ਮੁੰਬਈ:ਕੋਰੋਨਾ ਦੇ ਦੌਰ ਤੋਂ ਬਾਅਦ ਜਦੋਂ ਵੀ ਦੇਸ਼ 'ਚ ਗਰੀਬਾਂ, ਬੇਸਹਾਰਾ ਅਤੇ ਲੋੜਵੰਦਾਂ 'ਤੇ ਬੁਰਾ ਸਮਾਂ ਆਇਆ ਹੈ ਤਾਂ ਅਦਾਕਾਰ ਸੋਨੂੰ ਸੂਦ ਉਨ੍ਹਾਂ ਦੀ ਮਦਦ ਲਈ ਹਮੇਸ਼ਾ ਅੱਗੇ ਆਏ ਹਨ। ਬੀਤੀ ਸ਼ਾਮ (2 ਜੂਨ) ਓਡੀਸ਼ਾ ਦੇ ਬਾਲਾਸੋਰ ਵਿੱਚ ਤਿੰਨ ਟ੍ਰੇਨਾਂ ਦੀ ਟੱਕਰ ਕਾਰਨ ਕਈ ਯਾਤਰੀਆਂ ਦੀਆਂ ਜਾਨਾਂ ਗਈਆਂ ਅਤੇ ਕਈ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਵਿਚਕਾਰ ਝੂਲ ਰਹੇ ਹਨ। ਇਸ ਦਰਦਨਾਕ ਹਾਦਸੇ ਵਿੱਚ 350 ਤੋਂ ਵੱਧ ਯਾਤਰੀਆਂ ਦੀ ਜਾਨ ਚਲੀ ਗਈ ਅਤੇ ਜ਼ਖਮੀਆਂ ਦੀ ਗਿਣਤੀ 1000 ਨੂੰ ਪਾਰ ਕਰ ਗਈ ਹੈ।
ਸੋਨੂੰ ਸੂਦ ਨੇ ਵੀਡੀਓ ਸ਼ੇਅਰ ਕਰ ਹਮਦਰਦੀ ਕੀਤੀ ਪ੍ਰਗਟ:ਪੂਰਾ ਬਾਲੀਵੁੱਡ ਅਤੇ ਸਾਊਥ ਸਿਨੇਮਾ ਇਸ ਹਾਦਸੇ ਤੋਂ ਦੁਖੀ ਹੈ ਅਤੇ ਜ਼ਖਮੀਆਂ ਦੇ ਠੀਕ ਹੋਣ ਦੀ ਅਰਦਾਸ ਕਰ ਰਿਹਾ ਹੈ। ਇਸ ਦੌਰਾਨ ਗਰੀਬਾਂ ਦੇ ਮਸੀਹਾ ਸੋਨੂੰ ਸੂਦ ਨੇ ਇੱਕ ਵੀਡੀਓ ਸ਼ੇਅਰ ਕਰਕੇ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਯਾਤਰੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਇਸ ਦੇ ਨਾਲ ਹੀ ਸੋਨੂੰ ਨੇ ਇਸ ਘਟਨਾ 'ਤੇ ਸਰਕਾਰ ਅਤੇ ਲੋਕਾਂ ਨੂੰ ਵੱਡਾ ਸੁਝਾਅ ਵੀ ਦਿੱਤਾ ਹੈ।
ਸੋਨੂੰ ਸੂਦ ਨੇ ਸਰਕਾਰ ਨੂੰ ਦਿੱਤਾ ਸੁਝਾਅ:ਸੋਨੂੰ ਸੂਦ ਨੇ ਸਭ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਸ ਗੰਭੀਰ ਮੁੱਦੇ 'ਤੇ ਸਿਆਸਤ ਕਰਨ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਸੋਨੂੰ ਨੇ ਇਹ ਵੀ ਕਿਹਾ ਕਿ ਸੋਸ਼ਲ ਮੀਡੀਆ 'ਤੇ ਸ਼ੋਕ ਪ੍ਰਗਟ ਕਰਨ ਨਾਲ ਕੁਝ ਨਹੀਂ ਹੋਵੇਗਾ। ਇਹ ਉਹ ਸਮਾਂ ਹੈ ਜਦੋਂ ਸਾਡੇ ਦੇਸ਼ ਦੇ ਲੋਕਾਂ ਦੀਆਂ ਆਪਣੀਆਂ ਜ਼ਰੂਰਤਾਂ ਹਨ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੇ ਲੋਕ ਦੁਰਘਟਨਾ ਵਿੱਚ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਜ਼ਖਮੀ ਹੋਏ ਹਨ, ਉਨ੍ਹਾਂ ਦੇ ਪਰਿਵਾਰਾਂ ਲਈ ਇੱਕ ਵਿਸ਼ੇਸ਼ ਰਾਹਤ ਫੰਡ ਬਣਾਉਣਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਦੇ ਬੱਚਿਆਂ ਨੂੰ ਭੋਜਨ ਅਤੇ ਸਿੱਖਿਆ ਮਿਲ ਸਕੇ। ਸੋਨੂੰ ਨੇ ਅੱਗੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਇਸ ਹਾਦਸੇ ਵਿੱਚ ਆਪਣੇ ਘਰ ਦਾ ਮੁਖੀਆਂ ਗਵਾਇਆ ਹੈ, ਉਨ੍ਹਾਂ ਲਈ ਇਹ ਕਾਲਾ ਦਿਨ ਹੈ, ਉਨ੍ਹਾਂ ਦੇ ਜਾਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਅਤੇ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਕੀ ਹੋਵੇਗਾ, ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।
ਸੋਨੂੰ ਨੇ ਆਪਣੇ ਪ੍ਰਸ਼ੰਸਕਾਂ ਨੂੰ ਕੀਤੀ ਅਪੀਲ:ਸੋਨੂੰ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਇਹ ਉਹ ਸਮਾਂ ਹੈ ਜਦੋਂ ਸਾਨੂੰ ਇਕਜੁੱਟ ਹੋਣ ਦੀ ਲੋੜ ਹੈ, ਵੱਧ ਤੋਂ ਵੱਧ ਲੋਕਾਂ ਦੀ ਮਦਦ ਕਰਨ ਦੀ ਲੋੜ ਹੈ, ਤਾਂ ਜੋ ਉਨ੍ਹਾਂ ਦੇ ਪਰਿਵਾਰ ਨੂੰ ਦੁਬਾਰਾ ਜ਼ਿੰਦਗੀ ਮਿਲ ਸਕੇ।
ਕਈ ਸਿਤਾਰਿਆਂ ਨੇ ਇਸ ਹਾਦਸੇ 'ਤੇ ਕੀਤਾ ਦੁੱਖ ਦਾ ਪ੍ਰਗਟਾਵਾ:ਤੁਹਾਨੂੰ ਦੱਸ ਦੇਈਏ ਕਿ ਸਲਮਾਨ ਖਾਨ, ਕਰਨ ਜੌਹਰ, ਚਿਰੰਜੀਵੀ, ਜੂਨੀਅਰ ਐਨਟੀਆਰ, ਮਨੋਜ ਬਾਜਪਾਈ, ਕਰੀਨਾ ਕਪੂਰ ਖਾਨ, ਜੂਨੀਅਰ ਐਨਟੀਆਰ ਅਤੇ ਕਿਰਨ ਖੇਰ ਸਮੇਤ ਸਾਰੇ ਸਿਤਾਰਿਆਂ ਨੇ ਇਸ ਦਰਦਨਾਕ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਹੈ।