ਪੰਜਾਬ

punjab

By

Published : Jul 6, 2023, 1:16 PM IST

ETV Bharat / entertainment

Rode College: ਪੰਜਾਬੀ ਫਿਲਮ ‘ਰੋਡੇ ਕਾਲਜ’ ਦੀ ਪਹਿਲੀ ਲੁੱਕ ਰਿਲੀਜ਼, ਲੇਖਕ ਹੈਪੀ ਰੋਡੇ ਵੱਲੋਂ ਕੀਤਾ ਗਿਆ ਹੈ ਨਿਰਦੇਸ਼ਨ

Punjabi Film Rode College: ਆਉਣ ਵਾਲੀ ਪੰਜਾਬੀ ਫਿਲਮ 'ਰੋਡੇ ਕਾਲਜ' ਦਾ ਪਹਿਲਾਂ ਲੁੱਕ ਰਿਲੀਜ਼ ਹੋ ਗਿਆ ਹੈ, ਫਿਲਮ ਇਸ ਸਾਲ ਰਿਲੀਜ਼ ਹੋ ਜਾਵੇਗੀ।

Punjabi film rode college
Punjabi film rode college

ਚੰਡੀਗੜ੍ਹ: ਆਉਣ ਵਾਲੀ ਪੰਜਾਬੀ ਫਿਲਮ ‘ਰੋਡੇ ਕਾਲਜ’ ਦਾ ਪਹਿਲਾਂ ਲੁੱਕ ਜਾਰੀ ਕਰ ਦਿੱਤਾ ਗਿਆ ਹੈ, ਜਿਸ ਦੁਆਰਾ ਲੇਖਕ ਹੈਪੀ ਰੋਡੇ ਬਤੌਰ ਨਿਰਦੇਸ਼ਕ ਆਪਣੀ ਨਵੀਂ ਸਿਨੇਮਾ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ।

‘ਰਾਜਾਸ਼ੂ ਫ਼ਿਲਮਜ਼’ ਅਤੇ ‘ਸਟੂਡਿਓ ਏਟ ਸੋਰਸ’ ਤੋਂ ਇਲਾਵਾ ‘ਤਹਿਜ਼ੀਬ ਫ਼ਿਲਮਜ਼’ ਅਤੇ ‘ਬਲਕਾਰ ਮੋਸ਼ਨ ਪਿਕਚਰਜ਼’ ਦੇ ਬੈਨਰ ਹੇਠ ਬਣੀ ਇਸ ਫਿਲਮ ਦੀ ਸਟਾਰਕਾਸਟ ਵਿਚ ਮਾਨਵ ਵਿਜ, ਇਸ਼ਾ ਰਿਖੀ, ਯੋਗਰਾਜ ਸਿੰਘ, ਸ਼ਵਿੰਦਰ ਵਿੱਕੀ, ਸੋਨਪ੍ਰੀਤ ਜਵੰਦਾ, ਜੱਸ ਢਿੱਲੋਂ, ਬਲਵਿੰਦਰ ਧਾਲੀਵਾਲ, ਕਵੀ ਸਿੰਘ, ਰਾਜ ਜੋਧਾ, ਰਾਹੁਲ ਜੇਟਲੀ, ਰਾਹੁਲ ਜੁਗਰਾਲ ਸ਼ਾਮਿਲ ਹਨ।

ਹਾਲ ਹੀ ਵਿਚ ਆਈ ਥਾਨਾ ਸਦਰ ਦਾ ਲੇਖਨ ਕਰ ਚੁੱਕੇ ਹੈਪੀ ਰੋਡੇ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਜਾ ਰਹੀ ਉਨਾਂ ਦੀ ਇਸ ਪਹਿਲੀ ਡਾਇਰੈਕਟੋਰੀਅਲ ਫਿਲਮ ਦੇ ਨਿਰਮਾਤਾ ਅਸ਼ੂ ਅਰੋੜਾ, ਇਤੂਸ਼ ਬਾਂਸਲ ਅਤੇ ਰਿੰਪਲ ਬਰਾੜ, ਕ੍ਰਿਏਟਿਵ ਨਿਰਮਾਤਾ ਸੁਨੀਲ ਕੇ ਬਾਂਸਲ ਅਤੇ ਅਕੁੰਸ਼ ਅਰੋੜਾ, ਐਸੋਸੀਏਟ ਨਿਰਦੇਸ਼ਕ ਜਤਿਨ ਵਰਮਾ, ਕਾਰਜਕਾਰੀ ਨਿਰਮਾਤਾ ਬਲਦੇਵ ਰਾਜ ਪਟਵਾਰੀ, ਸਿਨੇਮਾਟੋਗ੍ਰਾਫ਼ਰ ਪ੍ਰੀਕਸ਼ਤ ਵਰਾਈਰ, ਕਲਾ ਨਿਰਦੇਸ਼ਕ ਵਿਜੇ ਗਿਰੀ ਅਤੇ ਐਕਸ਼ਨ ਕੋਰਿਓਗ੍ਰਾਫ਼ਰ ਵਿਸ਼ਾਲ ਭਾਰਗਵ ਹਨ।

ਪੰਜਾਬੀ ਫਿਲਮ ‘ਰੋਡੇ ਕਾਲਜ’ ਦਾ ਪਹਿਲਾਂ ਲੁੱਕ

ਪੰਜਾਬ ਦੇ ਮਾਲਵਾ ਖੇਤਰ ਅਧੀਨ ਆਉਂਦੇ ਜ਼ਿਲ੍ਹਾ ਮੋਗਾ ਨੇੜਲੇ ਬਾਘਾਪੁਰਾਣਾ ਹਿੱਸਿਆਂ ਅਤੇ ਇਸੇ ਇਲਾਕੇ ਦੇ ਮਸ਼ਹੂਰ ਸਰਕਾਰੀ ਪੋਲੀਟੈਕਨੀਕਲ ਕਾਲਜ ਰੋਡੇ ਵਿਖੇ ਫਿਲਮਾਈ ਗਈ ਇਸ ਫਿਲਮ ਵਿਚ ਇਸ ਮੰਨੇ ਪ੍ਰਮੰਨੇ ਸਿੱਖਿਆ ਸੰਸਥਾਨ ਨਾਲ ਜੁੜੀਆਂ ਕਈ ਵਿਦਿਆਰਥੀ ਯਾਦਾਂ ਨੂੰ ਮੁੜ੍ਹ ਜੀਵੰਤ ਕੀਤਾ ਜਾ ਰਿਹਾ ਹੈ।

ਦੁਨੀਆ ਭਰ ਵਿਚ ਪੰਜਾਬ ਅਤੇ ਪੰਜਾਬੀਅਤ ਦਾ ਰੁਤਬਾ ਬੁਲੰਦ ਕਰ ਚੁੱਕੇ ਇੱਥੋਂ ਦੇ ਕਈ ਸਿੱਖਿਆਰਥੀਆਂ ਨੂੰ ਮਜ਼ਬੂਤ ਪੈੜ੍ਹਾਂ ਦੇਣ ਵਿਚ ਇਸ ਕਾਲਜ ਦੀ ਅਹਿਮ ਭੂਮਿਕਾ ਰਹੀ ਹੈ, ਜਿੰਨ੍ਹਾਂ ਵਿਚ ਮਸ਼ਹੂਰ ਗਾਇਕ ਸ਼ੈਰੀ ਮਾਨ ਵੀ ਸ਼ਾਮਿਲ ਰਹੇ ਹਨ, ਜੋ ਇਸੇ ਕਾਲਜ ਦੇ ਸਿੱਖਿਆਰਥੀ ਰਹੇ ਹਨ। ਉਨ੍ਹਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਉਚ ਸ਼ਖ਼ਸੀਅਤਾਂ ਦਾ ਵਿਅਕਤੀਤਵ ਸੰਵਾਰਨ ’ਚ ਯੋਗਦਾਨ ਪਾ ਚੁੱਕਿਆ ਇਹ ਕਾਲਜ ਕਿਸੇ ਸਮੇਂ ਸ਼ਿਖਰ 'ਤੇ ਰਹੀਆਂ ਵਿਦਿਆਰਥੀਆਂ ਗੁੱਟਬੰਦੀਆਂ ਅਤੇ ਰਾਜਸੀ ਪ੍ਰਭਾਵਾਂ ਦੇ ਵਿਦਿਆਰਥੀ ਜੀਵਨ 'ਤੇ ਪੈਣ ਵਾਲੇ ਪ੍ਰਭਾਵਾਂ ਦਾ ਵੀ ਕੇਂਦਰਬਿੰਦੂ ਰਿਹਾ ਹੈ।

ਇਸੇ ਤਾਣੇ ਬਾਣੇ ਵਿਚ ਬੁਣੀ ਗਈ ਹੈ ਉਕਤ ਫਿਲਮ, ਜਿਸ ਵਿਚ ਕਈ ਸਾਲ ਪਹਿਲਾਂ ਦੇ ਹਾਲਾਤਾਂ ਨੂੰ ਹੁਬਹੂ ਚਿਤਰਨ ਅਤੇ ਗੁਆਚੀਆਂ ਭਾਵਨਾਤਮਕ ਯਾਦਾਂ ਨੂੰ ਮੁੜ ਸੁਰਜੀਤੀ ਦੇਣ ਦੀ ਕੋਸ਼ਿਸ਼ ਫਿਲਮ ਟੀਮ ਵੱਲੋਂ ਕੀਤੀ ਗਈ ਹੈ। ਆਪਣੇ ਸ਼ੂਟਿੰਗ ਪੜਾਅ ਤੋਂ ਹੀ ਫਿਲਮੀ ਗਲਿਆਰਿਆਂ ਵਿਚ ਚਰਚਾ ਦਾ ਵਿਸ਼ਾ ਬਣੀ ਇਸ ਫਿਲਮ ਦਾ ਇਕ ਅਹਿਮ ਪਹਿਲੂ ਇਹ ਵੀ ਹੈ ਕਿ ਇਸ ਵਿਚ ਨਾਮਵਰ ਪੰਜਾਬੀ ਫਿਲਮ ਅਦਾਕਾਰਾ ਦੇ ਨਾਲ-ਨਾਲ ਕਈ ਨਵੇਂ ਚਿਹਰਿਆਂ ਅਤੇ ਥੀਏਟਰ ਨਾਲ ਜੁੜੀਆਂ ਮੰਝੀਆਂ ਹੋਈਆਂ ਪ੍ਰਤਿਭਾਵਾਂ ਨੂੰ ਵੀ ਬੇਹਤਰੀਨ ਪਲੇਟਫ਼ਾਰਮ ਦੇਣ ਦਾ ਤਰੱਦਦ ਕੀਤਾ ਗਿਆ ਹੈ, ਜੋ ਸਾਰੇ ਇਸ ਫਿਲਮ ਦੀ ਰਿਲੀਜ਼ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ।

ABOUT THE AUTHOR

...view details