ਨਵੀਂ ਦਿੱਲੀ: 200 ਕਰੋੜ ਰੁਪਏ ਦਾ ਘਪਲਾ ਕਰਨ ਵਾਲਾ ਸੁਕੇਸ਼ ਚੰਦਰਸ਼ੇਖਰ ਨਵੀਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹੈ ਪਰ ਪਿਛਲੇ ਕਈ ਸਾਲਾਂ ਤੋਂ ਉਸ ਦੇ ਜੁਰਮ ਦੀ ਫਾਈਲ ਖੁੱਲ੍ਹੀ ਹੋਈ ਹੈ ਅਤੇ ਉਸ ਦੇ ਹਰ ਇੱਕ ਤਾਰ ਦੇ ਬਾਰੀਕੀ ਨਾਲ ਸੁਰਾਗ ਕੱਢੇ ਜਾ ਰਹੇ ਹਨ। ਇਸ ਕੇਸ ਵਿੱਚ ਬਾਲੀਵੁੱਡ ਦੀਆਂ ਦੋ ਸੁੰਦਰੀਆਂ ਜੈਕਲੀਨ ਫਰਨਾਂਡੀਜ਼ ਮੁਲਜ਼ਮ ਵਜੋਂ ਅਤੇ ਨੋਰਾ ਫਤੇਹੀ ਗਵਾਹ ਵਜੋਂ ਸ਼ਾਮਲ ਹਨ। ਹਾਲ ਹੀ 'ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਇਸ ਮਾਮਲੇ ਦੀ ਸੁਣਵਾਈ ਹੋਈ। ਇੱਥੇ ਦੋਵੇਂ ਅਦਾਕਾਰਾ ਨੇ ਆਪਣੇ ਬਿਆਨ ਦਰਜ ਕਰਵਾਏ ਸਨ। ਨੋਰਾ ਨੇ ਆਪਣੇ ਬਿਆਨ 'ਚ ਠੱਗ ਸੁਕੇਸ਼ ਬਾਰੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ।
ਨੋਰਾ ਨੇ ਕੋਰਟ 'ਚ ਕੀ ਦਿੱਤਾ ਬਿਆਨ?:ਨੋਰਾ ਨੇ ਆਪਣੇ ਬਿਆਨ 'ਚ ਦੱਸਿਆ ਹੈ ਕਿ ਸੁਕੇਸ਼ ਨੇ ਉਸ ਨੂੰ ਕਾਫੀ ਭਰਮਾਉਣ ਦੀ ਕੋਸ਼ਿਸ਼ ਕੀਤੀ। 13 ਜਨਵਰੀ ਨੂੰ ਅਦਾਲਤ 'ਚ ਦਿੱਤੇ ਆਪਣੇ ਬਿਆਨ 'ਚ ਨੋਰਾ ਨੇ ਦੱਸਿਆ ਕਿ ਸੁਕੇਸ਼ ਦੀ ਪਤਨੀ ਲੀਨਾ ਮਾਰੀਆ ਨੇ ਉਸ ਨੂੰ ਇਕ ਸਮਾਗਮ 'ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਸੀ, ਜੋ ਚੇਨਈ 'ਚ ਸੀ। ਸੁਕੇਸ਼ ਦੀ ਪਤਨੀ ਨੇ ਨੋਰਾ ਨੂੰ ਮੁੱਖ ਮਹਿਮਾਨ ਵਜੋਂ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਸੀ। ਨੋਰਾ ਮੁਤਾਬਕ ਲੀਨਾ ਨੇ ਨੋਰਾ ਨੂੰ ਉਸ ਸਮਾਗਮ 'ਚ ਡਾਂਸ ਸ਼ੋਅ ਨੂੰ ਜੱਜ ਕਰਨ ਅਤੇ ਵਿਸ਼ੇਸ਼ ਬੱਚਿਆਂ ਨੂੰ ਇਨਾਮ ਦੇਣ ਲਈ ਵੀ ਕਿਹਾ ਸੀ। ਇਸ ਸਮਾਗਮ ਤੋਂ ਬਾਅਦ ਸੁਕੇਸ਼ ਨੇ ਨੋਰਾ ਨੂੰ ਫੋਨ ਕੀਤਾ ਅਤੇ ਧੰਨਵਾਦ ਵਜੋਂ ਮਹਿੰਗੀ ਕਾਰ ਦੀ ਪੇਸ਼ਕਸ਼ ਕੀਤੀ।