੁਮਾਰੀ ਹਿਰਾਨੀ, ਅਭੀਜੀਤ ਜੋਸ਼ੀ ਅਤੇ ਕਾਨਿਕਾ ਢਿੱਲੋਂ ਦੁਆਰਾ ਕੀਤਾ ਗਿਆ ਹੈ।
ਗੈਰਕਾਨੂੰਨੀ ਢੰਗ ਨਾਲ ਵਿਦੇਸ਼ ਪਰਵਾਸ ਕਰਨ ਵਾਲਿਆਂ ਲੋਕਾਂ ਅਤੇ ਨੌਜਵਾਨਾਂ ਨਾਲ ਹੋਣ ਵਾਲੀਆਂ ਤ੍ਰਾਸਦੀਆਂ ਅਤੇ ਭਾਵਨਾਤਮਕਤਾ ਭਰੇ ਕਈ ਮੰਜ਼ਰ ਬਿਆਨ ਕਰਦੀ ਇਸ ਫਿਲਮ ਵਿੱਚ ਲੀਡ ਭੂਮਿਕਾ ਸ਼ਾਹਰੁਖ ਖਾਨ ਅਦਾ ਕਰ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਵਿੱਕੀ ਕੌਸ਼ਲ, ਤਾਪਸੀ ਪੰਨੂ ਅਤੇ ਬੋਮਨ ਇਰਾਨੀ ਆਦਿ ਵੀ ਪ੍ਰਮੁੱਖ ਭੂਮਿਕਾਵਾਂ ਵਿਚ ਵਿਖਾਈ ਦੇਣਗੇ।
ਫਿਲਮ ਦੀ ਨਿਰਮਾਣ ਟੀਮ ਅਨੁਸਾਰ ਆਉਣ ਵਾਲੇ ਕ੍ਰਿਸਮਸ ਤਿਉਹਾਰ ਮੌਕੇ ਵੱਡੇ ਪੱਧਰ 'ਤੇ ਰਿਲੀਜ਼ ਕੀਤੀ ਜਾ ਰਹੀ ਅਤੇ ਬਿੱਗ ਸੈਟਅੱਪ ਅਧੀਨ ਫਿਲਮਾਈ ਗਈ ਇਸ ਫਿਲਮ ਦਾ ਸੰਗੀਤ ਵੀ ਇਸ ਦਾ ਖਾਸ ਆਕਰਸ਼ਨ ਹੋਵੇਗਾ, ਜਿਸ ਨੂੰ ਪ੍ਰੀਤਮ ਵੱਲੋਂ ਸੰਗੀਤਬੱਧ ਕੀਤਾ ਗਿਆ ਹੈ, ਜਿਸ ਤੋਂ ਇਲਾਵਾ ਫਿਲਮ ਦੀ ਬੇਹਤਰੀਨ ਸਿਨੇਮਾਟੋਗ੍ਰਾਫਰੀ ਵੀ ਇਸ ਨੂੰ ਚਾਰ ਚੰਨ ਲਾਉਣ ਵਿਚ ਅਹਿਮ ਭੂਮਿਕਾ ਨਿਭਾਵੇਗੀ, ਜਿਸ ਦੇ ਕੈਮਰਾਮੈਨ ਹਨ ਸੀ.ਕੇ ਮੁਰਲੀਧਰਨ, ਜੋ ਬਾਲੀਵੁੱਡ ਅਤੇ ਸਾਊਥ ਫਿਲਮ ਇੰਡਸਟਰੀ ਦੀਆਂ ਕਈ ਸਫ਼ਲ ਫਿਲਮਾਂ ਨਾਲ ਜੁੜੇ ਰਹੇ ਹਨ।
'ਰੈਡ ਚਿਲੀਜ਼' ਟੀਮ ਨੇ ਅੱਗੇ ਦੱਸਿਆ ਕਿ ਵਿਦੇਸ਼ ਦੇ ਗੈਰ-ਕਾਨੂੰਨੀ ਪ੍ਰਵਾਸ ਲਈ ਹਰ ਹੀਲਾ ਅਪਨਾਉਣ ਵਾਲੇ ਅਤੇ ਆਪਣੀਆਂ ਜਾਨਾਂ ਜੋਖਿਮ ਵਿਚ ਪਾਉਣ ਵਾਲੇ ਨੌਜਵਾਨਾਂ ਦੀ ਗਾਥਾ ਦਰਸਾਉਂਦੀ ਇਸ ਫਿਲਮ ਵਿੱਚ ਸ਼ਾਹਰੁਖ ਖਾਨ ਅਜਿਹੇ ਪ੍ਰਭਾਵੀ ਕਿਰਦਾਰ ਵਿਚ ਨਜ਼ਰ ਆਉਣਗੇ, ਜੋ ਇਸ ਤੋਂ ਪਹਿਲਾਂ ਨਿਭਾਈਆਂ ਭੂਮਿਕਾਵਾਂ ਨਾਲੋਂ ਬਿਲਕੁਲ ਵੱਖਰਾ ਹੋਵੇਗਾ। ਉਨ੍ਹਾਂ ਦੱਸਿਆ ਕਿ ਸੱਚੀਆਂ ਪਰ-ਸਥਿਤੀਆਂ ਦੁਆਲੇ ਬੁਣੀ ਗਈ ਇਸ ਫਿਲਮ ਨੂੰ ਅਸਲ ਕਹਾਣੀ ਸਾਂਚੇ ਵਿੱਚ ਢਾਲਣ ਲਈ ਇਸ ਦੀ ਸ਼ੂਟਿੰਗ ਬਹੁਤ ਹੀ ਖਤਰਨਾਕ ਵੱਖ-ਵੱਖ ਵਿਦੇਸ਼ੀ ਲੋਕੇਸ਼ਨਜ਼ 'ਤੇ ਕੀਤੀ ਗਈ ਹੈ।