ਚੰਡੀਗੜ੍ਹ:ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਨਿਰਦੇਸ਼ਕ ਸੰਦੀਪ ਰੈਡੀ ਦੁਆਰਾ ਨਿਰਦੇਸ਼ਿਤ ਕੀਤੀ ਜਾ ਰਹੀ ਹਿੰਦੀ ਫ਼ਿਲਮ ‘ਐਨੀਮਲ’ ਨਾਲ ਜੁੜੀ ਇੱਕ ਅਪਡੇਟ ਸਾਹਮਣੇ ਆ ਰਹੀ ਹੈ। ਜੀ ਹਾਂ...ਫਿਲਮ ਦੇ ਕਈ ਅਹਿਮ ਦ੍ਰਿਸ਼ ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਸ਼ੂਟ ਕੀਤੇ ਜਾਣਗੇ।
ਰਿਪੋਰਟਾਂ ਮੁਤਾਬਕ ਫ਼ਿਲਮ ਦੇ ਉਕਤ ਸ਼ਡਿਊਲ ਵਿਚ ਪੰਜਾਬੀ ਸਿਨੇਮਾਂ ਦੇ ਵੀ ਕਈ ਕਲਾਕਾਰਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ, ਜਿੰਨ੍ਹਾਂ ਵਿਚ ਸੰਨੀ ਸਿੰਘ, ਅਰਵਿੰਦਰ ਭੱਟੀ, ਜਯੋਤੀ ਅਰੋੜਾ, ਬੂਟਾ ਬਡਬਰ ਆਦਿ ਸ਼ਾਮਿਲ ਹਨ।
ਸੂਤਰਾਂ ਅਨੁਸਾਰ ਫ਼ਿਲਮ ਦੀ ਚਾਰ ਰੋਜ਼ਾ ਸ਼ੂਟਿੰਗ ਇੱਥੋਂ ਦੀਆਂ ਰਿਆਸਤੀ ਹਵੇਲੀਆਂ ਅਤੇ ਸਥਾਨਾਂ ਆਦਿ 'ਤੇ ਪੂਰੀ ਕੀਤੀ ਜਾ ਰਹੀ ਹੈ, ਜਿਸ ਦੌਰਾਨ ਫ਼ਿਲਮਾਏ ਜਾ ਰਹੇ ਦ੍ਰਿਸ਼ਾਂ ’ਚ ਰਣਬੀਰ ਕਪੂਰ ਤੋਂ ਇਲਾਵਾ ਪ੍ਰੇਮ ਚੋਪੜ੍ਹਾ ਵੀ ਭਾਗ ਲੈ ਰਹੇ ਹਨ। ਫ਼ਿਲਮ ਲਈ ਰਣਬੀਰ ਕਪੂਰ ਵੱਲੋਂ ਕਾਫ਼ੀ ਵੱਖਰਾ ਅਤੇ ਵਿਲੱਖਣ ਗੈਟਅੱਪ ਪਾਇਆ ਜਾ ਰਿਹਾ ਹੈ, ਜਿੰਨ੍ਹਾਂ ਨਾਲ ਕੰਮ ਕਰਕੇ ਪੰਜਾਬੀ ਕਲਾਕਾਰ ਵੀ ਕਾਫ਼ੀ ਖੁਸ਼ੀ ਮਹਿਸੂਸ ਕਰਦੇ ਨਜ਼ਰ ਆ ਰਹੇ ਹਨ।
ਫ਼ਿਲਮ ਟੀਮ ਅਨੁਸਾਰ ਪੰਜਾਬ ਤੋਂ ਬਾਅਦ ਅਗਲਾ ਸ਼ਡਿਊਲ ਕੁੱਲੂ- ਮਨਾਲੀ ਵਿਖੇ ਸ਼ੁਰੂ ਕੀਤਾ ਜਾਵੇਗਾ, ਜਿਸ ਲਈ ਲੋਕੇਸ਼ਨਜ਼ ਦੀ ਚੋਣ ਅਤੇ ਹੋਰ ਦੂਸਰੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਫ਼ਿਲਮ ਦੇ ਕੈਮਰਾਮੈਨ ਅਮਿਤ ਰਾਏ ਜਦਕਿ ਮਿਊਜ਼ਿਕ ਹਰਸ਼ਵਰਧਨ ਰਮੇਸ਼ਵਰ ਦੁਆਰਾ ਕੀਤਾ ਗਿਆ ਹੈ, ਫ਼ਿਲਮ ਦੇ ਦੂਸਰੇ ਲੀਡ ਐਕਟਰਜ਼ ਵਿਚ ਅਨਿਲ ਕਪੂਰ, ਰਸ਼ਮਿਕਾ ਮੰਡਾਨਾ, ਬੌਬੀ ਦਿਓਲ ਵੀ ਸ਼ਾਮਿਲ ਹਨ। ਇਹ ਫਿਲਮ ਸਾਲ 2023 ਦੀ 11 ਅਗਸਤ ਨੂੰ ਰਿਲੀਜ਼ ਹੋਣ ਤਿਆਰ ਹੋ ਰਹੀ ਹੈ।