ਚੰਡੀਗੜ੍ਹ: 'ਮਸਤਾਨੇ' ਸਿੰਮੀ ਚਾਹਲ ਅਤੇ ਤਰਸੇਮ ਜੱਸੜ ਦੀਆਂ ਹਿੱਟ ਫਿਲਮਾਂ ਵਿੱਚ ਸ਼ਾਮਿਲ ਹੋ ਗਈ ਹੈ, ਫਿਲਮ ਬਾਕਸ ਆਫਿਸ ਉਤੇ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੀ ਹੈ, ਹੁਣ ਫਿਲਮ ਦੇ ਪਹਿਲੇ ਹਫ਼ਤੇ ਦਾ ਪੂਰਾ ਲੇਖਾ-ਜੋਖਾ ਸਾਹਮਣੇ ਆ ਗਿਆ ਹੈ, ਜੋ ਕਹਿ ਰਿਹਾ ਹੈ ਕਿ ਫਿਲਮ ਯਕੀਨਨ ਕੋਈ ਨਾ ਕੋਈ ਰਿਕਾਰਡ ਤੋੜੇਗੀ।
ਤੁਹਾਨੂੰ ਦੱਸ ਦਈਏ ਕਿ 25 ਅਗਸਤ ਨੂੰ ਰਿਲੀਜ਼ ਹੋਈ ਸ਼ਰਨ ਆਰਟ ਦੁਆਰਾ ਨਿਰਦੇਸ਼ਿਤ ਫਿਲਮ 'ਮਸਤਾਨੇ' ਨੇ ਬਾਲੀਵੁੱਡ ਫਿਲਮ 'ਡ੍ਰੀਮ ਗਰਲ 2' ਦਾ ਸਾਹਮਣਾ ਕੀਤਾ ਸੀ। ਦੋਵੇਂ ਫਿਲਮਾਂ ਇੱਕ ਦਿਨ ਹੀ ਰਿਲੀਜ਼ ਹੋਈਆਂ ਸਨ। ਜਿੱਥੇ 'ਡ੍ਰੀਮ ਗਰਲ 2' ਚੰਗਾ ਪ੍ਰਦਰਸ਼ਨ ਕਰ ਰਹੀ ਹੈ, ਉਥੇ ਨਾਲ ਹੀ 'ਮਸਤਾਨੇ' ਵੀ ਚੰਗੀ ਕਮਾਈ ਕਰ ਰਹੀ ਹੈ, ਫਿਲਮ ਨੂੰ ਚੰਗੀਆਂ ਸਮੀਖਿਆਵਾਂ ਮਿਲੀਆਂ ਹਨ। ਹੁਣ ਇਥੇ ਅਸੀਂ ਤੁਹਾਨੂੰ 'ਮਸਤਾਨੇ' ਦੇ ਪਹਿਲੇ ਹਫ਼ਤੇ ਦਾ ਪੂਰਾ ਲੇਖਾ-ਜੋਖਾ ਦੱਸਾਂਗੇ।
'ਮਸਤਾਨੇ' ਨੇ ਪਹਿਲੇ ਦਿਨ ਸ਼ੁੱਕਰਵਾਰ ਨੂੰ 2.4 ਕਰੋੜ ਦੀ ਕਮਾਈ ਕੀਤੀ ਸੀ, ਫਿਰ ਦੂਜੇ ਦਿਨ ਸ਼ਨੀਵਾਰ ਨੂੰ 3 ਕਰੋੜ, ਤੀਜੇ ਦਿਨ ਐਤਵਾਰ ਨੂੰ 3.8 ਕਰੋੜ, ਚੌਥੇ ਦਿਨ ਸੋਮਵਾਰ ਨੂੰ 1.7 ਕਰੋੜ, ਪੰਜਵੇਂ ਦਿਨ ਮੰਗਲਵਾਰ ਨੂੰ 1.5 ਕਰੋੜ, ਰੱਖੜੀ ਵਾਲੇ ਦਿਨ ਯਾਨੀ ਕਿ ਛੇਵੇਂ ਦਿਨ ਬੁੱਧਵਾਰ ਨੂੰ 2.2 ਕਰੋੜ ਅਤੇ ਸੱਤਵੇਂ ਦਿਨ ਵੀਰਵਾਰ ਨੂੰ ਫਿਲਮ ਨੇ 1.50 ਕਰੋੜ ਦੇ ਲਗਭਗ ਕਮਾਈ ਕੀਤੀ। ਹੁਣ ਫਿਲਮ ਦਾ ਪੂਰੇ ਭਾਰਤ ਵਿੱਚ ਕਲੈਕਸ਼ਨ 16.10 ਕਰੋੜ ਹੋ ਗਿਆ ਹੈ।
ਤੁਹਾਨੂੰ ਦੱਸ ਦਈਏ ਕਿ 'ਮਸਤਾਨੇ' ਸਿੱਖ ਇਤਿਹਾਸ 'ਤੇ ਆਧਾਰਿਤ ਕਹਾਣੀ ਹੈ, ਇਸ ਲਈ ਇਸ ਫਿਲਮ ਨੂੰ ਸਿਨੇਮਾਘਰਾਂ 'ਚ ਬਹੁਤ ਸਾਰੇ ਦਰਸ਼ਕ ਮਿਲ ਰਹੇ ਹਨ। ਕੁਝ ਸਾਲ ਪਹਿਲਾਂ ਫਿਲਮ 'ਚਾਰ ਸਾਹਿਬਜ਼ਾਦੇ' ਨੇ ਵੀ ਅਜਿਹਾ ਹੀ ਕਾਰਨਾਮਾ ਕੀਤਾ ਸੀ ਅਤੇ ਬਹੁਤ ਘੱਟ ਸ਼ੁਰੂਆਤ ਤੋਂ ਸਭ ਤੋਂ ਵੱਧ ਕਮਾਈ ਕਰਨ ਵਾਲੀ ਪੰਜਾਬੀ ਫਿਲਮ ਬਣ ਗਈ ਸੀ। 'ਮਸਤਾਨੇ' ਤੋਂ ਵੀ ਇਹੀ ਉਮੀਦ ਕੀਤੀ ਜਾ ਰਹੀ ਹੈ।