ਫਰੀਦਕੋਟ:ਪੰਜਾਬੀ ਸਿਨੇਮਾਂ ਦੀਆਂ ਬਹੁ-ਚਰਚਿਤ ਫਿਲਮਾਂ ਵਿੱਚ ਅਪਣਾ ਸ਼ੁਮਾਰ ਕਰਵਾਉਂਦੀ ਕਾਮੇਡੀ ਡਰਾਮਾ ਫ਼ਿਲਮ 'ਵੇਖੀ ਜਾ ਛੇੜੀ ਨਾ' ਦਾ ਮੋਸ਼ਨ ਪੋਸਟਰ ਅੱਜ ਜਾਰੀ ਕਰ ਦਿੱਤਾ ਗਿਆ ਹੈ। ਇਹ ਫਿਲਮ ਜਲਦ ਹੀ ਸਿਨੇਮਾਂ ਘਰਾਂ 'ਚ ਰਿਲੀਜ਼ ਹੋਵੇਗੀ। 'ਵਿਨਰਜ ਫਿਲਮਜ਼' ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦਾ ਲੇਖਣ ਅਤੇ ਨਿਰਦੇਸ਼ਨ ਪਾਲੀਵੁੱਡ ਦੇ ਉਭਰਦੇ ਅਤੇ ਛੋਟੀ ਉਮਰ 'ਚ ਵੱਡੀਆਂ ਪ੍ਰਾਪਤੀਆਂ ਵੱਲ ਵੱਧ ਰਹੇ ਨਿਰਦੇਸ਼ਕ ਮਨਜੀਤ ਸਿੰਘ ਟੋਨੀ ਅਤੇ ਗੁਰਮੀਤ ਸਾਜਨ ਨੇ ਕੀਤਾ ਹੈ, ਜੋ ਇਸ ਤੋਂ ਪਹਿਲਾਂ ਵੀ ਅਰਥ-ਭਰਪੂਰ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
ਫ਼ਿਲਮ 'ਵੇਖੀ ਜਾ ਛੇੜੀ ਨਾ' ਦੀ ਸਟਾਰਕਾਸਟ: ਫ਼ਿਲਮ 'ਵੇਖੀ ਜਾ ਛੇੜੀ ਨਾ' ਦੀ ਸਟਾਰ ਕਾਸਟ ਵਿੱਚ ਕਰਮਜੀਤ ਅਨਮੋਲ, ਸੀਮਰ ਖਹਿਰਾ, ਲਵ ਗਿੱਲ, ਗੁਰਮੀਤ ਸਾਜਨ, ਮਹਾਬੀਰ ਭੁੱਲਰ, ਰੂਪੀ ਰੁਪਿੰਦਰ, ਦਲਬੀਰ ਸਿੰਘ, ਮਿੰਨੀ ਮੇਹਰ ਮਿੱਤਲ ਅਤੇ ਜਤਿੰਦਰ ਕੌਰ ਆਦਿ ਸ਼ਾਮਿਲ ਹਨ।
ਇਸ ਫ਼ਿਲਮ ਦੇ ਅਹਿਮ ਪਹਿਲੂਆਂ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਫ਼ਿਲਮ ਦੇ ਨਿਰਦੇਸ਼ਕ ਮਨਜੀਤ ਟੋਨੀ ਨੇ ਦੱਸਿਆ ਕਿ ਇਹ ਫ਼ਿਲਮ ਚਾਹੇ ਮੇਨ ਸਟਰੀਮ ਸਿਨੇਮਾਂ 'ਤੇ ਆਧਾਰਿਤ ਹੈ, ਪਰ ਇਸ ਨੂੰ ਬਿਹਤਰ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ। ਇਸ ਲਈ ਉਨਾਂ ਨੂੰ ਉਮੀਦ ਹੈ ਕਿ ਇਹ ਫਿਲਮ ਲੋਕਾਂ ਨੂੰ ਪਸੰਦ ਆਵੇਗੀ। ਉਨਾਂ ਨੇ ਦੱਸਿਆ ਕਿ ਦੇਸ਼- ਵਿਦੇਸ਼ ਵਿੱਚ ਵੱਡੇ ਪੱਧਰ 'ਤੇ ਜਾਰੀ ਕੀਤੀ ਜਾ ਰਹੀ ਇਸ ਫ਼ਿਲਮ ਦਾ ਨਿਰਮਾਣ ਗੁਰਮੀਤ ਸਾਜਨ ਵੱਲੋਂ ਕੀਤਾ ਗਿਆ ਹੈ, ਜਦਕਿ ਸਹਿ ਨਿਰਮਾਤਾ ਬਾਗੀ ਸੰਧੂ ਹਨ। ਇਸ ਤੋਂ ਇਲਾਵਾ ਕਾਰਜਕਾਰੀ ਨਿਰਮਾਤਾ ਰਜਤ ਮਲਹੋਤਰਾ, ਐਸੋਸੀਏਟ ਨਿਰਦੇਸ਼ਕ ਬਿਕਰਮਜੀਤ ਗਿੱਲ, ਫੋਟੋਜਨਿਕ ਗੁਰਮੀਤ ਅਤੇ ਸਜਾਲ ਹਨ, ਜਿੰਨਾਂ ਵੱਲੋਂ ਇਸ ਫ਼ਿਲਮ ਨੂੰ ਪ੍ਰਭਾਵੀ ਮੁਹਾਂਦਰਾ ਦੇਣ ਵਿੱਚ ਅਹਿਮ ਭੁਮਿਕਾ ਨਿਭਾਈ ਗਈ ਹੈ।
ਨਿਰਦੇਸ਼ਕ ਮਨਜੀਤ ਸਿੰਘ ਟੋਨੀ ਦਾ ਕਰੀਅਰ: ਮੂਲ ਰੂਪ ਵਿੱਚ ਫਰੀਦਕੋਟ ਨਾਲ ਸਬੰਧ ਰੱਖਦੇ ਨੌਜਵਾਨ ਅਤੇ ਪ੍ਰਤਿਭਾਸ਼ਾਲੀ ਨਿਰਦੇਸ਼ਕ ਮਨਜੀਤ ਸਿੰਘ ਟੋਨੀ ਦੇ ਕਰੀਅਰ ਬਾਰੇ ਗੱਲ ਕੀਤੀ ਜਾਵੇ, ਤਾਂ ਉਨ੍ਹਾਂ ਦੁਆਰਾ ਹੁਣ ਤੱਕ ਨਿਰਦੇਸ਼ਿਤ ਕੀਤੀਆਂ ਫਿਲਮਾਂ 'ਕੁੜਮਾਈਆਂ', 'ਵਿੱਚ ਬੋਲੂਗਾ ਤੇਰੇ', 'ਤੂੰ ਮੇਰਾ ਕੀ ਲੱਗਦਾ' ਆਦਿ ਸ਼ੁਮਾਰ ਰਹੀਆਂ ਹਨ। ਇਸ ਤੋਂ ਇਲਾਵਾ ਆਉਣ ਵਾਲੀਆਂ ਫਿਲਮਾਂ ਵਿੱਚ ਰੋਸ਼ਨ ਪ੍ਰਿੰਸ ਸਟਾਰਰ 'ਬੂ ਮੈਂ ਡਰ ਗਈ' ਵੀ ਸ਼ਾਮਿਲ ਹੈ।