ਚੰਡੀਗੜ੍ਹ: ‘ਜੀ ਸਟੂਡੀਓਜ਼’ ਵੱਲੋਂ ‘ਸ਼ਕਤੀ ਸਾਗਰ ਫ਼ਿਲਮਜ਼ ਪ੍ਰੋਡੋਕਸ਼ਨ’ ਦੇ ਸਹਿਯੋਗ ਨਾਲ ਬਣਾਈ ਜਾ ਰਹੀ ਹਿੰਦੀ ਫ਼ਿਲਮ ‘ਫ਼ਤਿਹ’ ਦਾ ਪਹਿਲਾਂ ਸ਼ਡਿਊਲ ਪੰਜਾਬ ਵਿਖੇ ਸ਼ੁਰੂ ਹੋ ਗਿਆ ਹੈ, ਜਿਸ ਵਿਚ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਅਤੇ ਜੈਕਲਿਨ ਫ਼ਰਨਾਡਿਜ਼ ਲੀਡ ਭੂਮਿਕਾਵਾਂ ਨਿਭਾ ਰਹੇ ਹਨ।
ਸ੍ਰੀ ਅੰਮ੍ਰਿਤਸਰ ਸਾਹਿਬ ਲਾਗਲੇ ਹਿੱਸਿਆਂ ਵਿਖੇ ਸ਼ੂਟ ਕੀਤੀ ਜਾਣ ਵਾਲੀ ਇਸ ਫ਼ਿਲਮ ਨੂੰ ਵੈਭਵ ਮਿਸ਼ਰਾ ਨਿਰਦੇਸ਼ਿਤ ਕਰ ਰਹੇ ਹਨ, ਜਦਕਿ ਨਿਰਮਾਤਾ ਸੋਨਾਲੀ ਸੂਦ ਹਨ। ਉਕਤ ਫ਼ਿਲਮ ਦੇ ਸ਼ੂਟ ਵਿਚ ਹਿੱਸਾ ਲੈਣ ਲਈ ਸੋਨੂੰ ਸੂਦ ਇੱਥੇ ਪੁੱਜ ਚੁੱਕੇ ਹਨ, ਜਦਕਿ ਜੈਕਲਿਨ ਫ਼ਰਨਾਡਿਜ਼ ਵੀ ਇਸ ਹਫ਼ਤੇ ਫ਼ਿਲਮ ਦੀ ਟੀਮ ਨੂੰ ਜੁਆਇੰਨ ਕਰੇਗੀ।
ਹਾਲ ਹੀ 'ਚ ਸੋਨੂੰ ਨੂੰ ਫਿਲਮ 'ਫਤਿਹ' ਦੀ ਸ਼ੂਟਿੰਗ ਲਈ ਚੰਡੀਗੜ੍ਹ ਰਵਾਨਾ ਹੁੰਦੇ ਦੇਖਿਆ ਗਿਆ। ਇਹ ਦੱਸਿਆ ਗਿਆ ਸੀ ਕਿ ਫਿਲਮ ਦੀ ਸ਼ੂਟਿੰਗ ਦਿੱਲੀ ਅਤੇ ਪੰਜਾਬ ਦੀਆਂ ਵੱਖ-ਵੱਖ ਥਾਵਾਂ 'ਤੇ ਕੀਤੀ ਜਾਵੇਗੀ ਅਤੇ ਐਕਸ਼ਨ ਸੀਨਜ਼ ਨੂੰ ਕੋਰਿਓਗ੍ਰਾਫ ਕਰਨ ਲਈ ਲਾਸ ਏਂਜਲਸ ਤੋਂ ਇੱਕ ਵਿਸ਼ੇਸ਼ ਅੰਤਰਰਾਸ਼ਟਰੀ ਟੀਮ ਨਿਯੁਕਤ ਕੀਤੀ ਜਾਵੇਗੀ।
ਜੇਕਰ ਫ਼ਿਲਮ ਦੇ ਅਹਿਮ ਪੱਖਾਂ ਦੀ ਗੱਲ ਕਰੀਏ ਤਾਂ ਆਪਣੀ ਇਸ ਨਵੀਂ ਘਰੇਲੂ ਪ੍ਰੋਡੋਕਸ਼ਨ ਫ਼ਿਲਮ ਨੂੰ ਹਰ ਪੱਖੋਂ ਬੇਹਤਰੀਨ ਰੂਪ ਦੇਣ ਲਈ ਸੋਨੂੰ ਸੂਦ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਮਿਹਨਤ ਅਤੇ ਵਿਸ਼ੇਸ਼ ਤਰੱਦਦ ਕਰਦੇ ਨਜ਼ਰ ਆ ਰਹੇ ਸਨ, ਜੋ ਬਤੌਰ ਅਦਾਕਾਰ ਨਹੀਂ ਬਲਕਿ ਹੋਰਨਾਂ ਪੱਖਾਂ ਕਹਾਣੀ ਲੇਖਣ, ਦ੍ਰਿਸ਼, ਲੋਕੇਸ਼ਨਜ਼, ਗੀਤ, ਸੰਗੀਤ ਆਦਿ ਵਿਚ ਵੀ ਬਰਾਬਰ ਦਿਲਚਸਪੀ ਅਤੇ ਉਤਸ਼ਾਹਪੂਰਵਕ ਭਾਗ ਲੈ ਰਹੇ ਹਨ ਤਾਂ ਜੋ ਹਰ ਪਹਿਲੂ ਨੂੰ ਚੰਗਾ ਅਤੇ ਬੇਹਤਰੀਨ ਰੂਪ ਦਿੱਤਾ ਜਾ ਸਕੇ।
ਓਧਰ ਦੂਜੇ ਪਾਸੇ ਜੇਕਰ ਜੈਕਲਿਨ ਫ਼ਰਨਾਡਿਜ਼ ਦੀ ਗੱਲ ਕਰੀਏ ਤਾਂ ਉਹ ਪਹਿਲੀ ਵਾਰ ਪੰਜਾਬ ਵਿਚ ਲੰਮੇ ਦਿਨ੍ਹਾਂ ਲਈ ਕਿਸੇ ਸ਼ੂਟਿੰਗ ਸ਼ਡਿਊਲ ਵਿਚ ਭਾਗ ਲੈਣ ਜਾ ਰਹੀ ਹੈ, ਜਿਸ ਨੂੰ ਲੈ ਕੇ ਉਹ ਕਾਫੀ ਉਤਸ਼ਾਹਿਤ ਵੀ ਨਜ਼ਰ ਆ ਰਹੀ ਹੈ। ਬਾਲੀਵੁੱਡ ਅਦਾਕਾਰ ਸੋਨੂੰ ਸੂਦ ਵੱਲੋਂ ਆਪਣੇ ਘਰੇਲੂ ਪ੍ਰੋਡੋਕਸ਼ਨਜ਼ ਅਧੀਨ ਨਿਰਮਿਤ ਕੀਤੀ ਜਾਣ ਵਾਲੀ ਇਹ ਉਨ੍ਹਾਂ ਦੀ ਦੂਸਰੀ ਫ਼ਿਲਮ ਹੈ, ਜੋ ਇਸ ਤੋਂ ਪਹਿਲਾ 'ਤੂਤਕ ਤੂਤਕ ਤੂਤੀਆਂ' ਦਾ ਨਿਰਮਾਣ ਕਰ ਚੁੱਕੇ ਹਨ, ਜਿਸ ਵਿਚ ਉਹਨਾਂ ਦੇ ਨਾਲ ਪ੍ਰਭੂ ਦੇਵਾ, ਤਮੰਨਾ ਭਾਟੀਆ ਵੱਲੋਂ ਲੀਡ ਭੂਮਿਕਾਵਾਂ ਅਦਾ ਕੀਤੀਆਂ ਗਈਆਂ ਸਨ।
ਭਾਰਤੀ ਅਤੇ ਪੰਜਾਬੀ ਰੰਗਾਂ ਨਾਲ ਭਰੀ ਇਸ ਡਰਾਮੈਟਿਕ ਫ਼ਿਲਮ ਦਾ ਐਕਸ਼ਨ ਵੀ ਇਸ ਦਾ ਖਾਸ ਆਕਰਸ਼ਨ ਹੋਵੇਗਾ, ਜਿਸ ਨੂੰ ਵਿਲੱਖਣਤਾ ਦੇਣ ਲਈ ਬਾਲੀਵੁੱਡ ਅਤੇ ਸਾਊਥ ਦੇ ਵੱਡੇ ਸਟੰਟ ਕੋਆਰਡੀਨੇਸ਼ਨ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਫ਼ਿਲਮ ਨੂੰ ਪੰਜਾਬੀਅਤ ਰੰਗ ਦੇਣ ਦੀ ਵੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸੇ ਮੱਦੇਨਜ਼ਰ ਫ਼ਿਲਮ ਦਾ ਕੁਝ ਹਿੱਸਾ ਅਸਲ ਪੰਜਾਬ ਦੀ ਨਜ਼ਰਸਾਨੀ ਕਰਦੀਆਂ ਲੋਕੇਸ਼ਨਾਂ ਅਤੇ ਹਰਿਆਲੀ ਭਰਪੂਰ ਖੇਤਾਂ ਬੰਨ੍ਹਿਆਂ ਅਤੇ ਟਿੱਬਿਆਂ ਵਿਚ ਵੀ ਸ਼ੂਟ ਕੀਤਾ ਜਾਵੇਗਾ।
ਇਹ ਵੀ ਪੜ੍ਹੋ:Film Mera Baba Nanak: ਇਸ ਵਿਸਾਖੀ ਉਤੇ ਹੋਵੇਗਾ ਧਮਾਕਾ, ਫਿਲਮ 'ਮੇਰਾ ਬਾਬਾ ਨਾਨਕ' ਦਾ ਪੋਸਟਰ ਹੋਇਆ ਰਿਲੀਜ਼