ਚੰਡੀਗੜ੍ਹ: ਪੰਜਾਬੀ ਫਿਲਮ ਜਗਤ ਵਿੱਚ ਇਹ ਪਹਿਲੀ ਵਾਰ ਸੀ ਜਦੋਂ ਕਿਸੇ ਔਰਤ ਦੁਆਰਾ ਫਿਲਮ ਦੀ ਕਹਾਣੀ ਲਿਖੀ ਗਈ ਸੀ, ਜੀ ਹਾਂ...ਅਸੀਂ 3 ਫਰਵਰੀ ਨੂੰ ਰਿਲੀਜ਼ ਹੋਈ ਪੰਜਾਬੀ ਫਿਲਮ 'ਕਲੀ ਜੋਟਾ' ਬਾਰੇ ਗੱਲ਼ ਕਰ ਰਹੇ ਹਾਂ, ਅੱਜ ਫਿਲਮ ਆਪਣੇ ਰਿਲੀਜ਼ ਦੇ 20ਵੇਂ ਦਿਨ ਵਿੱਚ ਪ੍ਰਵੇਸ਼ ਕਰ ਚੁੱਕੀ ਹੈ ਪਰ ਪੰਜਾਬੀ ਸਿਨੇਮਾਘਰਾਂ ਵਿੱਚ ਅਜੇ ਵੀ 'ਕਲੀ ਜੋਟਾ' ਦਾ ਜਾਦੂ ਬਰਕਰਾਰ ਹੈ। ਫਿਲਮ ਨੇ ਆਲੋਚਕਾਂ ਅਤੇ ਪ੍ਰਸ਼ੰਸਕਾਂ ਦੋਵਾਂ ਨੂੰ ਪ੍ਰਭਾਵਿਤ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ।
ਬਜਟ ਅਤੇ ਕਲੈਕਸ਼ਨ: ਹੁਣ ਅਸੀਂ ਜੇਕਰ ਫਿਲਮ ਦੀ ਕਮਾਈ ਦੀ ਗੱਲ਼ ਕਰੀਏ ਤਾਂ ਫਿਲਮ ਨੇ ਹੁਣ 30 ਕਰੋੜ ਤੋਂ ਵੱਧ ਕਮਾਈ ਕਰ ਲਈ ਹੈ, ਜੋ ਕਿ ਪੰਜਾਬੀ ਫਿਲਮ ਜਗਤ ਲਈ ਵੱਡੀ ਅਤੇ ਖੁਸ਼ੀ ਦੀ ਗੱਲ ਹੈ। ਫਿਲਮ ਦੇ ਨਿਰਦੇਸ਼ਕ ਵਿਜੇ ਅਰੋੜਾ ਨੇ ਦੋ ਵਾਰ ਫਿਲਮ ਦਾ ਕਲੈਕਸ਼ਨ ਡਾਟਾ ਸਾਂਝਾ ਕੀਤਾ ਸੀ, ਰਿਲੀਜ਼ ਦੇ 10 ਦਿਨ ਬਾਅਦ ਫਿਲਮ ਨੇ 13.44 ਕਰੋੜ ਦੀ ਕਮਾਈ ਕੀਤੀ ਸੀ ਅਤੇ ਰਿਲੀਜ਼ ਦੇ ਦੂਜੇ ਹਫ਼ਤੇ ਪੂਰਾ ਕਲੈਕਸ਼ਨ 25.41 ਕਰੋੜ ਹੋ ਗਿਆ ਸੀ ਅਤੇ ਹੁਣ ਰਿਪੋਰਟਾਂ ਮੁਤਾਬਕ ਅੰਦਾਜ਼ਾ ਲਾ ਸਕਦੇ ਹਾਂ ਕਿ ਫਿਲਮ ਨੇ 30 ਕਰੋੜ ਨੂੰ ਪਾਰ ਕਰ ਲਿਆ ਹੈ। ਫਿਲਮ ਦੇ ਬਜਟ ਦੀ ਗੱਲ਼ ਕਰੀਏ ਤਾਂ 6 ਕਰੋੜ ਦੇ ਬਜਟ ਉਤੇ ਬਣੀ ਇਸ ਫਿਲਮ ਨੇ ਧਮਾਕੇਦਾਰ ਕਮਾਈ ਕੀਤੀ ਹੈ।
ਫਿਲਮ ਦੀ ਸਟਾਰ ਕਾਸਟ:ਨੀਰੂ ਬਾਜਵਾ, ਸਤਿੰਦਰ ਸਰਤਾਜ ਅਤੇ ਵਾਮਿਕਾ ਗੱਬੀ ਤੋਂ ਇਲਾਵਾ ਇਸ ਫਿਲਮ ਵਿੱਚ ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ, ਪ੍ਰਿੰਸ ਕੰਵਲਜੀਤ ਸਿੰਘ, ਅਨੀਤਾ ਦੇਵਗਨ, ਬਲਵਿੰਦਰ ਬੁਲੇਟ ਆਦਿ ਨਜ਼ਰ ਆਏ ਹਨ।