ਹੈਦਰਾਬਾਦ:ਸ਼ਾਹਰੁਖ ਖਾਨ ਦੀ 2023 ਦੀ ਦੂਜੀ ਫਿਲਮ ਜਵਾਨ ਰਿਲੀਜ਼ ਲਈ ਤਿਆਰ ਹੈ। ਅੰਕੜੇ ਦੱਸਦੇ ਹਨ ਜਵਾਨ ਬਾਕਸ ਆਫਿਸ ਉਤੇ ਧਮਾਕਾ ਕਰਨ ਜਾ ਰਹੀ ਹੈ, ਕਿਉਂਕਿ ਜਵਾਨ ਲਈ ਐਡਵਾਂਸ ਬੁਕਿੰਗ ਫਿਲਮ ਦੇ ਬਲਾਕਬਸਟਰ ਹੋਣ ਦਾ ਸੰਕੇਤ ਦੇ ਰਹੀ ਹੈ। ਜਵਾਨ ਦੀ ਐਡਵਾਂਸ ਬੁਕਿੰਗ 1 ਸਤੰਬਰ ਨੂੰ ਸ਼ੁਰੂ ਹੋਈ ਸੀ ਅਤੇ ਭਾਰਤ ਵਿੱਚ ਫਿਲਮ ਦੀਆਂ ਲਗਭਗ 6 ਲੱਖ ਟਿਕਟਾਂ ਪਹਿਲਾਂ ਹੀ ਵਿਕ ਚੁੱਕੀਆਂ ਹਨ।
ਇਹ ਫਿਲਮ ਸ਼ਾਹਰੁਖ ਖਾਨ ਲਈ ਇੱਕ ਵਿਲੱਖਣ ਰਿਕਾਰਡ ਕਾਇਮ ਕਰ ਸਕਦੀ ਹੈ। ਪਠਾਨ ਦੇ ਨਾਲ ਸਾਲ ਦੀ ਸ਼ਾਨਦਾਰ ਸ਼ੁਰੂਆਤ ਕਰਨ ਵਾਲਾ ਸੁਪਰਸਟਾਰ ਇੱਕ ਸਾਲ ਵਿੱਚ ਲਗਾਤਾਰ ਦੋ ਵਿਸ਼ਵਵਿਆਪੀ ਓਪਨਰ 100 ਕਰੋੜ ਰੁਪਏ ਕਮਾਉਣ ਵਾਲਾ ਪਹਿਲਾਂ ਭਾਰਤੀ ਅਦਾਕਾਰ ਬਣਨ ਲਈ ਤਿਆਰ ਹੈ।
ਜਵਾਨ ਦੀ ਐਡਵਾਂਸ ਬੁਕਿੰਗ:ਜਵਾਨ ਦੀ ਹਿੰਦੀ ਭਾਸ਼ਾ ਲਈ ਐਡਵਾਂਸ ਬੁਕਿੰਗ ਲਗਭਗ 5,41,126 ਹੈ, ਜੋ ਕਿ ਕੁੱਲ 15.59 ਕਰੋੜ ਰੁਪਏ ਹੈ। ਇਸ ਦੌਰਾਨ ਤਾਮਿਲ ਭਾਸ਼ਾ ਲਈ 19,899 ਟਿਕਟਾਂ ਵਿਕੀਆਂ ਹਨ, ਜਦੋਂ ਕਿ ਤੇਲਗੂ ਭਾਸ਼ਾ ਲਈ 16,230 ਟਿਕਟਾਂ ਦੀ ਸੇਲ ਹੋ ਚੁੱਕੀ ਹੈ। ਇਸ ਨਾਲ ਭਾਰਤ ਵਿੱਚ ਜਵਾਨ ਦੀ ਐਡਵਾਂਸ ਬੁਕਿੰਗ ਦੀ ਕੁੱਲ ਰਕਮ 16.93 ਕਰੋੜ ਰੁਪਏ ਹੋ ਗਈ ਹੈ।
ਵਿਦੇਸ਼ਾਂ ਵਿੱਚ ਵੀ ਜਵਾਨ ਦੀ ਕਾਫੀ ਚਰਚਾ ਹੋ ਰਹੀ ਹੈ। ਵਪਾਰ ਵਿਸ਼ਲੇਸ਼ਕ ਨਿਸ਼ਿਤ ਸ਼ਾਅ ਦੇ ਅਨੁਸਾਰ 'ਯੂਕੇ ਵਿੱਚ ਜਵਾਨ ਦਾ ਪਹਿਲਾਂ ਦਿਨ ਪਠਾਨ ਨੂੰ ਹਰਾ ਸਕਦਾ ਹੈ।" ਕਿਉਂਕਿ ਅਡਵਾਂਸ ਬੁਕਿੰਗ ਲਈ UK ਵਿੱਚ ਭਾਰੀ ਵਾਧਾ ਦੇਖਿਆ ਗਿਆ ਹੈ। ਨਿਸ਼ਿਤ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਜਵਾਨ ਦੀ ਸ਼ਾਨਦਾਰ ਪ੍ਰੀ-ਵਿਕਰੀ ਨਾਲ ਪਠਾਨ ਫਿਲਮ ਵੀ ਪਿੱਛੇ ਰਹਿ ਸਕਦੀ ਹੈ ਅਤੇ ਜਵਾਨ ਫਿਲਮ ਪਹਿਲੇ ਦਿਨ ਵਰਲਡ ਵਾਈਡ 100 ਕਰੋੜ ਕਮਾ ਸਕਦੀ ਹੈ। ਜੇਕਰ ਜਵਾਨ ਬਾਕਸ ਆਫਿਸ 'ਤੇ ਸ਼ਾਅ ਦੁਆਰਾ ਕੀਤੀ ਭਵਿੱਖਬਾਣੀ ਸੱਚ ਸਾਬਤ ਹੁੰਦੀ ਹੈ ਤਾਂ ਕਿੰਗ ਖਾਨ ਪਹਿਲੇ ਬਾਲੀਵੁੱਡ ਅਦਾਕਾਰ ਹੋਣਗੇ ਜਿਨ੍ਹਾਂ ਨੇ ਦੁਨੀਆ ਭਰ 'ਚ 100 ਕਰੋੜ ਰੁਪਏ ਦੋ ਵਾਰ ਕਮਾਏ ਹੋਣਗੇ।
ਤੁਹਾਨੂੰ ਦੱਸ ਦਈਏ ਕਿ ਫਿਲਮ ਦੇ ਟ੍ਰੇਲਰ ਨੂੰ ਵੀ ਚੰਗਾ ਹੁੰਗਾਰਾ ਮਿਲਿਆ ਹੈ, ਟ੍ਰੇਲਰ ਜੋ ਕਿ 31 ਅਗਸਤ ਨੂੰ ਰਿਲੀਜ਼ ਹੋਇਆ ਸੀ, ਹੁਣ ਇਕੱਲੇ ਉਸਨੂੰ ਯੂਟਿਊਬ 'ਤੇ 41 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਅਨਿਰੁਧ ਰਵੀਚੰਦਰ ਦੇ 'ਜ਼ਿੰਦਾ ਬੰਦਾ' ਨੂੰ 64 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ, ਜਿਸ ਨਾਲ ਗੀਤ ਬਾਲੀਵੁੱਡ ਵਿੱਚ ਤਰੰਗਾਂ ਪੈਦਾ ਕਰ ਰਿਹਾ ਹੈ।
ਜਵਾਨ ਬਾਰੇ: ਐਟਲੀ ਦੁਆਰਾ ਨਿਰਦੇਸ਼ਤ ਜਵਾਨ ਵਿੱਚ ਤਾਮਿਲ ਫਿਲਮ ਉਦਯੋਗ ਦੇ ਦੋ ਸਭ ਤੋਂ ਵੱਡੇ ਸਿਤਾਰੇ, ਨਯਨਤਾਰਾ ਅਤੇ ਵਿਜੇ ਸੇਤੂਪਤੀ ਵੀ ਹਨ, ਜਦੋਂ ਕਿ ਦੀਪਿਕਾ ਪਾਦੂਕੋਣ ਦੀ ਵਿਸ਼ੇਸ਼ ਦਿੱਖ ਨੇ ਲੋਕਾਂ ਆਕਰਸ਼ਿਤ ਕੀਤਾ ਹੈ। ਇਸ ਜੋੜੀ ਵਿੱਚ ਸਾਨਿਆ ਮਲਹੋਤਰਾ, ਪ੍ਰਿਆਮਣੀ, ਰਿਧੀ ਡੋਗਰਾ ਅਤੇ ਹੋਰ ਵੀ ਮੰਝੇ ਹੋਏ ਕਲਾਕਾਰ ਸ਼ਾਮਲ ਹਨ। ਜਵਾਨ 7 ਸਤੰਬਰ ਨੂੰ ਹਿੰਦੀ, ਤਾਮਿਲ ਅਤੇ ਤੇਲਗੂ ਵਿੱਚ ਸਿਨੇਮਾਘਰਾਂ ਵਿੱਚ ਆਉਣ ਲਈ ਤਿਆਰ ਹੈ।