ਪੰਜਾਬ

punjab

ETV Bharat / entertainment

Balraj Syal: ਬਤੌਰ ਨਿਰਦੇਸ਼ਕ ਨਵੀਂ ਸਿਨੇਮਾ ਪਾਰੀ ਲਈ ਤਿਆਰ ਨੇ ਸਟੈੱਡਅਪ ਕਾਮੇਡੀਅਨ-ਲੇਖਕ ਬਲਰਾਜ ਸਿਆਲ, ‘ਆਪਣੇ ਘਰ ਬੇਗਾਨੇ’ ਜਲਦ ਕਰਨਗੇ ਦਰਸ਼ਕਾਂ ਦੇ ਸਨਮੁੱਖ - ਪੰਜਾਬੀ ਸਿਨੇਮਾ

Balraj Syal Film: ਸਟੈੱਡਅਪ ਕਾਮੇਡੀਅਨ-ਲੇਖਕ ਬਲਰਾਜ ਸਿਆਲ ਨਵੀਂ ਸਿਨੇਮਾ ਪਾਰੀ ਸ਼ੁਰੂ ਕਰਨ ਜਾ ਰਹੇ ਹਨ, ਕਾਮੇਡੀਅਨ ਜਲਦ ਹੀ ਬਤੌਰ ਨਿਰਦੇਸ਼ਕ ਫਿਲਮ ‘ਆਪਣੇ ਘਰ ਬੇਗਾਨੇ’ ਲੈ ਕੇ ਆ ਰਹੇ ਹਨ।

Balraj Syal
Balraj Syal

By ETV Bharat Punjabi Team

Published : Sep 6, 2023, 1:27 PM IST

ਚੰਡੀਗੜ੍ਹ: ਛੋਟੇ ਪਰਦੇ ਦੇ ਬੇਹਤਰੀਨ ਸਟੈੱਡਅਪ ਕਾਮੇਡੀਅਨ-ਹੋਸਟ ਅਤੇ ਲੇਖਕ ਵਜੋਂ ਸ਼ਾਨਦਾਰ ਪਹਿਚਾਣ ਸਥਾਪਿਤ ਕਰ ਚੁੱਕੇ ਬਲਰਾਜ ਸਿਆਲ ਹੁਣ ਬਤੌਰ ਨਿਰਦੇਸ਼ਕ ਆਪਣੀ ਨਵੀਂ ਸਿਨੇਮਾ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ, ਜੋ ਫਿਲਮਕਾਰ ਦੇ ਤੌਰ 'ਤੇ ਪੰਜਾਬੀ ਫਿਲਮ ‘ਆਪਣੇ ਘਰ ਬੇਗਾਨੇ’ ਜਲਦ ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਹੇ ਹਨ।

‘ਜੀਐਫ਼ਐਮ ਅਤੇ ਰਵਾਈਜਿੰਗ ਇੰਟਰਟੇਨਮੈਂਟ‘ ਦੇ ਬੈਨਰਜ਼ ਹੇਠ ਬਣੀ ਇਸ ਫਿਲਮ ਦਾ ਨਿਰਮਾਣ ਪਰਮਜੀਤ ਸਿੰਘ, ਰਵਿਸ਼ ਅਬਰੋਲ, ਅਕਾਸ਼ਦੀਪ ਚੈੱਲੀ ਅਤੇ ਗਗਨਦੀਪ ਸਿੰਘ ਚੈੱਲੀ ਵੱਲੋਂ ਕੀਤਾ ਗਿਆ ਹੈ। ਕੈਨੇਡਾ ਦੀਆਂ ਖੂਬਸੂਰਤ ਲੋਕੇਸ਼ਨਜ਼ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਫਿਲਮਾਈ ਗਈ ਇਸ ਫਿਲਮ ਦੇ ਕ੍ਰਿਏਟਿਵ ਨਿਰਦੇਸ਼ਕ ਦਵਿੰਦਰ ਸਿੰਘ ਹਨ।

ਬਲਰਾਜ ਸਿਆਲ ਦੀ ਫਿਲਮ ਦਾ ਪੋਸਟਰ

ਉਕਤ ਫਿਲਮ ਸੰਬੰਧੀ ਜਾਣਕਾਰੀ ਦਿੰਦਿਆਂ ਫਿਲਮ ਦੇ ਨਿਰਦੇਸ਼ਕ ਬਲਰਾਜ ਸਿਆਲ ਨੇ ਦੱਸਿਆ ਕਿ ਬਹੁਤ ਹੀ ਭਾਵਨਾਤਮਕ ਅਤੇ ਪਰਿਵਾਰਿਕ-ਡਰਾਮਾ ਦੁਆਲੇ ਬੁਣੀ ਗਈ ਹੈ ਇਹ ਫਿਲਮ, ਜਿਸ ਵਿਚ ਟੁੱਟ ਰਹੇ ਆਪਸੀ ਰਿਸ਼ਤਿਆਂ ਅਤੇ ਆਧੁਨਿਕਤਾ ਦੇ ਇਸ ਦੌਰ ਵਿਚ ਗੁਆਚ ਰਹੀਆਂ ਪੁਰਾਣੀਆਂ ਸਾਂਝਾ ਨੂੰ ਬਹੁਤ ਹੀ ਭਾਵਪੂਰਨ ਢੰਗ ਨਾਲ ਪ੍ਰਤੀਬਿੰਬ ਕੀਤਾ ਗਿਆ ਹੈ।

ਪੰਜਾਬੀ ਸਿਨੇਮਾ ਲਈ ਬਣੀਆਂ ‘ਅੰਬਰਸਰੀਆ’, ‘ਕਪਤਾਨ’, ‘ਤੂੰ ਮੇਰਾ ਬਾਈ ਮੈਂ ਤੇਰਾ ਬਾਈ’, ‘ਜੱਟ ਬੁਆਏਜ਼ ਪੁੱਤ ਜੱਟਾਂ ਦੇ’, ‘ਕਬੱਡੀ ਵੰਨਸ ਅਗੇਨ’, ‘ਹੀਰ ਐਂਡ ਹੀਰੋ’ ਆਦਿ ਜਿਹੀਆਂ ਕਈ ਚਰਚਿਤ ਅਤੇ ਮਿਆਰੀ ਫਿਲਮਾਂ ਦਾ ਲੇਖਨ ਕਰ ਚੁੱਕੇ ਇਸ ਹੋਣਹਾਰ ਲੇਖਕ, ਫਿਲਮਕਾਰ ਨੇ ਅੱਗੇ ਦੱਸਿਆ ਕਿ ਬਹੁਤ ਹੀ ਤਕਨੀਕੀ ਪੱਖੋਂ ਬੇਹੱਦ ਉਚ ਪੱਧਰੀ ਕੈਨਵਸ ਅਤੇ ਸੈੱਟਅੱਪ ਅਧੀਨ ਬਣਾਈ ਗਈ ਇਸ ਫਿਲਮ ਦੇ ਹੋਰਨਾਂ ਅਹਿਮ ਪਹਿਲੂਆਂ ਦਾ ਰਸਮੀ ਖੁਲਾਸਾ ਜਲਦ ਕੀਤਾ ਜਾਵੇਗਾ।

ਬਲਰਾਜ ਸਿਆਲ

ਮੂਲ ਰੂਪ ਵਿਚ ਪੰਜਾਬ ਦੇ ਉਦਯੋਗਿਕ ਸ਼ਹਿਰ ਜਲੰਧਰ ਨਾਲ ਤਾਲੁਕ ਰੱਖਦੇ ਇਸ ਪ੍ਰਤਿਭਾਵਾਨ ਅਤੇ ਜ਼ਹੀਨ ਪੰਜਾਬੀ ਨੌਜਵਾਨ ਨੇ ਆਪਣੇੇ ਹੁਣ ਤੱਕ ਦੇ ਸਫ਼ਰ ਵੱਲ ਨਜ਼ਰਸਾਨੀ ਕਰਵਾਉਂਦਿਆਂ ਦੱਸਿਆ ਕਿ ਉਨਾਂ ਆਪਣੇ ਅਦਾਕਾਰੀ ਕਰੀਅਰ ਦਾ ਆਗਾਜ਼ ਸਟੈੱਡਅਪ ਕਾਮੇਡੀਅਨ ਦੇ ਤੌਰ 'ਤੇ ਕੀਤਾ, ਜਿਸ ਦੌਰਾਨ ਉਨ੍ਹਾਂ ਨੇ ਕਈ ਬਹੁਚਰਚਿਤ ਅਤੇ ਮਕਬੂਲ ਟੀ.ਵੀ. ਰਿਐਲਟੀ ਸੋਅਜ਼ ਕੀਤੇ, ਜਿੰਨ੍ਹਾਂ ‘ਕਾਮੇਡੀ ਕਲਾਸਿਸ’, ‘ਇੰਟਰਟੇਨਮੈਂਟ ਕੀ ਰਾਤ’, ‘ਮੁਝਸੇ ਸ਼ਾਦੀ ਕਰੋਗੀ’, ‘ਜੀ ਕਾਮੇਡੀ ਸੋਅਜ਼’, ‘ਆਪਣਾ ਨਿਊਜ਼ ਆਏਗਾ’, ‘ਮੂਵੀਜ਼ ਮਸਤੀ ਵਿਦ ਮਨੀਸ਼ ਪਾਲ’, ‘ਖਤਰੋ ਕੇ ਖਿਲਾੜ੍ਹੀ’, ‘ਕੁਝ ਸਮਾਈਲ ਹੋ ਜਾਏ ਵਿਦ ਆਲਿਆ’ ਆਦਿ ਸ਼ੁਮਾਰ ਰਹੇ, ਜਿੰਨ੍ਹਾਂ ਨੇ ਉਸ ਦੇ ਕਰੀਅਰ ਨੂੰ ਉੱਚੀ ਪਰਵਾਜ਼ ਅਤੇ ਮਾਣਮੱਤਾ ਵਜ਼ੂਦ ਦੇਣ ਵਿਚ ਅਹਿਮ ਭੂਮਿਕਾ ਨਿਭਾਈ।

ਛੋਟੇ ਪਰਦੇ, ਫਿਲਮਜ਼ ਦੇ ਖੇਤਰ ਵਿਚ ਕਾਮੇਡੀਅਨ, ਹੋਸਟ ਅਤੇ ਲੇਖਕ ਵਜੋਂ ਪੜ੍ਹਾਅ ਦਰ ਪੜ੍ਹਾਅ ਕਈ ਅਹਿਮ ਪ੍ਰਾਪਤੀਆਂ ਆਪਣੀ ਝੋਲੀ ਪਾਉਣ ਵਿਚ ਸਫ਼ਲ ਰਹੇ ਇਸ ਬਹੁਪੱਖੀ ਅਦਾਕਾਰ ਨੇ ਦੱਸਿਆ ਕਿ ਨਿਰਦੇਸ਼ਕ ਦੇ ਤੌਰ 'ਤੇ ਉਨਾਂ ਦਾ ਉਦੇਸ਼ ਅਜਿਹੀਆਂ ਮਿਆਰੀ ਅਤੇ ਪੰਜਾਬੀਅਤ ਦੀ ਤਰਜ਼ਮਾਨੀ ਕਰਦੀਆਂ ਫਿਲਮਾਂ ਬਣਾਉਣ ਦਾ ਹੈ, ਜਿਸ ਵਿਚ ਆਪਣੀ ਮਿੱਟੀ ਦੀ ਖੁਸ਼ਬੂ ਅਤੇ ਰਿਸ਼ਤਿਆਂ ਦਾ ਨਿੱਘ ਬਰਕਰਾਰ ਰਹੇ, ਜਿਸ ਨਾਲ ਨੌਜਵਾਨ ਪੀੜ੍ਹੀ ਨੂੰ ਆਪਣੇ ਅਸਲ ਸਰਮਾਏ ਨਾਲ ਜੋੜਿਆ ਜਾ ਸਕੇ।

ABOUT THE AUTHOR

...view details