ਮੁੰਬਈ (ਬਿਊਰੋ): ਬਾਲੀਵੁੱਡ ਦੇ 'ਬਾਦਸ਼ਾਹ' ਸ਼ਾਹਰੁਖ ਖਾਨ ਦੀ ਫਿਲਮ 'ਡੰਕੀ' ਖਾਨ ਦੇ ਪ੍ਰਸ਼ੰਸਕਾਂ 'ਚ ਖੂਬ ਚਰਚਾ ਬਟੋਰ ਰਹੀ ਹੈ। ਡੰਕੀ 21 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ ਅਤੇ ਫਿਲਮ ਦੀ ਐਡਵਾਂਸ ਬੁਕਿੰਗ ਜ਼ੋਰਾਂ 'ਤੇ ਚੱਲ ਰਹੀ ਹੈ। ਇੱਥੇ ਸ਼ਾਹਰੁਖ ਖਾਨ ਦੇ ਪ੍ਰਸ਼ੰਸਕਾਂ ਵਿੱਚ ਡੰਕੀ ਨੂੰ ਲੈ ਕੇ ਇੱਕ ਵੱਖਰਾ ਸਵੈਗ, ਕ੍ਰੇਜ਼ ਅਤੇ ਉਤਸ਼ਾਹ ਹੈ।
ਪੰਜਾਬੀ ਪਿਛੋਕੜ 'ਤੇ ਬਣੀ ਫਿਲਮ 'ਡੰਕੀ' ਨੂੰ ਚੰਡੀਗੜ੍ਹ 'ਚ ਵੀ ਸ਼ਾਹਰੁਖ ਖਾਨ ਦੇ ਪ੍ਰਸ਼ੰਸਕਾਂ ਵਲੋਂ ਕਾਫੀ ਪਿਆਰ ਮਿਲ ਰਿਹਾ ਹੈ। ਹੁਣ ਸ਼ਾਹਰੁਖ ਖਾਨ ਦੀ ਫਿਲਮ 'ਡੰਕੀ' ਦੇ ਜਲੰਧਰ 'ਚ ਫਸਟ ਡੇਅ ਫਸਟ ਸ਼ੋਅ ਬੁੱਕ ਕਰਨ ਲਈ ਚੰਡੀਗੜ੍ਹ ਦੇ ਪ੍ਰਸ਼ੰਸਕ ਢੋਲ ਨਾਲ ਟਰੈਕਟਰਾਂ 'ਤੇ ਪਹੁੰਚ ਗਏ ਹਨ।
ਦੱਸ ਦਈਏ ਕਿ ਸ਼ਾਹਰੁਖ ਖਾਨ ਦੇ ਫੈਨ ਕਲੱਬ ਨੇ ਇਸ ਵੀਡੀਓ ਨੂੰ ਐਕਸ ਹੈਂਡਲ 'ਤੇ ਸ਼ੇਅਰ ਕੀਤਾ ਹੈ। ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਕਿੰਗ ਖਾਨ ਦੇ ਪ੍ਰਸ਼ੰਸਕਾਂ 'ਚ ਪੂਰਾ ਉਤਸ਼ਾਹ ਦੇਖਿਆ ਜਾ ਰਿਹਾ ਹੈ। ਕਈ ਪ੍ਰਸ਼ੰਸਕ ਪੰਜਾਬੀ ਪਹਿਰਾਵੇ 'ਚ ਢੋਲ 'ਤੇ ਨੱਚ ਰਹੇ ਹਨ, ਜਦਕਿ ਕਈ ਗੁਰਦੁਆਰਾ ਸਾਹਿਬ 'ਚ ਅਰਦਾਸ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਸ਼ਾਹਰੁਖ ਖਾਨ ਦੇ ਪ੍ਰਸ਼ੰਸਕ ਪਹਿਲੇ ਦਿਨ ਦੇ ਪਹਿਲੇ ਸ਼ੋਅ ਦੀਆਂ ਟਿਕਟਾਂ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਜਲੰਧਰ ਦੇ ਢਿੱਲੋਂ ਪਲਾਜ਼ਾ ਦੇ ਬਾਹਰ ਪ੍ਰਸ਼ੰਸਕ ਜਸ਼ਨ ਮਨਾਉਂਦੇ ਹੋਏ ਨਜ਼ਰੀ ਪਏ। ਇਸ ਦੌਰਾਨ ਸ਼ਾਹਰੁਖ ਖਾਨ ਦੇ ਪ੍ਰਸ਼ੰਸਕ ਟਰੈਕਟਰਾਂ 'ਤੇ ਇੱਥੇ ਪਹੁੰਚੇ।
ਡੰਕੀ ਬਾਰੇ: ਹਿੱਟ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਦੀ ਫਿਲਮ 'ਡੰਕੀ' 21 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ। ਫਿਲਮ 'ਚ ਸ਼ਾਹਰੁਖ ਖਾਨ ਹਰਦਿਆਲ ਸਿੰਘ ਉਰਫ ਹਾਰਡੀ ਦਾ ਕਿਰਦਾਰ ਨਿਭਾਅ ਰਹੇ ਹਨ। ਇਸ ਦੇ ਨਾਲ ਹੀ ਫਿਲਮ 'ਚ ਵਿੱਕੀ ਕੌਸ਼ਲ, ਤਾਪਸੀ ਪੰਨੂ ਅਤੇ ਬੋਮਨ ਇਰਾਨੀ ਵੀ ਅਹਿਮ ਭੂਮਿਕਾਵਾਂ 'ਚ ਹਨ।
ਫਿਲਮ 'ਚ ਸ਼ਾਹਰੁਖ ਦੇ ਇਹ ਸਾਰੇ ਦੋਸਤ ਬਿਨਾਂ ਵੀਜ਼ੇ ਦੇ ਲੰਡਨ 'ਚ ਦਾਖਲ ਹੁੰਦੇ ਹਨ, ਉਨ੍ਹਾਂ ਨੂੰ ਰਸਤੇ 'ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਦੋਂ ਉਹ ਲੰਡਨ ਪਹੁੰਚਦੇ ਹਨ ਤਾਂ ਉੱਥੇ ਦੀ ਪੁਲਿਸ ਉਨ੍ਹਾਂ ਨੂੰ ਫੜ ਕੇ ਅਦਾਲਤ 'ਚ ਪੇਸ਼ ਕਰਦੀ ਹੈ। ਬਾਕੀ ਕਹਾਣੀ ਕੀ ਹੈ ਇਹ ਤਾਂ ਫਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ।