ਮੁੰਬਈ (ਬਿਊਰੋ): ਦਿ ਕਪਿਲ ਸ਼ਰਮਾ ਸ਼ੋਅ 'ਚ ਜੂਨੀਅਰ ਨਾਨਾ ਪਾਟੇਕਰ ਦੀ ਕਾਮੇਡੀਅਨ ਭੂਮਿਕਾ ਨਿਭਾਉਣ ਵਾਲੇ ਕਾਮੇਡੀਅਨ ਤੀਰਥਾਨੰਦ ਰਾਓ ਨੂੰ ਲੈ ਕੇ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਕਲਾਕਾਰ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਫਿਨਾਇਲ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਤੀਰਥਾਨੰਦ ਨੂੰ ਬਚਾ ਲਿਆ ਅਤੇ ਉਸ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਤੀਰਥਾਨੰਦ ਹੁਣ ਖਤਰੇ ਤੋਂ ਬਾਹਰ ਹਨ ਅਤੇ ਹੁਣ ਅਦਾਕਾਰ ਨੇ ਆਪਣੀ ਖੁਦਕੁਸ਼ੀ ਦਾ ਕਾਰਨ ਦੱਸਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਤੀਰਥਾਨੰਦ ਨੇ ਦੱਸਿਆ ਹੈ ਕਿ ਇਕ ਔਰਤ ਦੇ ਤਸ਼ੱਦਦ ਤੋਂ ਤੰਗ ਆ ਕੇ ਉਸ ਨੂੰ ਅਜਿਹਾ ਕਦਮ ਚੁੱਕਣ ਲਈ ਮਜ਼ਬੂਰ ਹੋਣਾ ਪਿਆ ਹੈ। ਤੀਰਥਾਨੰਦ ਨੇ ਦੱਸਿਆ ਕਿ ਜੇਕਰ ਪੁਲਿਸ ਮੌਕੇ 'ਤੇ ਨਾ ਪਹੁੰਚਦੀ ਤਾਂ ਅੱਜ ਮੈਂ ਜ਼ਿੰਦਾ ਨਾ ਹੁੰਦਾ। ਮੀਡੀਆ ਰਿਪੋਰਟਾਂ ਦੇ ਅਨੁਸਾਰ ਜਦੋਂ ਪੁਲਿਸ ਨੇ ਤੀਰਥਾਨੰਦ ਦੀ ਪ੍ਰੇਮਿਕਾ ਔਰਤ ਨੂੰ ਫੋਨ ਕੀਤਾ ਤਾਂ ਉਸਨੇ ਕਿਹਾ ਕਿ ਉਸਨੂੰ ਮਰਨ ਦਿਓ, ਮੈਂ ਉਸਨੂੰ ਛੱਡਣ ਹੀ ਵਾਲੀ ਸੀ ਅਤੇ ਫਿਰ ਕਾਲ ਕੱਟ ਦਿੱਤੀ।
ਤੀਰਥਾਨੰਦ ਅਨੁਸਾਰ ਉਹ ਇੱਕ ਔਰਤ ਤੋਂ ਪ੍ਰੇਸ਼ਾਨ ਹੈ। ਤੀਰਥਾਨੰਦ ਨੇ ਦੱਸਿਆ ਕਿ ਇਸ ਔਰਤ ਕਾਰਨ ਉਸ ਦਾ ਜੀਵਨ ਮੁਸ਼ਕਲ ਹੋ ਗਿਆ ਹੈ ਅਤੇ ਉਹ ਸ਼ਾਂਤੀ ਨਾਲ ਨਹੀਂ ਰਹਿ ਪਾ ਰਿਹਾ ਸੀ। ਉਸ ਨੇ ਕਿਹਾ ਕਿ ਉਹ ਉਸ ਨੂੰ ਝੂਠੇ ਕੇਸ ਵਿੱਚ ਫਸਾ ਕੇ ਪੈਸੇ ਬਟੋਰ ਰਹੀ ਹੈ।
ਹਸਪਤਾਲ 'ਚ ਬੈੱਡ 'ਤੇ ਪਏ ਤੀਰਥਾਨੰਦ ਨੇ ਹਾਦਸੇ ਤੋਂ ਬਾਅਦ ਕਿਹਾ ਹੈ ਕਿ ਉਹ ਆਪਣੀ ਇਸ ਹਰਕਤ 'ਤੇ ਸ਼ਰਮ ਮਹਿਸੂਸ ਕਰ ਰਿਹਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਅਜਿਹਾ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਤੀਰਥਾਨੰਦ ਚਾਹੁੰਦਾ ਹੈ ਕਿ ਉਹ ਔਰਤ ਉਸ ਦੇ ਖਿਲਾਫ ਦਰਜ ਕੇਸ ਵਾਪਸ ਲੈ ਕੇ ਉਸ ਨੂੰ ਰਿਹਾਅ ਕਰੇ, ਕਿਉਂਕਿ ਇਸ ਔਰਤ ਕਾਰਨ ਉਹ ਆਪਣੇ ਕੰਮ 'ਤੇ ਧਿਆਨ ਨਹੀਂ ਦੇ ਪਾ ਰਿਹਾ ਹੈ ਅਤੇ ਉਸ ਕੋਲ ਇਕ ਪੈਸਾ ਵੀ ਨਹੀਂ ਬਚਿਆ ਹੈ।
ਜ਼ਿਕਰਯੋਗ ਹੈ ਕਿ ਜੂਨੀਅਰ ਨਾਨਾ ਪਾਟੇਕਰ ਦੇ ਨਾਂ ਨਾਲ ਮਸ਼ਹੂਰ ਤੀਰਥਾਨੰਦ ਰਾਓ ਨੇ ਆਪਣੇ ਫਲੈਟ 'ਚ ਫੇਸਬੁੱਕ 'ਤੇ ਲਾਈਵ ਹੋ ਕੇ ਫਿਨਾਇਲ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਆਸ-ਪਾਸ ਦੇ ਲੋਕਾਂ ਨੇ ਸਮੇਂ 'ਤੇ ਪੁਲਿਸ ਨੂੰ ਬੁਲਾ ਕੇ ਉਸ ਦੀ ਜਾਨ ਬਚਾਈ। ਜਦੋਂ ਪੁਲਿਸ ਮੀਰਾ ਰੋਡ 'ਤੇ ਤੀਰਥਾਨੰਦ ਦੇ ਫਲੈਟ 'ਤੇ ਪਹੁੰਚੀ ਤਾਂ ਉਹ ਬੇਹੋਸ਼ ਪਿਆ ਸੀ।