ਚੰਡੀਗੜ੍ਹ: ਨੌਜਵਾਨੀ ਮਨਾਂ 'ਚ ਡੂੰਘੀ ਛਾਪ ਸਥਾਪਿਤ ਕਰ ਚੁੱਕੇ ਚਰਚਿਤ ਗਾਇਕ ਸਿੱਪੀ ਗਿੱਲ ਆਪਣਾ ਨਵਾਂ ਅਤੇ ਜੋਸ਼ ਭਰਪੂਰ ਗਾਣਾ 'ਚੁੱਪ ਪੰਜਾਬ ਸਿਆਂ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿਸ ਨੂੰ 16 ਅਕਤੂਬਰ ਨੂੰ ਵੱਖ-ਵੱਖ ਸੰਗੀਤਕ ਪਲੇਟਫਾਰਮ 'ਤੇ ਜਾਰੀ ਕੀਤਾ ਜਾਵੇਗਾ।
'ਸਿੱਪੀ ਗਿੱਲ ਸੰਗੀਤ ਲੇਬਲ' ਅਧੀਨ ਜਾਰੀ ਕੀਤੇ ਜਾ ਰਹੇ ਇਸ ਅਰਥ-ਭਰਪੂਰ ਗਾਣੇ ਦੇ ਬੋਲ ਅਤੇ ਕੰਪੋਜੀਸ਼ਨ ਵੀ ਖੁਦ ਉਨ੍ਹਾਂ ਦੀ ਹੈ, ਜਦ ਕਿ ਇਸ ਦਾ ਸੰਗੀਤ ਮੈਕਸਰਕੀ ਨੇ ਤਿਆਰ ਕੀਤਾ ਹੈ।
ਪੰਜਾਬ ਦੇ ਕਰੰਟ ਮੁੱਦਿਆਂ ਦੀ ਤਰਜ਼ਮਾਨੀ ਕਰਦੇ ਇਸ ਗੀਤ ਸੰਬੰਧੀ ਜਾਣਕਾਰੀ ਦਿੰਦਿਆ ਇਸ ਹੋਣਹਾਰ ਅਤੇ ਬਾਕਮਾਲ ਗਾਇਕ ਸਿੱਪੀ ਗਿੱਲ ਨੇ ਦੱਸਿਆ ਕਿ ਪੰਜਾਬ ਵਿੱਚ ਕਈ ਅਹਿਮ ਮੁੱਦੇ ਲੋਕ ਮਨਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰ ਰਹੇ ਹਨ, ਜਿਸ ਦਾ ਖਮਿਆਜ਼ਾ ਸਾਡੀ ਨੌਜਵਾਨ ਪੀੜੀ ਨੂੰ ਭਵਿੱਖ ਦੇ ਰੂਪ ਵਿੱਚ ਭੁਗਤਣਾ ਪੈ ਰਿਹਾ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਇਨ੍ਹਾਂ ਅਹਿਮ ਮੁੱਦਿਆਂ ਦਾ ਹੱਲ ਕਰਨ ਦੀ ਬਜਾਏ ਹਰ ਕੋਈ ਇਹਨਾਂ ਨੂੰ ਆਪਣਾ ਆਧਾਰ ਬਣਾ ਕੇ ਰਾਜਨੀਤਕ ਰੋਟੀਆਂ ਸੇਕਦਾ ਨਜ਼ਰ ਆ ਰਿਹਾ ਹੈ, ਜਿਨ੍ਹਾਂ ਦੀ ਲਾਲਸਾਵਾਂ ਭਰੀ ਸੋਚ ਨੂੰ ਉਜਾਗਰ ਕਰੇਗਾ ਉਨ੍ਹਾਂ ਦਾ ਨਵਾਂ ਗਾਣਾ।
ਪੰਜਾਬੀ ਸਿਨੇਮਾ ਅਤੇ ਸੰਗੀਤ ਦੋਵਾਂ ਖੇਤਰਾਂ ਵਿੱਚ ਬਰਾਬਰਤਾ ਨਾਲ ਸਫਲਤਾਪੂਰਵਕ ਅੱਗੇ ਵੱਧ ਰਹੇ ਇਹ ਹੋਣਹਾਰ ਅਤੇ ਬਾਕਮਾਲ ਗਾਇਕ ਆਪਣੇ ਹੁਣ ਤੱਕ ਦੇ ਫਿਲਮ ਕਰੀਅਰ ਦੌਰਾਨ 'ਟਾਈਗਰ', 'ਜੱਦੀ ਸਰਦਾਰ', 'ਪੁੱਤ ਜੱਟਾਂ ਦੇ', 'ਮਰਜਾਣੇ' ਆਦਿ ਜਿਹੀਆਂ ਕਈ ਸਫਲ ਅਤੇ ਬਹੁ-ਚਰਚਿਤ ਫਿਲਮਾਂ ਦਾ ਵੀ ਪ੍ਰਭਾਵਸ਼ਾਲੀ ਹਿੱਸਾ ਰਹੇ ਹਨ, ਜੋ ਆਉਣ ਵਾਲੀਆਂ ਕਈ ਪੰਜਾਬੀ ਫਿਲਮਾਂ ਵਿੱਚ ਵੀ ਲੀਡ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।
ਮੂਲ ਰੂਪ ਵਿੱਚ ਮਾਲਵਾ ਦੇ ਜਿਲ੍ਹਾਂ ਮੋਗਾ ਨਾਲ ਤਾਲੁਕ ਰੱਖਦੇ ਇਹ ਬੇਹਤਰੀਨ ਗਾਇਕ ਆਪਣੇ ਪਿਤਾ ਪੁਰਖੀ ਕਿੱਤੇ ਖੇਤੀਬਾੜੀ ਪ੍ਰਤੀ ਵੀ ਬਹੁਤ ਗਹਿਰਾ ਮੋਹ ਰੱਖਦੇ ਹਨ, ਜਿਸ ਲਈ ਉਹ ਅਕਸਰ ਸਮਾਂ ਮਿਲਦਿਆਂ ਹੀ ਅਕਸਰ ਆਪਣੇ ਖੇਤਾਂ ਵਿੱਚ ਖੇਤੀ ਕਾਰਜਾਂ ਨੂੰ ਅੰਜਾਮ ਦਿੰਦੇ ਨਜ਼ਰੀ ਪੈਂਦੇ ਹਨ, ਜਿੰਨਾਂ ਦੱਸਿਆ ਕਿ ਉਹਨਾਂ ਦਾ ਜਾਰੀ ਹੋਣ ਜਾ ਰਿਹਾ ਨਵਾਂ ਗਾਣਾ ਕਿਸਾਨੀ ਜਜ਼ਬਿਆਂ ਦੀ ਵੀ ਤਰਜ਼ਮਾਨੀ ਕਰੇਗਾ।