ਚੰਡੀਗੜ੍ਹ: ਸੂਫ਼ੀ ਗਾਇਕ ਸਤਿੰਦਰ ਸਰਤਾਜ ਵੀ ਬਤੌਰ ਗਾਇਕ ਬਾਲੀਵੁੱਡ ’ਚ ਨਵੀਂ ਅਤੇ ਸ਼ਾਨਦਾਰ ਪਾਰੀ ਵੱਲ ਵੱਧ ਚੁੱਕੇ ਹਨ, ਜਿੰਨ੍ਹਾਂ ਵੱਲੋਂ ਅਕਸ਼ੈ ਕੁਮਾਰ ਸਟਾਰਰ ਰਿਲੀਜ਼ ਹੋਣ ਜਾ ਰਹੀ ‘ਮਿਸ਼ਨ ਰਾਣੀਗੰਜ’ ’ਚ ਗਾਏ ਇਕ ਅਹਿਮ ਗਾਣੇ (Satinder Sartaj song for Akshay Kumar new film) ਨੂੰ ਜਾਰੀ ਕਰ ਦਿੱਤਾ ਗਿਆ ਹੈ।
‘ਪੂਜਾ ਇੰਟਰਟੇਨਮੈਂਟ ਪ੍ਰੋਡੋਕਸ਼ਨ ਹਾਊਸ’ ਦੇ ਬੈਨਰ ਹੇਠ ਨਿਰਮਾਤਾ ਵਾਸੂ ਬਗਨਾਨੀ ਵੱਲੋਂ ਨਿਰਮਿਤ ਕੀਤੀ ਗਈ ਉਕਤ ਫਿਲਮ ਵਿਚ ਸ਼ਾਮਿਲ ਕੀਤੇ ਗਏ ਅਤੇ ਸਤਿੰਦਰ ਸਰਤਾਜ ਦੁਆਰਾ ਗਾਣੇ ‘ਜਲਸਾ’ ਨੇ ਰਿਲੀਜ਼ ਹੁੰਦਿਆਂ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮਜ਼ 'ਤੇ ਧੂਮ ਅਤੇ ਧਮਾਲ ਮਚਾ ਦਿੱਤੀ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਜਾ ਰਿਹਾ ਹੈ।
ਪੰਜਾਬ ਦੀ ਮਸ਼ਹੂਰ ਸਖ਼ਸ਼ੀਅਤ ਇੰਜੀਨੀਅਰ ਜਸਵੰਤ ਸਿੰਘ ਗਿੱਲ ਵੱਲੋਂ ਕੀਤੇ ਇਕ ਅਹਿਮ ਰੈਸਕਿਊ ਅਪਰੇਸ਼ਨ 'ਤੇ ਆਧਾਰਿਤ ਇਸ ਫਿਲਮ ਵਿਚਲੇ ਉਕਤ ਗਾਣੇ ਨੂੰ ਅਕਸ਼ੈ ਕੁਮਾਰ ਅਤੇ ਪਰਿਣੀਤੀ ਚੋਪੜਾ 'ਤੇ ਫਿਲਮਬੱਧ ਕੀਤਾ ਹੈ, ਜਿਸ ਵਿਚ ਦੋਨੋਂ ਠੇਠ ਪੰਜਾਬੀ ਪਹਿਰਾਵਿਆਂ ਵਿਚ ਹਨ ਅਤੇ ਕਾਫ਼ੀ ਜੱਚ ਰਹੇ ਹਨ। ਪੁਰਾਤਨ ਪੰਜਾਬ ਦੀਆਂ ਵੱਖ-ਵੱਖ ਵੰਨਗੀਆਂ ਦੀ ਤਰਜ਼ਮਾਨੀ ਕਰਦੇ ਇਸ ਗਾਣੇ ਦੇ ਬੋਲ ਸਤਿੰਦਰ ਸਰਤਾਜ ਦੇ ਹਨ, ਜਦਕਿ ਇਸ ਦਾ ਮਿਊਜ਼ਿਕ ਪ੍ਰੇਮ ਅਤੇ ਹਰਦੀਪ ਵੱਲੋਂ ਸੰਗੀਤਬੱਧ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਆਪਣੇ ਗਾਇਕੀ ਕਰੀਅਰ ਦਾ ਸ਼ਿਖਰ ਸਫ਼ਰ ਹੰਢਾ ਰਹੇ ਸਤਿੰਦਰ ਸਰਤਾਜ (Satinder Sartaj song for Akshay Kumar new film) ਦਾ ਸਿਤਾਰਾ ਅੱਜਕੱਲ੍ਹ ਬੁਲੰਦੀਆਂ 'ਤੇ ਹੈ, ਜਿੰਨ੍ਹਾਂ ਵੱਲੋਂ ਮੁੰਬਈ ਵਿਖੇ ਗਾਏ ਹਾਲੀਆਂ ਲਾਈਵ ਕੰਨਸਰਟ ਨੂੰ ਬਹੁਤ ਹੀ ਭਰਵਾਂ ਹੁੰਗਾਰਾਂ ਮਿਲਿਆ ਸੀ ਅਤੇ ਮਾਣ ਵਾਲੀ ਗੱਲ ਇਹ ਵੀ ਰਹੀ ਕਿ ਇਸ ਸ਼ੋਅ ਵਿਚ ਸੰਜੇ ਦੱਤ ਸਮੇਤ ਕਈ ਨਾਮੀ ਗਿਰਾਮੀ ਫਿਲਮੀ ਸ਼ਖ਼ਸ਼ੀਅਤਾਂ ਨੇ ਸ਼ਿਰਕਤ ਕੀਤੀ ਅਤੇ ਉਨਾਂ ਦੀ ਗਾਇਕੀ ਨੂੰ ਰੱਜਵਾਂ ਸਲਾਹਿਆ। ਇਸੇ ਸਲਾਹੁਤਾ ਦੇ ਨਤੀਜੇ ਵਜੋਂ ਸਾਹਮਣੇ ਆਇਆ ਹੈ ਕਿ ਉਕਤ ਗੀਤ, ਜਿਸ ਨਾਲ ਇਸ ਬਾ-ਕਮਾਲ ਗਾਇਕ ਦੀ ਸਰਦਾਰੀ ਅਤੇ ਚੜ੍ਹਤ ਪੰਜਾਬੀ ਤੋਂ ਬਾਅਦ ਹੁਣ ਹਿੰਦੀ ਸਿਨੇਮਾ ਸੰਗੀਤ ਗਲਿਆਰਿਆਂ ਵਿਚ ਵੀ ਕਾਇਮ ਹੋ ਗਈ ਹੈ।
ਮਾਇਆਨਗਰੀ ਮੁੰਬਈ ਵਿਚ ਪੰਜਾਬੀਅਤ ਦਾ ਰੁਤਬਾ ਬੁਲੰਦ ਕਰ ਰਹੇ ਸਟਾਰ ਦਿਲਜੀਤ ਦੁਸਾਂਝ ਤੋਂ ਬਾਅਦ ਸਤਿੰਦਰ ਸਰਤਾਜ ਦੀ ਗਾਇਕੀ ਕਲਾਵਾਂ ਦੀ ਮੰਗ ਇੰਨ੍ਹੀ ਦਿਨ੍ਹੀ ਮੁੰਬਈ ਸੰਗੀਤ ਜਗਤ ਵਿਚ ਲਗਾਤਾਰ ਵੱਧ ਰਹੀ ਹੈ, ਜਿੰਨ੍ਹਾਂ ਵੱਲੋਂ ਗਾਏ ਕਈ ਹੋਰ ਗਾਣੇ ਵੀ ਆਉਣ ਵਾਲੀਆਂ ਕਈ ਵੱਡੀਆਂ ਅਤੇ ਮਲਟੀ-ਸਟਾਰਰ ਹਿੰਦੀ ਫਿਲਮਾਂ ਨੂੰ ਚਾਰ ਚੰਨ ਲਾਉਣ ਵਿਚ ਅਹਿਮ ਭੂਮਿਕਾ ਨਿਭਾਉਣਗੇ।
ਕਪਿਲ ਸ਼ਰਮਾ-ਗੁਰਪ੍ਰੀਤ ਘੁੱਗੀ-ਬੀ ਪਰਾਕ-ਜ਼ਾਨੀ ਤੋਂ ਬਾਅਦ ਅਕਸ਼ੈ ਕੁਮਾਰ ਦੀ ਪਸੰਦ ਲਿਸਟ ਵਿਚ ਸ਼ਾਮਿਲ ਹੋ ਚੁੱਕੇ ਗਾਇਕ ਸਤਿੰਦਰ ਸਰਤਾਜ ਆਉਣ ਵਾਲੇ ਦਿਨ੍ਹਾਂ ਵਿਚ ਇਸ ਉੱਚ-ਕੋਟੀ ਸਟਾਰ ਦੇ ਕਈ ਅਹਿਮ ਪ੍ਰੋਜੈਕਟਾਂ ਦਾ ਪਲੇਬੈਕ ਅਤੇ ਅਦਾਕਾਰ ਵਜੋਂ ਵੀ ਹਿੱਸਾ ਬਣੇ ਸਾਹਮਣੇ ਆ ਸਕਦੇ ਹਨ।
ਉਲੇਖ਼ਯੋਗ ਹੈ ਕਿ ਮੁੰਬਈ ਦੇ ਐਮ.ਵੀ ਸਟੂਡਿਓ ਵਿਚ ਰੀ-ਰਿਕਾਰਡ ਕੀਤੇ ਗਏ ਅਤੇ ਸਭ ਤੋਂ ਪਹਿਲਾਂ ਮੋਹਾਲੀ ਦੇ ਸੰਗੀਤਕ ਸਟੂਡਿਓਜ਼ ਵਿਚ ਰਿਕਾਰਡ ਕੀਤੇ ਗਏ ਗਾਇਕ ਸਤਿੰਦਰ ਸਰਤਾਜ (Satinder Sartaj Song Jalsa release) ਦੇ ਉਕਤ ਗਾਣੇ ਨਾਲ ਜੁੜਿਆ ਇਕ ਅਹਿਮ ਫੈਕਟ ਇਹ ਵੀ ਹੈ ਕਿ ਕਰੀਬ ਦੋ ਸਾਲ ਪਹਿਲਾਂ ਇਸ ਗਾਣੇ ਨੂੰ ਸਾਧਾਰਨ ਪਰ ਪ੍ਰਭਾਵੀ ਸੰਗੀਤਕ ਆਡਿਓ ਰੂਪ ਵਿਚ ਹੀ ਸੋਸ਼ਲ ਪਲੇਟਫਾਰਮ 'ਤੇ ਜਾਰੀ ਕਰ ਦਿੱਤਾ ਗਿਆ ਸੀ, ਉਸ ਸਮੇਂ ਇਸ ਦਾ ਮਿਊਜ਼ਿਕ ਵੀਡੀਓ ਵੀ ਨਹੀਂ ਬਣਾਇਆ ਗਿਆ ਸੀ, ਜਿਸ ਨਾਲ ਜੁੜੀ ਸਾਰੀ ਸੰਗੀਤਕ ਟੀਮ, ਜੋ ਜਿਆਦਾਤਰ ਨਵੀਆਂ ਪ੍ਰਤਿਭਾਵਾਂ ਆਧਾਰਿਤ ਸੀ। ਉਸ ਸਮੇਂ ਇਸ ਗਾਣੇ 'ਤੇ ਕੀਤੀ ਜੀਅ ਜਾਨ ਮਿਹਨਤ ਦਾ ਬਣਦਾ ਲਾਹਾ ਨਹੀਂ ਉਠਾ ਸਕੀ ਸੀ, ਜਿਸ ਦੀ ਕਿਸਮਤ ਸਤਿੰਦਰ ਸਰਤਾਜ ਦੀ ਹਾਲੀਆ ਸਫ਼ਲਤਾ ਅਤੇ ਰਿਲੀਜ਼ ਹੋਏ ‘ਮਿਸ਼ਨ ਰਾਣੀਗੰਜ’ ਦੇ ਸੰਬੰਧਤ ਗਾਣੇ ਨੇ ਚਮਕਾ ਦਿੱਤੀ ਹੈ।