ਫਰੀਦਕੋਟ: ਪੰਜਾਬੀ ਸਿਨੇਮਾਂ ਵਿੱਚ ਇੰਨ੍ਹੀ ਦਿਨ੍ਹੀ ਕਈ ਨੌਜਵਾਨ ਨਿਰਦੇਸ਼ਕ ਅਹਿਮ ਭੂਮਿਕਾ ਨਿਭਾ ਰਹੇ ਹਨ, ਜਿੰਨ੍ਹਾਂ ਵਿਚੋਂ ਇੱਕ ਹਨ ਫ਼ਿਲਮਕਾਰ ਬਲਰਾਜ ਸਾਗਰ, ਜੋ ਆਪਣੀ ਨਵੀਂ ਅਰਥ-ਭਰਪੂਰ ਫ਼ਿਲਮ ‘ਉਪਗ੍ਰਹਿ’ ਲੈ ਕੇ ਦਰਸ਼ਕਾਂ ਸਨਮੁੱਖ ਹੋ ਰਹੇ ਹਨ। ਇਸ ਫਿਲਮ ਦਾ ਪਹਿਲਾ ਲੁੱਕ ਜਾਰੀ ਕਰ ਦਿੱਤਾ ਗਿਆ ਹੈ।
ਫ਼ਿਲਮ ‘ਉਪਗ੍ਰਹਿ’ 'ਚ ਇਹ ਸਿਤਾਰੇ ਆਉਣਗੇ ਨਜ਼ਰ:'ਐਚਐਚਬੀ ਫ਼ਿਲਮਜ਼' ਅਤੇ "ਹੁੱਲੇ ਹੁਲਾਰੇ ਫ਼ਿਲਮਜ਼' ਦੇ ਬੈਨਰ ਹੇਠ ਬਣਾਈ ਗਈ ਇਸ ਫ਼ਿਲਮ ਦੀ ਕਹਾਣੀ ਭੂਰਾ ਸਿੰਘ ਪਟੇਲ ਵੱਲੋਂ ਲਿਖ਼ੀ ਗਈ ਹੈ, ਜਦਕਿ ਇਸ ਦੀ ਸਟਾਰ ਕਾਸਟ ਵਿੱਚ ਜ਼ਿਆਦਾਤਰ ਥੀਏਟਰ ਅਤੇ ਲਘੂ ਫ਼ਿਲਮਾਂ ਨਾਲ ਜੁੜੇ ਹੋਏ ਅਦਾਕਾਰ ਸ਼ਾਮਿਲ ਕੀਤੇ ਗਏ ਹਨ, ਜਿੰਨ੍ਹਾਂ ਵਿਚ ਅਦਾਕਾਰ ਹਰਦੀਪ ਗੁਰੂ, ਲਖ਼ਵਿੰਦਰ ਲੱਕੀ, ਭੋਲਾ ਪੰਛੀ, ਅਰਸ਼ ਬਿੰਦੂ, ਪ੍ਰੇਮ ਗਰੇਵਾਲ, ਜਸਪਾਲ ਨਿਪਾ, ਅਮਰ ਰਾਮਗੜ੍ਹੀਆਂ, ਸੁਰਜੀਤ ਸਿੰਘ ਸਿੱਧੂ, ਕੁਲਦੀਪ ਨਿਆਮੀ, ਧਰਮਿੰਦਰ ਕੌਰ, ਦੀਪੀ ਚੱਕ, ਸਤਨਾਮ ਚੱਕ ਆਦਿ ਸ਼ਾਮਲ ਹਨ।
ਫ਼ਿਲਮ ‘ਉਪਗ੍ਰਹਿ’ ਦੀ ਕਹਾਣੀ:ਪੰਜਾਬ ਦੇ ਮਾਲਵਾ ਖੇਤਰ 'ਚ ਮੁਕੰਮਲ ਕੀਤੀ ਗਈ ਇਸ ਫ਼ਿਲਮ ਦੇ ਕੈਮਰਾਮੈਨ ਅਮਨ ਮਹਿਮੀ ਹਨ, ਸੰਗੀਤ ਪਾਵੇਲ ਵੱਲੋਂ ਤਿਆਰ ਕੀਤਾ ਗਿਆ ਅਤੇ ਗੀਤ ਰਚਨਾ ਸੰਤ ਰਾਮ ਉਦਾਸੀ ਅਤੇ ਅਵਤਾਰ ਪਾਸ਼ ਦੀ ਹੈ। ਫ਼ਿਲਮ ਦੀ ਨਿਰਮਾਣ ਟੀਮ ਅਨੁਸਾਰ, ਫ਼ਿਲਮ ਦੀ ਕਹਾਣੀ ਇਕ ਅਜਿਹੇ ਪੇਂਡੂ ਲੜਕੇ ਛਿੰਦੇ ਤੇ ਆਧਾਰਿਤ ਹੈ, ਜੋ ਆਪਣੀ ਹੀ ਮਸਤੀ ਵਿਚ ਬੇਫ਼ਿਕਰੀ ਜੀਵਣ ਜਿਉਣਾ ਪਸੰਦ ਕਰਦਾ ਹੈ, ਪਰ ਅਚਾਨਕ ਵਾਪਰਦੀਆਂ ਕਈ ਪਰਸਥਿਤੀਆਂ ਅਜਿਹੇ ਘਟਨਾ ਚੱਕਰ ਬਣਾਉਦੀਆਂ ਹਨ ਕਿ ਕੇਵਲ ਛਿੰਦਾ ਹੀਂ ਨਹੀਂ, ਸਗੋ ਸਾਧਾਰਨ ਅਤੇ ਸਾਊ ਦਿਖਣ ਵਾਲਾ ਹਰ ਪਾਤਰ ਨਿਵੇਕਲਾ ਅਤੇ ਖ਼ਤਰਨਾਕ ਰੂਪ ਧਾਰਦਾ ਦਿਖਾਈ ਦੇਣ ਲੱਗ ਜਾਂਦਾ ਹੈ। ਇਸ ਫਿਲਮ ਦੁਆਰਾ ਅਜੌਕੇ ਸਮਾਜ ਅਤੇ ਕਿਰਸਾਨੀ ਦੀਆਂ ਅਸਲ ਸੱਚਾਈਆਂ ਦਾ ਵੀ ਪਰਦਾਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਤਕਨੀਕੀ ਕਾਰਨਾ ਦੇ ਚਲਦਿਆਂ ਫ਼ਿਲਮ ਨੂੰ ਪੂਰਾ ਕਰਨ 'ਚ ਦੇਰੀ:ਉਕਤ ਫ਼ਿਲਮ ਨਾਲ ਜੁੜ੍ਹੀ ਆਪਣੀ ਇੱਕ ਭਾਵਨਾਤਮਕ ਸਾਂਝ ਬਿਆਨ ਕਰਦੇ ਹੋਏ ਨਿਰਦੇਸ਼ਕ ਬਲਰਾਜ਼ ਸਾਗਰ ਦੱਸਦੇ ਹਨ ਕਿ ਕੁਝ ਤਕਨੀਕੀ ਕਾਰਨਾ ਦੇ ਚਲਦਿਆਂ ਇਸ ਫ਼ਿਲਮ ਨੂੰ ਸੰਪੂਰਨ ਕਰਨ ਵਿਚ ਦੇਰ ਹੋ ਗਈ, ਜਿਸ ਦੌਰਾਨ ਇੱਕ ਹੋਰ ਪੰਜਾਬੀ ਫ਼ਿਲਮ 'ਮਿੱਟੀ ਦੀ ਖ਼ੁਸ਼ਬੂ' ਅਸੀ ਸ਼ੁਰੂ ਕੀਤੀ, ਪਰ ਮੇਰਾ ਬਾਪੂ ਕਹਿਣ ਲੱਗਾ ਕਿ ਪਹਿਲਾ 'ਉਪਗ੍ਰਹਿ' ਪੂਰੀ ਅਤੇ ਰਿਲੀਜ਼ ਕਰੋ, ਕਿਉਂਕਿ ਕਿਸਾਨ ਹੋਣ ਕਾਰਨ ਇਹ ਫ਼ਿਲਮ ਉਨ੍ਹਾਂ ਦੇ ਦਿਲ ਦੇ ਕਾਫ਼ੀ ਕਰੀਬ ਸੀ, ਪਰ ਸਾਡੀ ਪੂਰੀ ਕੋਸ਼ਿਸ਼ ਦੇ ਬਾਵਜੂਦ ਇਸ ਨੂੰ ਸਾਹਮਣੇ ਲਿਆਉਣ ਵਿੱਚ ਦੇਰ ਹੋ ਗਈ ਹੈ ਅਤੇ ਇਸ ਦੌਰਾਨ ਬਾਪੂ ਦਾ ਅਚਾਨਕ ਦੇਹਾਂਤ ਹੋ ਗਿਆ। ਇਸ ਲਈ ਇਹ ਫਿਲਮ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਕਰ ਰਿਹਾ ਹਾਂ ਅਤੇ ਇਹ ਫ਼ਿਲਮ ਮੇਰੇ ਪਿਤਾ ਨੂੰ ਇੱਕ ਪੁੱਤ ਵੱਲੋਂ ਸਰਧਾਂਜ਼ਲੀ ਹੋਵੇਗੀ।