ਚੰਡੀਗੜ੍ਹ:ਪੰਜਾਬੀ ਸਿਨੇਮਾ ਲਈ ‘ਰੱਬ ਦਾ ਰੇਡਿਓ’, ‘ਦਾਣਾ ਪਾਣੀ’, ‘ਯੈਸ ਆਈ ਐਮ ਸਟੂਡੈਂਟ’ ਜਿਹੀਆਂ ਕਾਮਯਾਬ ਅਤੇ ਚਰਚਿਤ ਰਹੀਆਂ ਫ਼ਿਲਮਾਂ ਬਣਾ ਚੁੱਕੇ ਨੌਜਵਾਨ ਨਿਰਦੇਸ਼ਕ ਤਰਨਵੀਰ ਸਿੰਘ ਜਗਪਾਲ ਆਪਣੀ ਨਵੀਂ ਫ਼ਿਲਮ ਦੁਆਰਾ ਇਕ ਵਾਰ ਫਿਰ ਜਿੰਮੀ ਸ਼ੇਰਗਿੱਲ ਨੂੰ ਨਿਰਦੇਸ਼ਿਤ ਕਰਨ ਜਾ ਰਹੇ ਹਨ, ਜਿੰਨ੍ਹਾਂ ਦੀ ਇਹ ਫ਼ਿਲਮ ਜਲਦ ਸੈੱਟ 'ਤੇ ਜਾ ਰਹੀ ਹੈ।
ਫ਼ਿਲਮ ਦੀ ਦੂਜੀ ਕਾਸਟ ਅਤੇ ਹੋਰਨਾਂ ਪੱਖਾਂ ਦਾ ਰਸਮੀ ਐਲਾਨ ਵੀ ਅਗਲੇ ਦਿਨ੍ਹੀਂ ਕੀਤਾ ਜਾ ਰਿਹਾ ਹੈ, ਜਿਸ ਵਿਚ ਪੰਜਾਬੀ ਸਿਨੇਮਾ ਦੇ ਕਈ ਮੰਨੇ ਪ੍ਰਮੰਨੇ ਕਲਾਕਾਰ ਮਹੱਤਵਪੂਰਨ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। ਫ਼ਿਲਮ ਟੀਮ ਅਨੁਸਾਰ ਇਸ ਵਰ੍ਹੇ ਦੀ ਬੇਹਤਰੀਨ ਅਤੇ ਅਰਥਭਰਪੂਰ ਫ਼ਿਲਮ ਵਜੋਂ ਸਾਹਮਣੇ ਆਉਣ ਜਾ ਰਹੀ ਇਸ ਫ਼ਿਲਮ ਦੀ ਸ਼ੂਟਿੰਗ ਦਾ ਕੁਝ ਹਿੱਸਾ ਪੰਜਾਬ ਅਤੇ ਜਿਆਦਾਤਰ ਕੈਨੇਡਾ ਦੇ ਵੈਨਕੂਵਰ ਅਤੇ ਬ੍ਰਿਟਿਸ਼ ਕੋਲੰਬੀਆਂ ਦੀਆਂ ਵੱਖ ਵੱਖ ਲੋਕੇਸ਼ਨਾਂ 'ਤੇ ਫ਼ਿਲਮਾਇਆ ਜਾਵੇਗਾ।
ਜੇਕਰ ਇਸ ਹੋਣਹਾਰ ਨਿਰਦੇਸ਼ਕ ਦੇ ਹੁਣ ਤੱਕ ਦੇ ਸਿਨੇਮਾ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਹ ਉਚਕੋਟੀ ਦੇ ਪੰਜਾਬੀ ਸਿਨੇਮਾ ਨਿਰਦੇਸ਼ਕ ਨਵਨੀਅਤ ਸਿੰਘ ਨਾਲ ‘ਟੌਹਰ ਮਿੱਤਰਾਂ ਦੀ’, ‘ਸਿੰਘ ਵਰਸਿਜ਼ ਕੌਰ’, ‘ਰੰਗੀਲੇ’, ‘ਰੋਮਿਓ ਰਾਂਝਾ’ ਤੋਂ ਇਲਾਵਾ ਧੀਰਜ ਰਤਨ ਨਾਲ ‘ਸਾਡੀ ਲਵ ਸਟੋਰੀ’ , ‘ਇਸ਼ਕ ਗਰਾਰੀ’, ਅਮਿਤ ਪਰਾਸ਼ਰ ਨਾਲ ’ਤੂੰ ਮੇਰਾ ਬਾਈ ਮੈਂ ਤੇਰਾ ਬਾਈ’ ਜਿਹੀਆਂ ਕਈ ਫ਼ਿਲਮਾਂ ਕਰਨ ਦਾ ਮਾਣ ਹਾਸਿਲ ਕਰ ਚੁੱਕੇ ਹਨ।