ਪੰਜਾਬ

punjab

ETV Bharat / entertainment

Balle O Chalak Sajjna: ਪੰਜਾਬੀ ਫਿਲਮ ‘ਬੱਲੇ ਓ ਚਲਾਕ ਸੱਜਣਾ‘ ਦਾ ਪਹਿਲਾਂ ਲੁੱਕ ਹੋਇਆ ਰਿਲੀਜ਼, ਰੋਇਲ ਸਿੰਘ ਵੱਲੋਂ ਕੀਤਾ ਗਿਆ ਹੈ ਨਿਰਦੇਸ਼ਨ

ਆਉਣ ਵਾਲੀ ਪੰਜਾਬੀ ਫਿਲਮ ‘ਬੱਲੇ ਓ ਚਲਾਕ ਸੱਜਣਾ‘ ਦਾ ਪਹਿਲਾਂ ਲੁੱਕ ਰਿਲੀਜ਼ ਹੋ ਗਿਆ ਹੈ, ਇਸ ਫਿਲਮ ਦਾ ਨਿਰਦੇਸ਼ਨ ਰੋਇਲ ਸਿੰਘ ਵੱਲੋਂ ਕੀਤਾ ਗਿਆ ਹੈ।

Balle O Chalak Sajjna
Balle O Chalak Sajjna

By

Published : Jul 8, 2023, 1:09 PM IST

ਚੰਡੀਗੜ੍ਹ: ਪੰਜਾਬੀ ਫਿਲਮ ਨਿਰਦੇਸ਼ਕ ਰੋਇਲ ਸਿੰਘ ਵੱਲੋਂ ਨਿਰਦੇਸ਼ਿਤ ਕੀਤੀ ਗਈ ਅਤੇ ਪਰਿਵਾਰਿਕ-ਡਰਾਮਾ ਕਹਾਣੀ ਦੁਆਲੇ ਬੁਣੀ ਗਈ ਆਉਣ ਵਾਲੀ ਪੰਜਾਬੀ ਫਿਲਮ ‘ਬੱਲੇ ਓ ਚਲਾਕ ਸੱਜਣਾ’, ਜਿਸ ਦਾ ਨਿਰਮਾਣ ‘ਮੇਨਲੈਂਡ ਫ਼ਿਲਮਜ਼’ ਅਤੇ ਮੇਨਸਾਈਟ ਪਿਕਚਰਜ਼ ਦੇ ਬੈਨਰਜ਼ ਅਧੀਨ ਨਿਰਮਾਤਾ ਪਰਮ ਸਿੱਧੂ ਕੈਨੇਡਾ, ਸੁੱਖੀ ਢਿੱਲੋਂ, ਗੁਰੀ ਪੰਧੇਰ ਵੱਲੋਂ ਸੁਯੰਕਤ ਰੂਪ ’ਚ ਕੀਤਾ ਗਿਆ ਹੈ।

ਪੰਜਾਬ ਦੇ ਅਸਲ ਪੁਰਾਤਨ ਰੰਗਾਂ ਦੀ ਤਸਵੀਰ ਪੇਸ਼ ਕਰਦੀ ਇਸ ਫਿਲਮ ਦੇ ਕਾਰਜਕਾਰੀ ਨਿਰਮਾਤਾ ਵਿਸ਼ਾਲ ਕੌਸ਼ਿਕ ਅਤੇ ਲੇਖਕ ਹਨ, ਗੁਰਪ੍ਰੀਤ ਤੋਤੀ ਜੋ ਹਿੰਦੀ, ਪੰਜਾਬੀ ਸਿਨੇਮਾ ਵਿਚ ਬਤੌਰ ਅਦਾਕਾਰ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਹਨ। ਉਨ੍ਹਾਂ ਦੁਆਰਾ ਲੇਖਕ ਵਜੋਂ ਸ਼ੁਰੂ ਕੀਤੇ ਜਾ ਰਹੇ ਇਸ ਬੇਹਤਰੀਨ ਫਿਲਮ ਉੱਦਮ ਸੰਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਫਿਲਮ ਦੀ ਕਹਾਣੀ ਪੇਂਡੂ ਜਨ ਜੀਵਨ ਨਾਲ ਸੰਬੰਧਤ ਦੋ ਸਗੇ ਭਰਾਵਾਂ ਦੇ ਇਰਦ-ਗਿਰਦ ਅਤੇ ਇੰਨ੍ਹਾਂ ਦੇ ਪਰਿਵਾਰ ਦੁਆਲੇ ਘੁੰਮਦੀ ਹੈ, ਜਿੰਨ੍ਹਾਂ ਦੇ ਵਿਆਹਾਂ ਉਪਰੰਤ ਰਿਸ਼ਤਿਆਂ ਵਿਚ ਕਿਸ ਤਰ੍ਹਾਂ ਤਬਦੀਲੀਆਂ ਅਤੇ ਆਪਸੀ ਦੂਰੀਆਂ ਪੈਦਾ ਹੁੰਦੀਆਂ ਹਨ।

ਇਸੇ ਨੂੰ ਇਮੋਸ਼ਨਲ ਫ਼ਿਲਮਾਂਕਣ ਦੁਆਰਾ ਦਰਸ਼ਕਾਂ ਸਾਹਮਣੇ ਰੱਖਿਆ ਜਾ ਰਿਹਾ ਹੈ ਅਤੇ ਉਮੀਦ ਹੈ ਕਿ ਇਹ ਫਿਲਮ ਜਿੱਥੇ ਆਪਣੇ ਵਿਰਸੇ ਤੋਂ ਦੂਰ ਹੁੰਦੀ ਜਾ ਰਹੀ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸ੍ਰੋਤ ਬਣੇਗੀ ਅਤੇ ਉਨ੍ਹਾਂ ਨੂੰ ਮੁੜ ਆਪਣੀਆਂ ਅਸਲ ਜੜ੍ਹਾਂ ਨਾਲ ਜੋੜੇਗੀ, ਉਥੇ ਟੁੱਟ ਰਹੇ ਆਪਸੀ ਰਿਸ਼ਤਿਆਂ ਦਾ ਨਿੱਘ ਵੀ ਮੁੜ ਸੁਰਜੀਤ ਕਰੇਗੀ।

ਉਨ੍ਹਾਂ ਦੱਸਿਆ ਕਿ ਫਿਲਮ ਦੀ ਕਹਾਣੀ, ਨਿਰਦੇਸ਼ਨ ਤੋਂ ਇਲਾਵਾ ਹੋਰਨਾਂ ਪੱਖਾਂ ਨੂੰ ਉਮਦਾ ਰੂਪ ਦੇਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਫਿਲਮ ਦਾ ਮਿਊਜ਼ਿਕ ਡੈਵੀ ਸਿੰਘ ਦੁਆਰਾ ਤਿਆਰ ਕੀਤਾ ਜਾ ਰਿਹਾ ਹੈ, ਜਦਕਿ ਗੀਤਾਂ ਦੀ ਰਚਨਾ ਕੁਲਦੀਪ ਕੰਡਿਆਰਾ, ਕੁਲਵੀਰ ਕੋਟਭਾਈ ਕਰ ਰਹੇ ਹਨ, ਜਿੰਨ੍ਹਾਂ ਦੀ ਰਚਨਾਵਾਂ ਨੂੰ ਪਿੱਠਵਰਤੀ ਗਾਇਕ ਵਜੋਂ ਆਵਾਜ਼ ਨਛੱਤਰ ਗਿੱਲ, ਰਜ਼ਾ ਹੀਰ, ਅਨਹਦ ਗੋਪੀ ਵੱਲੋਂ ਦਿੱਤੀਆਂ ਗਈਆਂ ਹਨ।

ਪੰਜਾਬ ਦੇ ਮਾਲਵਾ ਅਧੀਨ ਆਉਂਦੇ ਜ਼ਿਲ੍ਹੇ ਫ਼ਰੀਦਕੋਟ ’ਚ ਲੱਗਦੇ ਸਿਵੀਆਂ, ਮੱਲਕ੍ਹੇ ਅਤੇ ਆਸਪਾਸ ਦੇ ਇਲਾਕਿਆਂ ਵਿਚ ਫਿਲਮਾਈ ਗਈ ਇਸ ਫਿਲਮ ਨੂੰ ਪ੍ਰਭਾਵੀ ਰੂਪ ਦੇਣ ਵਿਚ ਐਕਟਰਜ਼ ਰਾਜ ਝਿੰਜਰ, ਵਿਕਰਮ ਚੌਹਾਨ, ਅਮਨ ਸੁਧਾਰ, ਨਿਰਮਲ ਰਿਸ਼ੀ, ਮੋਲੀਨਾ ਸੋਢੀ, ਹਰਸ਼ਜੋਤ ਕੌਰ ਤੂਰ, ਰਾਜ ਧਾਲੀਵਾਲ, ਮਹਾਵੀਰ ਭੁੱਲਰ, ਪ੍ਰਕਾਸ਼ ਗਾਧੂ, ਗੁਰਪ੍ਰੀਤ ਤੋਤੀ, ਪਰਮਿੰਦਰ ਕੌਰ ਬਰਨਾਲਾ, ਰੁਪਿੰਦਰ ਕੌਰ ਰੂਪੀ, ਦਿਲਰਾਜ ਉਦੈ, ਸੁਖਵਿੰਦਰ ਰਾਜ, ਜਸਵਿੰਦਰ ਮੁਕਡੋਨਾ, ਜੋਹਨ ਮਸ਼ੀਹ, ਰਣਦੀਪ ਭੰਗੂ ਆਦਿ ਤੋਂ ਇਲਾਵਾ ਫਿਲਮ ਟੀਮ ਦੇ ਮਹੱਤਵਪੂਰਨ ਮੈਂਬਰ ਕੈਮਰਾਮੈਨ ਲੱਕੀ ਯਾਦਵ, ਐਸੋਸੀਏਟ ਨਿਰਦੇਸ਼ਕ ਜਤਿੰਦਰ ਜੇਟੀ, ਆਰਟ ਨਿਰਦੇਸ਼ਕ ਅਮਰਜੋਤ ਸਿੰਘ ਮਾਨ ਲੱਕੀ ਦੁਆਰਾ ਵੀ ਅਹਿਮ ਯੋਗਦਾਨ ਦਿੱਤਾ ਗਿਆ ਹੈ।

ਦੇਸ਼, ਵਿਦੇਸ਼ ਵਿਚ ਜਲਦ ਰਿਲੀਜ਼ ਕੀਤੀ ਜਾ ਰਹੀ ਇਸ ਫਿਲਮ ਦਾ ਖਾਸ ਆਕਰਸ਼ਨ ਨਵਾਂ ਚਿਹਰਾ ਹਰਮਨ ਵਿਰਕ ਕੈਨੇਡਾ ਵੀ ਹੋਵੇਗਾ, ਜੋ ਫਿਲਮ ਦੁਆਰਾ ਸ਼ਾਨਦਾਰ ਡੈਬਿਊ ਕਰਨ ਜਾ ਰਿਹਾ ਹੈ।

ABOUT THE AUTHOR

...view details