ਚੰਡੀਗੜ੍ਹ: ਹਿੰਦੀ ਸਿਨੇਮਾ ਦੇ ਦਿੱਗਜ ਅਦਾਕਾਰ ਸੁਨੀਲ ਸ਼ੈੱਟੀ ਵੱਲੋਂ ਪੰਜਾਬ ਵਿਖੇ ਫਿਲਮਾਈ ਗਈ ਆਪਣੀ ਪਹਿਲੀ ਐਡ ਫਿਲਮ ਸ਼ੂਟ ਕੀਤੇ ਜਾਣ ਦਾ ਕਾਰਜ ਮੁਕੰਮਲ ਕਰ ਲਿਆ ਗਿਆ ਹੈ, ਜਿਸ ਦੀ ਸ਼ੂਟਿੰਗ ਸੰਗਰੂਰ ਨੇੜ੍ਹੇ ਪੂਰੀ ਕਰ ਲਈ ਗਈ ਹੈ। ਪੰਜਾਬੀ ਫਿਲਮਾਂ ਦੇ ਮੰਨੇ ਪ੍ਰਮੰਨੇ ਲੇਖਕ ਰਾਜੂ ਵਰਮਾ ਦੀ ਰਹਿਨੁਮਾਈ ਹੇਠ ਫਿਲਮਾਈ ਗਈ ਇਸ ਐਡ ਫਿਲਮ ਨੂੰ ਸੰਗਰੂਰ-ਸੁਨਾਮ ਅਧੀਨ ਆਉਂਦੇ ਕਸਬੇ ਚੀਮਾਂ ਮੰਡੀ ਵਿਖੇ ਸਥਿਤ ਇਕ ਕੰਬਾਇਨ, ਟਰੈਕਟਰਜ਼ ਫ਼ਰਮ ਲਈ ਐਡਬੱਧ ਕੀਤਾ ਗਿਆ ਹੈ, ਜਿਸ ਵਿਚ ਸੁਨੀਲ ਸ਼ੈੱਟੀ ਸਮੇਤ ਸ਼ਾਮਿਲ ਹੋਏ ਕਲਾਕਾਰਾਂ ਵਿਚ ਦਿਲਾਵਰ ਸਿੱਧੂ, ਸਿਮਰਪਾਲ, ਮਲਕੀਤ ਸਿੰਘ, ਅਸ਼ੋਕ ਸ਼ਾਨ, ਅਨਮੋਲ ਵਰਮਾ, ਇਕੱਤਰ ਸਿੰਘ ਸਿੰਘ ਆਦਿ ਸ਼ਾਮਿਲ ਰਹੇ।
ਐਡ ਫਿਲਮ ਮੇਕਰ ਪ੍ਰਿੰਸ ਵੱਲੋਂ ਨਿਰਦੇਸ਼ਿਤ ਕੀਤੀ ਗਈ ਅਤੇ ਰਾਜੂ ਵਰਮਾ ਦੀ ਲੇਖਨੀ ਅਗਵਾਈ ’ਚ ਬਣਾਈ ਗਈ ਇਸ ਟੀਵੀਸੀ ਲਈ ਸੁਨੀਲ ਸ਼ੈੱਟੀ ਉਚੇਚੇ ਤੌਰ 'ਤੇ ਮੁੰਬਈ ਤੋਂ ਪੰਜਾਬ ਪੁੱਜੇ ਅਤੇ ਆਪਣੀ ਇੱਥੇ ਸ਼ੂਟ ਕੀਤੀ ਗਈ ਉਕਤ ਐਡ ਫਿਲਮ ’ਚ ਹਿੱਸਾ ਲਿਆ, ਜਿਸ ਨੂੰ ਆਉਣ ਵਾਲੇ ਦਿਨ੍ਹਾਂ ਵਿਚ ਵੱਖ ਵੱਖ ਪਲੇਟਫ਼ਾਰਮਜ਼ 'ਤੇ ਰਸਮੀ ਤੌਰ 'ਤੇ ਰਿਲੀਜ਼ ਕੀਤਾ ਜਾਵੇਗਾ।
ਜੇਕਰ ਸੁਨੀਲ ਦੀ ਇਸ ਐਡ ਫਿਲਮ ਨਾਲ ਜੁੜਨ ਦੇ ਖਾਸ ਪਹਿਲੂਆਂ ਬਾਰੇ ਗੱਲ ਕੀਤੀ ਜਾਵੇ ਤਾਂ ਇਸ ਲਈ ਇੱਕ ਅਜਿਹੇ ਸਟਾਰ ਦੀ ਜ਼ਰੂਰਤ ਸੀ, ਜਿਸ ਨੂੰ ਪੰਜਾਬ ਦੇ ਖੇਤਾਂ-ਬੰਨਿਆਂ ਅਤੇ ਉਥੋਂ ਦੀ ਕਿਸਾਨੀ ਲਈ ਇਸਤੇਮਾਲ ਹੋਣ ਵਾਲੇ ਟਰੈਕਟਰ-ਕੰਬਾਈਨ ਆਦਿ ਬਾਰੇ ਚੰਗੀ ਤਰ੍ਹਾਂ ਪਤਾ ਹੋਵੇ ਅਤੇ ਇਸੇ ਮੱਦੇਨਜ਼ਰ ਸੁਨੀਲ ਸ਼ੈੱਟੀ ਦੀ ਚੋਣ ਕਰਨ ਦੇ ਨਾਲ ਨਾਲ ਉਨਾਂ ਨੂੰ ਇਸ ਵਿਚ ਪੰਜਾਬੀ ਕੁੜਤੇ ਪਜਾਮੇ ਨਾਲ ਦਰਸਾਇਆ ਗਿਆ ਹੈ, ਜਿਸ ਵਿਚ ਉਹ ਖੂਬ ਜੱਚ ਵੀ ਰਹੇ ਸਨ।