ਚੰਡੀਗੜ੍ਹ: ਮਾਲਵੇ ਦੇ ਉਭਰਦੇ ਸੰਗੀਤਕਾਰ ਅਤੇ ਗਾਇਕ ਦੇ ਰੂਪ ਵਿੱਚ ਪੰਜਾਬੀ ਸੰਗੀਤ ਜਗਤ ਵਿੱਚ ਤੇਜ਼ੀ ਨਾਲ ਵਿਲੱਖਣ ਪਹਿਚਾਣ ਸਥਾਪਿਤ ਕਰਨ ਵੱਲ ਵੱਧ ਰਿਹਾ ਹੈ ਪ੍ਰਤਿਭਾਸ਼ਾਲੀ ਮਲਵਈ ਨੌਜਵਾਨ ਨੂਰਦੀਪ ਸਿੱਧੂ, ਜੋ ਬਤੌਰ ਸੰਗੀਤਕਾਰ ਆਪਣਾ ਪਹਿਲਾਂ ਕਮਰਸ਼ਿਅਲ ਮਿਊਜ਼ੀਕਲ ਟਰੈਕ 'ਫੱਕਰ' ਲੈ ਕੇ ਸਾਹਮਣੇ ਆਉਣ ਜਾ ਰਿਹਾ ਹੈ, ਜਿਸ ਦਾ ਇਹ ਪਲੇਠਾ ਸੰਗੀਤਕ ਉੱਦਮ ਭਲਕੇ 6 ਜਨਵਰੀ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉੱਪਰ ਜਾਰੀ ਹੋਣ ਜਾ ਰਿਹਾ ਹੈ।
'ਮਹਿਮੀ ਮੂਵੀਜ਼' ਅਤੇ 'ਮਿਊਜ਼ਿਕ' ਦੇ ਲੇਬਲ ਅਧੀਨ ਵੱਡੇ ਪੱਧਰ ਉੱਪਰ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਇਸ ਮਿਊਜ਼ਿਕਲ ਟਰੈਕ ਦੇ ਮਨ ਨੂੰ ਛੂਹ ਜਾਣ ਵਾਲੇ ਅਲਫਾਜ਼ ਨਿਰਮਲਜੀਤ ਸਿੰਘ ਭੱਠਲ ਨੇ ਕਲਮਬੱਧ ਕੀਤੇ ਹਨ, ਜਦਕਿ ਇਸ ਦਾ ਸਦਾ ਬਹਾਰ ਅਤੇ ਰੂਹਾਨੀਅਤ ਰੰਗਾਂ ਵਿੱਚ ਰੰਗਿਆ ਸੰਗੀਤ ਨੂਰਦੀਪ ਸਿੱਧੂ ਨੇ ਤਿਆਰ ਕੀਤਾ ਹੈ, ਜਿਸ ਨੇ ਦੱਸਿਆ ਕਿ ਇਸ ਸੰਗੀਤਕ ਟਰੈਕ ਦੀ ਸ਼ਬਦ ਰਚਨਾ ਇੱਕ ਅਜਿਹੇ 'ਫੱਕਰ' ਇਨਸਾਨ ਨੂੰ ਸਮਰਪਿਤ ਕੀਤੀ ਗਈ ਹੈ, ਜੋ ਪਿੰਡ-ਪਿੰਡ, ਘਰ-ਘਰ ਜਾਗਰੂਕਤਾ ਦੀ ਅਲਖ ਜਗਾਉਂਦਾ ਹਰ ਇੱਕ ਦਾ ਦੁੱਖ-ਦਰਦ ਵੰਡਾਉਂਦਾ ਰਹਿੰਦਾ ਹੈ।
ਉਸ ਨੇ ਅੱਗੇ ਦੱਸਿਆ ਕਿ ਆਪਣਾ ਹਰ ਦਿਨ ਦੂਜਿਆ ਦੀ ਸੇਵਾ ਅਤੇ ਕੁਦਰਤ ਦੀ ਗੋਦ ਦਾ ਨਿੱਘ ਮਾਣਦਿਆਂ ਬਤੀਤ ਕਰਨ ਵਾਲੇ ਅਜਿਹੇ ਸੱਜਣ ਇਨਸਾਨਾਂ ਦੀ ਸਨੇਹ ਭਰੀ ਭਾਵਨਾ ਨੂੰ ਸ਼ਬਦਾਂ ਅਤੇ ਸੰਗੀਤ ਵਿੱਚ ਸਾਕਾਰ ਅਸਾਨ ਨਹੀਂ ਹੁੰਦਾ, ਪਰ ਉਸ ਅਤੇ ਉਨਾਂ ਦੀ ਪੂਰੀ ਟੀਮ ਵੱਲੋਂ ਤਨਦੇਹੀ ਨਾਲ ਇਸ ਸੰਬੰਧੀ ਅਪਣੀਆਂ ਸੰਗੀਤਕ ਜਿੰਮੇਵਾਰੀਆਂ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਨੂੰ ਵੇਖਦਿਆਂ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਉਕਤ ਟਰੈਕ ਹਰ ਵਰਗ ਸਰੋਤਿਆਂ ਅਤੇ ਦਰਸ਼ਕਾਂ ਦੀ ਪਸੰਦ ਕਸੌਟੀ 'ਤੇ ਪੂਰਾ ਖਰਾ ਉਤਰੇਗਾ।
ਮੂਲ ਰੂਪ ਵਿੱਚ ਮਾਲਵੇ ਦੇ ਜਿਲ੍ਹੇ ਬਠਿੰਡਾ ਨਾਲ ਸੰਬੰਧਤ ਇਸ ਹੋਣਹਾਰ ਸੰਗੀਤਕਾਰ ਨੇ ਦੱਸਿਆ ਕਿ ਗਾਣੇ ਦੇ ਭਾਵਨਾਤਮਕਤਾ ਭਰੇ ਬੋਲਾਂ, ਮਧੁਰ ਸੰਗੀਤ ਦੀ ਤਰ੍ਹਾਂ ਇਸ ਦਾ ਮਿਊਜ਼ਿਕ ਵੀਡੀਓ ਵੀ ਬਹੁਤ ਖੂਬਸੂਰਤ ਸਿਰਜਿਆ ਗਿਆ ਹੈ, ਜਿਸ ਨੂੰ ਨਿਰਦੇਸ਼ਿਤ ਅਤੇ ਕੈਮਰਾਬੱਧ ਅਮਨ ਮਹਿਮੀ ਵੱਲੋਂ ਕੀਤਾ ਗਿਆ ਹੈ, ਜਿਸ ਤੋਂ ਇਸ ਟਰੈਕ ਨੂੰ ਉਮਦਾ ਰੰਗ ਦੇਣ ਵਿੱਚ ਮਲਕੀਤ ਸਿੰਘ ਔਲਖ, ਜਗਦੀਸ਼ ਤੂਫਾਨ ਅਤੇ ਸੁਖ ਸਰਨ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਹੈ।
ਆਪਣੀਆਂ ਅਗਾਮੀ ਸੰਗੀਤਕ ਯੋਜਨਾਵਾਂ ਸੰਬੰਧੀ ਚਰਚਾ ਕਰਦਿਆਂ ਇਸ ਮਾਣਮੱਤੇ ਸੰਗੀਤਕਾਰ ਨੇ ਦੱਸਿਆ ਕਿ ਜਲਦੀ ਉਹ ਆਪਣੇ ਕੁਝ ਹੋਰ ਟਰੈਕ ਵੀ ਲੈ ਕੇ ਸਾਹਮਣੇ ਆਵੇਗਾ, ਜਿਸ ਨੂੰ ਨਾਮੀ ਅਤੇ ਨਵੀਆਂ ਸੰਗੀਤਕ ਪ੍ਰਤਿਭਾਵਾਂ ਵੱਲੋਂ ਆਪਣੀ ਆਵਾਜ਼ ਦਿੱਤੀ ਜਾਵੇਗੀ।