ਚੰਡੀਗੜ੍ਹ: ਹਿੰਦੀ-ਪੰਜਾਬੀ ਸਿਨੇਮਾ ਅਤੇ ਸੰਗੀਤਕ ਖੇਤਰ ਵਿਚ ਸਟਾਰ ਰੁਤਬਾ ਹਾਸਿਲ ਕਰ ਚੁੱਕੇ ਅਤੇ ਉੱਚ ਕੋਟੀ ਪਹਿਚਾਣ ਸਥਾਪਿਤ ਕਰ ਚੁੱਕੇ ਦਿਲਜੀਤ ਦੁਸਾਂਝ ਵੱਲੋਂ ਆਪਣੀ ਨਵੀਂ ਪੰਜਾਬੀ ਫਿਲਮ ‘ਰੰਨਾਂ ’ਚ ਧੰਨਾ’ ਦਾ ਪਹਿਲਾਂ (Ranna Ch Dhanna) ਲੁੱਕ ਰਿਲੀਜ਼ ਕਰ ਦਿੱਤਾ ਗਿਆ ਹੈ, ਜਿਸ ਵਿਚ ਦਿਲਜੀਤ (Diljit Dosanjh new Punjabi film) ਸੋਨਮ ਬਾਜਵਾ, ਸ਼ਹਿਨਾਜ਼ ਗਿੱਲ ਸਮੇਤ ਕਈ ਬਾਲੀਵੁੱਡ ਅਤੇ ਪਾਲੀਵੁੱਡ ਦੀਆਂ ਨਾਮੀ ਅਦਾਕਾਰਾਂ ਨਾਲ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ।
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਵੱਸਦੇ ਅਤੇ ਮੰਨੀ ਪ੍ਰਮੰਨੀ ਪੰਜਾਬੀ ਕਾਰੋਬਾਰੀ ਵਜੋਂ ਸ਼ੁਮਾਰ ਕਰਵਾਉਂਦੇ ਦਿਲਜੀਤ ਥਿੰਦ ਅਤੇ ਦਿਲਜੀਤ ਦੁਸਾਂਝ ਵੱਲੋਂ ਆਪਣੇ ਘਰੇਲੂ ਬੈਨਰਜ਼ ‘ਥਿੰਦ ਮੋਸ਼ਨ ਫ਼ਿਲਮਜ਼ ਅਤੇ ਸਟੋਰੀਟਾਈਮ ਪ੍ਰੋਡੋਕਸ਼ਨ’ ਅਧੀਨ ਬਣਾਈ ਜਾ ਰਹੀ ਇਸ ਫਿਲਮ ਦੀ ਸ਼ੂਟਿੰਗ ਕੈਨੇਡਾ ਅਤੇ ਪੰਜਾਬ ਵਿਖੇ ਮੁਕੰਮਲ ਕੀਤੀ ਜਾਵੇਗੀ।
ਵਰਲਡ ਵਾਈਡ ਅਗਲੇ ਸਾਲ ਰਿਲੀਜ਼ ਕੀਤੀ ਜਾਣ ਵਾਲੀ ਇਸ ਫਿਲਮ ਦਾ ਨਿਰਦੇਸ਼ਨ ਨੌਜਵਾਨ ਫਿਲਮਕਾਰ ਅਮਰਜੀਤ ਸਿੰਘ ਸਾਰੋਂ ਕਰ ਰਹੇ ਹਨ, ਜਿੰਨ੍ਹਾਂ ਦੀ ਇਸੇ ਐਕਟਰ ਨਾਲ ਕੀਤੀਆਂ ਹਾਲੀਆਂ ਫਿਲਮਾਂ 'ਹੌਂਸਲਾ ਰੱਖ' ਅਤੇ ‘ਬਾਬੇ ਭੰਗੜ੍ਹਾ ਪਾਉਂਦੇ ਨੇ’ ਟਿਕਟ ਖਿੜ੍ਹਕੀ 'ਤੇ ਕਾਫ਼ੀ ਕਾਮਯਾਬੀ ਹਾਸਿਲ ਕਰਨ ਵਿਚ ਸਫ਼ਲ ਰਹੀਆਂ ਹਨ ਅਤੇ ਉਲੇਖਯੋਗ ਇਹ ਵੀ ਹੈ ਕਿ ਇੰਨ੍ਹਾਂ ਫਿਲਮਾਂ ਦਾ ਨਿਰਮਾਣ ਵੀ ‘ਥਿੰਦ ਮੋਸ਼ਨ ਪਿਕਚਰਜ਼’ ਅਤੇ ਦਿਲਜੀਤ ਦੁਸਾਂਝ ਨਾਲ ਸੁਯੰਕਤ ਰੂਪ ਵਿਚ ਕੀਤਾ ਗਿਆ ਸੀ, ਜਿੰਨ੍ਹਾਂ ਦੀ ਤਿੱਕੜ੍ਹੀ ਦੀ ਇਹ ਲਗਾਤਾਰ ਤੀਜੀ ਫਿਲਮ ਹੋਵੇਗੀ।