ਚੰਡੀਗੜ੍ਹ: ਪੰਜਾਬੀ ਮੰਨੋਰੰਜਨ ਜਗਤ ਵਿੱਚ ਸ਼੍ਰੀ ਬਰਾੜ ਨਾਂ ਨਾਲ ਮਸ਼ਹੂਰ ਗਾਇਕ-ਗੀਤਕਾਰ ਪਵਨਦੀਪ ਸਿੰਘ ਇੱਕ ਵਾਰ ਫਿਰ ਸੁਰਖ਼ੀਆਂ ਵਿੱਚ ਆ ਗਏ ਹਨ, ਜੀ ਹਾਂ...ਇਸ ਵਾਰ ਸੁਰਖ਼ੀਆਂ ਵਿੱਚ ਆਉਣ ਦਾ ਕਾਰਨ ਉਹਨਾਂ ਦੀ ਇੰਸਟਾਗ੍ਰਾਮ ਪੋਸਟ (Shree Brar shared emotional post) ਹੈ, ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਉਲੇਖਯੋਗ ਹੈ ਕਿ ਹਾਲ ਹੀ ਵਿੱਚ ਗੀਤਕਾਰ-ਗਾਇਕ ਸ਼੍ਰੀ ਬਰਾੜ ਨੇ ਆਪਣੇ ਇੰਸਟਾਗ੍ਰਾਮ (Shree Brar shared emotional post) ਉਤੇ ਇੱਕ ਪੋਸਟ ਸਾਂਝੀ ਕੀਤੀ ਹੈ, ਉਸ ਨੂੰ ਸਾਂਝਾ ਕਰਦੇ ਹੋਏ ਗੀਤਕਾਰ ਨੇ ਲਿਖਿਆ ਹੈ 'ਤਕਰੀਬਨ ਮਹੀਨੇ ਤੋਂ ਬੈੱਡ ਰੈਸਟ 'ਤੇ ਚੱਲ ਰਿਹਾ ਸੀ, ਮੈਂ ਤੁਹਾਡੀਆਂ ਦੁਆਵਾਂ ਨਾਲ ਠੀਕ ਹਾਂ, ਹੋਰ ਇਕ-ਦੋ ਮਹੀਨਿਆਂ ਵਿੱਚ ਆਪਾਂ ਘਰ ਆ ਜਾਣਾ...ਕੱਲ੍ਹ ਬੈਠੇ-ਬੈਠੇ ਅਚਾਨਕ ਅੱਖਾਂ ਭਰ ਆਈਆਂ ਅਤੇ ਦਿਲ ਵਿਚ ਪਿਆਰ ਭਰ ਆਇਆ ਬਾਬਾ ਦੀਪ ਸਿੰਘ ਜੀ ਦੇ ਲਈ ਅਤੇ ਇਹ ਕੁਝ ਸ਼ਬਦ ਲਿਖੇ ਨੇ ਮੈਂ ਭਰੀਆਂ ਅੱਖਾਂ ਨਾਲ ਅਤੇ ਰਿਕਾਰਡ ਕੀਤੇ ਨੇ ਸ਼ਾਇਦ ਤੁਹਾਨੂੰ ਪਸੰਦ ਆਉਣ..."।
ਗਾਇਕ ਨੇ ਅੱਗੇ ਲਿਖਿਆ, 'ਬੁਰੇ ਟਾਈਮ ਦੀ ਇੱਕ ਚੰਗੀ ਗੱਲ ਇਹ ਹੈ ਸਾਨੂੰ ਆਪਣੇ ਅਤੇ ਅਪਣਾਇਆ ਅਤੇ ਉਸ ਪਰਮਾਤਮਾ ਦੇ ਨੇੜੇ ਲੈ ਆਉਂਦਾ ਜਿਸਦੀ ਕੋਈ ਕੀਮਤ ਨਹੀਂ ਹੋ ਸਕਦੀ। ਵਾਹਿਗੁਰੂ ਜੀ ਮੇਹਰ ਕਰਨ ਬਾਕੀ 3-4 ਗੀਤ ਤਿਆਰ ਨੇ ਵੀਡੀਓ ਨਾਲ ਛੇਤੀ ਰਿਲੀਜ਼ ਕਰ ਦੇਣੇ ਆ ਆਪਾਂ...ਜ਼ਿੰਦਗੀ ਜ਼ਿੰਦਾਬਾਦ ਹੱਸਦੇ ਵੱਸਦੇ ਰਹੋ ਸਾਰੇ, ਸ਼੍ਰੀ ਬਰਾੜ।' ਇਸ ਦੇ ਨਾਲ ਗੀਤਕਾਰ ਨੇ ਇੱਕ ਫੋਟੋ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਹਸਪਤਾਲ ਵਿੱਚ ਨਜ਼ਰ ਆ ਰਹੇ ਹਨ।
ਗਾਇਕ ਸ਼੍ਰੀ ਬਰਾੜ ਬਾਰੇ ਹੋਰ ਗੱਲ ਕਰੀਏ ਤਾਂ ਗਾਇਕ ਨੇ ਆਪਣੀ ਸ਼ੁਰੂਆਤ ਪਹਿਲੇ ਗੀਤ 'ਪ੍ਰਿੰਸ ਆਫ਼ ਪਟਿਆਲਾ' ਨਾਲ ਕੀਤੀ ਸੀ, ਜਿਸ ਤੋਂ ਬਾਅਦ ਉਹਨਾਂ ਨੇ ਕਈ ਗੀਤ ਗਾਏ। ਜਿਵੇਂ ਕਿ 'ਯਾਰ ਗਰਾਰੀਬਾਜ਼', 'ਜਾਨ', 'ਦੁਬਈ ਵਾਲੇ', 'ਕੈਸ਼ ਚੱਕ', 'ਭਾਬੀ', 'ਗੈਂਗਸਟਰ ਬੰਦੇ' ਅਤੇ 'ਵੈਲ'। ਕਿਸਾਨ ਮੌਰਚੇ ਦੌਰਾਨ ਉਹਨਾਂ ਦਾ ਗੀਤ 'ਕਿਸਾਨ ਐਂਥਮ' ਮਸ਼ਹੂਰ ਹੋਇਆ ਸੀ। ਸ਼੍ਰੀ ਬਰਾੜ ਨੇ ਦਿਲਪ੍ਰੀਤ ਢਿੱਲੋਂ, ਸਿੱਪੀ ਗਿੱਲ, ਕਰਨ ਔਜਲਾ, ਸ਼ੈਰੀ ਮਾਨ, ਮਨਕੀਰਤ ਔਲਖ ਵਰਗੇ ਕਈ ਗਾਇਕਾਂ ਲਈ ਵੀ ਗੀਤ ਲਿਖੇ ਹਨ। ਉਹਨਾਂ ਨੇ ਇੰਡਸਟਰੀ ਨੂੰ ਕਾਫੀ ਹਿੱਟ ਗੀਤ ਦਿੱਤੇ ਹਨ।