ਪੰਜਾਬ

punjab

ETV Bharat / entertainment

ਤਵਿਆਂ ਦੇ ਯੁੱਗ ਤੋਂ ਲੈ ਕੇ ਆਧੁਨਿਕ ਸੰਗੀਤਕ ਦੌਰ ਤੱਕ ਸਰਦਾਰੀ ਕਾਇਮ ਕਰਨ 'ਚ ਸਫ਼ਲ ਰਹੇ ਨੇ ਲੋਕ ਗਾਇਕ ਕੁਲਦੀਪ ਮਾਣਕ, ਜਨਮਦਿਨ 'ਤੇ ਵਿਸ਼ੇਸ਼

Kuldeep Manak Birth Anniversary: ਦਿੱਗਜ ਲੋਕ ਗਾਇਕ ਕੁਲਦੀਪ ਮਾਣਕ ਅੱਜ ਜ਼ਿੰਦਾ ਹੁੰਦੇ ਤਾਂ ਆਪਣਾ ਜਨਮਦਿਨ ਮਨਾ ਰਹੇ ਹੁੰਦੇ। ਗਾਇਕ ਨੂੰ ਗਏ ਹੋਏ ਕਾਫੀ ਸਾਲ ਹੋ ਗਏ ਹਨ, ਪਰ ਗਾਇਕ ਅੱਜ ਵੀ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਜਿਉਂਦੇ ਹਨ, ਇਥੇ ਅਸੀਂ ਗਾਇਕ ਦੇ ਜਨਮਦਿਨ ਉਤੇ ਕੁੱਝ ਦਿਲਚਸਪ ਗੱਲਾਂ ਲੈ ਕੇ ਆਏ ਹਾਂ।

Kuldeep Manak
Kuldeep Manak

By ETV Bharat Entertainment Team

Published : Nov 15, 2023, 2:46 PM IST

ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਨਵੇਂ ਦਿਸਹਿੱਦੇ ਸਿਰਜਣ ਵਾਲੇ ਮਰਹੂਮ ਲੋਕ-ਗਾਇਕ ਕੁਲਦੀਪ ਮਾਣਕ ਨੂੰ ਕਲੀਆਂ ਦੇ ਬਾਦਸ਼ਾਹ ਵਜੋਂ ਵੀ ਜਾਣਿਆਂ ਜਾਂਦਾ ਰਿਹਾ ਹੈ, ਜਿੰਨ੍ਹਾਂ ਦਾ ਅਸਲ ਨਾਂਅ ਮਾਣਕ ਸਿੰਘ ਸੀ ਅਤੇ ਇੰਨ੍ਹਾਂ ਦਾ ਜਨਮ 15 ਨਵੰਬਰ 1951 ਨੂੰ ਮਾਲਵਾ ਦੇ ਜਿਲ੍ਹਾਂ ਬਠਿੰਡਾ ਅਧੀਨ ਪੈਂਦੇ ਪਿੰਡ ਜਲਾਲ ਵਿਖੇ ਇੱਕ ਸਧਾਰਨ ਪਰਿਵਾਰ ਵਿੱਚ ਹੋਇਆ ਸੀ।

ਪੰਜਾਬੀ ਲੋਕ-ਗਾਇਕੀ ਦੇ ਖੇਤਰ ਵਿੱਚ ਉੱਚ ਬੁਲੰਦੀਆਂ ਦਾ ਸਫ਼ਰ ਹੰਢਾਉਣ ਵਾਲੇ ਇਸ ਬਾ-ਕਮਾਲ ਫ਼ਨਕਾਰ ਦੀ 1968 ਤੋਂ 2011 ਦੇ ਸਮੇਂ ਦੌਰਾਨ ਐਸੀ ਤੂਤੀ ਬੋਲੀ ਕਿ ਉਨ੍ਹਾਂ ਹੋਰ ਕਿਸੇ ਗਾਇਕ ਦੇ ਪੈਰ ਨਹੀਂ ਲੱਗਣ ਦਿੱਤੇ ਅਤੇ ਪਿੰਡਾਂ ਦੀਆਂ ਸੱਥਾਂ ਤੋਂ ਲੈ ਕੇ ਦੇਸ਼-ਵਿਦੇਸ਼ ਦੇ ਵਿਹੜਿਆਂ ਤੱਕ ਦੇ ਸਰੋਤਿਆਂ ਅਤੇ ਦਰਸ਼ਕਾਂ ਨੇ ਉਨ੍ਹਾਂ ਦੀ ਅਨੂਠੀ ਗਾਇਕੀ ਦਾ ਰੱਜਵਾਂ ਆਨੰਦ ਮਾਣਿਆ।

ਪੁਰਾਤਨ ਸੰਗੀਤਕ ਸਾਜਾਂ ਤੂੰਬੀ, ਅਲਗੋਜਿਆਂ ਆਦਿ ਨਾਲ ਪੰਜਾਬੀ ਸੰਗੀਤਕ ਖੇਤਰ ਵਿੱਚ ਆਪਣੀ ਗਾਇਕੀ ਦੀ ਧੱਕ ਪਾਉਣ ਵਾਲੇ ਇਸ ਅਜ਼ੀਮ ਫ਼ਨਕਾਰ ਨੇ ਐਚ.ਐਮ.ਵੀ ਦੇ ਤਵਿਆਂ ਦੇ ਯੁੱਗ ਤੋਂ ਲੈ ਕੇ ਟੀ-ਸੀਰੀਜ਼ ਦੇ ਆਧੁਨਿਕ ਸੰਗੀਤਕ ਦੌਰ ਤੱਕ ਆਪਣੀ ਸਰਦਾਰੀ ਲਗਾਤਾਰ ਕਾਇਮ ਰੱਖੀ ਅਤੇ ਆਪਣੀ ਸ਼ਾਨਦਾਰ ਗਾਇਕੀ ਦਾ ਕਈ ਸਾਲਾਂ ਤੱਕ ਲੋਹਾ ਮੰਨਵਾਉਣ ਵਿਚ ਸਫ਼ਲ ਰਹੇ।

ਕੁਲਦੀਪ ਮਾਣਕ

'ਮਾਣਕ ਹੱਦ ਮੁਕਾ ਗਿਆ ਕਲੀਆਂ ਦੀ' ਜਿਹੇ ਨਾਯਾਬ ਗੀਤਾਂ ਨਾਲ ਆਪਣੀ ਉਮਦਾ ਗਾਇਕੀ ਦਾ ਇਜ਼ਹਾਰ ਕਰਵਾਉਣ ਵਾਲਾ ਇਹ ਬੇਤਹਰੀਨ ਗਾਇਕ ਪੰਜਾਬੀ ਸਿਨੇਮਾ ਖੇਤਰ ਵਿੱਚ ਵੀ ਵਿਲੱਖਣ ਪੈੜ੍ਹਾਂ ਸਿਰਜਣ ਵਿੱਚ ਕਾਮਯਾਬ ਰਿਹਾ, ਜਿੰਨ੍ਹਾਂ ਵੱਲੋਂ ਵਰਿੰਦਰ ਦੀ ਫਿਲਮ 'ਬਲਬੀਰੋ ਭਾਬੀ', ਜਿਸ ਨੂੰ ਉਨ੍ਹਾਂ ਵੱਲੋਂ ਹੀ ਨਿਰਮਿਤ ਕੀਤਾ ਗਿਆ ਸੀ, ਵਿੱਚ ਗਾਏ ਗੀਤ 'ਸੁੱਚਿਆਂ ਵੇ ਭਾਬੀ ਤੇਰੀ' ਨੇ ਵੀ ਮਕਬੂਲੀਅਤ ਦੇ ਕਈ ਨਵੇਂ ਅਤੇ ਐਸੇ ਰਿਕਾਰਡ ਕਾਇਮ ਕੀਤੇ, ਜਿਸ ਨੂੰ ਅੱਜ ਵਰਿਅ੍ਹਾਂ ਬਾਅਦ ਸਰੋਤੇ ਸੁਣਨਾ ਅਤੇ ਵੇਖਣਾ ਪਸੰਦ ਕਰਦੇ ਹਨ।

ਪੰਜਾਬੀ ਸੰਗੀਤ ਦੀ ਇੱਕ ਦੁਰਲੱਭ ਸ਼ੈਲੀ ਅਤੇ ਕਲੀ ਨੂੰ ਤਮਾਮ ਉਮਰ ਉੱਚੀ ਹੇਕ, ਪ੍ਰਭਾਵੀ ਅੰਦਾਜ਼ ਅਤੇ ਸੁਰੀਲੀ ਆਵਾਜ਼ ਵਿੱਚ ਗਾਉਂਦੇ ਰਹੇ ਇਸ ਮਹਾਨ ਗਾਇਕ ਨੂੰ ਸੱਭਿਆਚਾਰਕ ਮੇਲਿਆਂ ਅਤੇ ਵਿਆਹ ਸਮਾਰੋਹਾਂ ਦੀ ਵੀ ਸ਼ਾਨ ਮੰਨਿਆ ਜਾਂਦਾ ਸੀ, ਜਿਸ ਦੇ ਬਿਨ੍ਹਾਂ ਬਨੇਰਿਆਂ 'ਤੇ ਵੱਜਦੇ ਅਤੇ ਮੰਜੀਆਂ ਨਾਲ ਬੰਨ ਕੂਕਦੇ ਸਪੀਕਰਾਂ ਦੀ ਗੂੰਜ ਹਮੇਸ਼ਾ ਅਧੂਰੀ ਰਹਿੰਦੀ ਸੀ।

ਪੰਜਾਬੀ ਗੀਤ ਸੰਗੀਤ ਨੂੰ ਦੁਨੀਆਂ ਭਰ ਵਿੱਚ ਮਾਣ ਸਤਿਕਾਰ ਅਤੇ ਰੁਤਬਾ ਦਿਵਾਉਣ ਵਾਲੇ ਬਾਅਦ ਇਸ ਕਰੀਮ ਗਾਇਕ ਦੇ ਹਿੱਟ ਰਹੇ ਗੀਤਾਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਹਨਾਂ ਵਿੱਚ 'ਮਾਂ ਹੁੰਦੀ ਏ ਮਾਂ ਓ ਦੁਨੀਆ ਵਾਲਿਓ', 'ਜਿੰਦੜੀਏ ਰੋਵੇਗੀ', 'ਛੇਤੀ ਕਰ ਸਰਵਨ ਪੁੱਤਰਾ', 'ਚੰਦੜ', 'ਇੱਕ ਵੀਰ ਦੇਈ ਵੇ ਰੱਬਾ', 'ਤੇਰੇ ਨੱਕ ਦਾ ਨੀ ਕੋਕਾ', 'ਸੁੱਚਾ ਸਿੰਘ ਸੂਰਮਾ', 'ਮਿਰਜਾ ਯਾਰ ਬੁਲਾਉਂਦਾ ਤੇਰਾ', 'ਲੋਕ ਤੱਥ', 'ਮਿਰਜ਼ਾ', 'ਚਿੱਠੀਆਂ ਸਾਹਿਬਾ ਜੱਟੀ ਨੂੰ', 'ਜਿਉਣਾ ਮੋੜ ਘੋੜੀ 'ਤੇ ਸਵਾਰ ਹੋ ਗਿਆ', 'ਟਿੱਲੇ ਤੋਂ ਨੀ ਸੂਰਤ ਦੀਦੀ ਹੀਰ ਦੀ' ਆਦਿ ਸ਼ੁਮਾਰ ਰਹੇ ਹਨ।

ਵਰਿਆਂ ਬੱਧੀ ਲੋਕ ਗਾਇਕੀ ਦਾ ਸਿਖਰ ਹੰਡਾਉਣ ਵਿੱਚ ਕਾਮਯਾਬ ਰਹੇ ਇਸ ਬੇਮਿਸਾਲ ਗਾਇਕ ਦਾ ਅੰਤਲਾ ਜੀਵਨ ਸਮਾਂ ਕਾਫ਼ੀ ਮਾਨਸਿਕ ਪਰੇਸ਼ਾਨੀਆਂ ਭਰਿਆ ਰਿਹਾ, ਜਿਸ ਦਾ ਕਾਰਨ ਉਹਨਾਂ ਦੇ ਬੇਟੇ ਯੁੱਧਵੀਰ ਮਾਣਕ ਨਾਲ ਪੈਦਾ ਹੋਈਆਂ ਕੁਝ ਗੰਭੀਰ ਸਿਹਤ ਦੁਸ਼ਵਾਰੀਆਂ ਰਹੀਆਂ, ਜਿੰਨਾਂ ਦਾ ਦਰਦ ਨਾਂ ਸਹਾਰਦਿਆਂ ਹੋਇਆ ਇਹ ਮਹਾਨ ਗਾਇਕ 30 ਨਵੰਬਰ 2011 ਨੂੰ ਅਪਣੇ ਜਨਮ ਵਾਲੇ ਮਹੀਨੇ ਹੀ ਗਾਇਕੀ ਦੇ ਅੰਬਰ ਚੋਂ ਹਮੇਸ਼ਾ ਲਈ ਅਲੋਪ ਹੋ ਗਿਆ, ਜੋ ਚਾਹੇ ਅੱਜ ਸਾਡੇ ਵਿਚਕਾਰ ਨਹੀਂ ਹਨ, ਪਰ ਉਹਨਾਂ ਦੇ ਗਾਏ ਗੀਤ ਹਮੇਸ਼ਾ ਲੋਕ ਮਨਾਂ ਵਿੱਚ ਗੂੰਜਦੇ ਰਹਿਣਗੇ ਅਤੇ ਆਪਣਾ ਵਜੂਦ-ਅਸਰ ਕਾਇਮ ਰੱਖਣਗੇ।

ABOUT THE AUTHOR

...view details