ਚੰਡੀਗੜ੍ਹ: ਗੱਲ ਚਾਹੇ ਪੰਜਾਬੀ ਸੰਗੀਤ ਜਗਤ ਦੀ ਹੋਵੇ ਜਾਂ ਫਿਰ ਫਿਲਮਾਂ ਦੀ, ਦੋਹਾਂ ਹੀ ਖੇਤਰਾਂ ਵਿੱਚ ਬਰਾਬਰ ਆਪਣੀ ਸਰਦਾਰੀ ਕਾਇਮ ਕਰਨ ਵਿੱਚ ਸਫ਼ਲ ਰਹੀ ਹੈ ਨਿਮਰਤ ਖਹਿਰਾ, ਜੋ ਆਪਣੀ ਨਵੀਂ ਐਲਬਮ ‘ਮਾਣਮੱਤੀ’ ਨਾਲ ਹੋਰ ਮਾਣ ਹਾਸਿਲ ਕਰਨ ਜਾ ਰਹੀ ਹੈ, ਜੋ ਅੱਜ ਵੱਖ-ਵੱਖ ਸੰਗੀਤਕ ਪਲੇਟਫਾਰਮ 'ਤੇ ਰਿਲੀਜ਼ (Nimrat Khaira New Album Maanmatti) ਹੋਣ ਜਾ ਰਹੀ ਹੈ।
'ਬਰਾਊਨ ਸਟੂਡਿਓਜ਼' ਅਤੇ ਹਰਵਿੰਦਰ ਸਿੱਧੂ ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਐਲਬਮ ਵਿਚਲੇ ਗੀਤਾਂ ਦੇ ਬੋਲ ਹਰਮਨਜੀਤ ਸਿੰਘ ਨੇ ਲਿਖੇ ਅਤੇ ਸੰਗੀਤ ਦਿ ਕਿਡ, ਮੈਕਸਰਕੀ, ਓਪੀ ਮਿਊਜ਼ਿਕ ਵੱਲੋਂ ਤਿਆਰ ਕੀਤਾ ਗਿਆ ਹੈ।
ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਹਵਾ ਦੇ ਤਾਜ਼ਾ ਬੁੱਲੇ ਵਾਂਗ ਆਪਣੀ ਖੁਸ਼ਬੂ ਬਿਖੇਰਨ ਜਾ ਰਹੀ ਇਸ ਐਲਬਮ ਵਿਚਲੇ ਪਲੇਠੇ ਮਿਊਜ਼ਿਕ ਵੀਡੀਓ ਦਾ ਫ਼ਿਲਮਾਂਕਣ ਪੂਰਾ ਕਰ ਲਿਆ ਗਿਆ ਹੈ, ਜਿਸ ਨੂੰ ਬਲ ਦਿਓ ਵੱਲੋਂ ਬਹੁਤ ਹੀ ਖੂਬਸੂਰਤ ਅਤੇ ਪ੍ਰਭਾਵੀ ਰੂਪ ਫ਼ਿਲਮਾਇਆ ਗਿਆ ਹੈ। ਦਿਲ ਅਤੇ ਮਨ੍ਹਾਂ ਨੂੰ ਝਕਝੋਰ ਦੇਣ ਵਾਲੇ ਇਸ ਐਲਬਮ ਸੰਬੰਧੀ ਗੱਲ ਕਰਦਿਆਂ ਇਸ ਹੋਣਹਾਰ ਅਤੇ ਸੁਰੀਲੇ ਕੰਠ ਵਾਲੀ ਬਾਕਮਾਲ ਗਾਇਕਾ ਨੇ ਦੱਸਿਆ ਕਿ ਇਸ ਵਿੱਚ ਵੱਖੋ-ਵੱਖਰੇ ਸੰਗੀਤਕ ਰੰਗਾਂ ਦੀ ਤਰਜ਼ਮਾਨੀ ਕਰਦੇ ਕੁੱਲ 9 ਗਾਣੇ ਸ਼ਾਮਿਲ ਕੀਤੇ ਗਏ ਹਨ, ਜਿੰਨ੍ਹਾਂ ਵਿੱਚ ‘ਦਾਦੀਆਂ-ਨਾਨੀਆਂ’, ‘ਸੁਹਾਗਣ’, ‘ਜੰਗ’, ‘ਕਾਇਨਾਤ’, ‘ਅੱਖਾਂ’, ‘ਪਿੱਪਲ- ਪੱਤੀਆਂ’, ‘ਦੂਰ-ਦੂਰ’, ‘ਸੋਨੇ ਦਾ ਸਰੀਰ’ ਆਦਿ ਹਨ।
ਪੰਜਾਬ ਅਤੇ ਪੰਜਾਬੀਅਤ ਦੀ ਪ੍ਰਫੁਲੱਤਾ ਕਰਦੇ ਇਸ ਸੰਗੀਤ ਪ੍ਰੋਜੈਕਟ ਦੇ ਅਹਿਮ ਪਹਿਲੂਆਂ ਬਾਰੇ ਝਾਤ ਪਵਾਉਂਦਿਆਂ ਗਾਇਕਾ ਨਿਮਰਤ ਨੇ ਦੱਸਿਆ ਕਿ ਹੁਣ ਤੱਕ ਗਾਏ ਹਰ ਸੰਗੀਤਕ ਟਰੈਕ ਵਿੱਚ ਹਮੇਸ਼ਾ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਵੰਨਗੀਆਂ ਨੂੰ ਸਰੋਤਿਆਂ ਅਤੇ ਦਰਸ਼ਕਾਂ ਸਨਮੁੱਖ ਕਰਨ ਦੀ ਕੋਸ਼ਿਸ਼ ਕਰਦੀ ਆ ਰਹੀ ਹਾਂ ਤਾਂ ਕਿ ਆਪਣੀਆਂ ਅਸਲ ਜੜਾਂ ਤੋਂ ਦੂਰ ਹੁੰਦੀ ਜਾ ਰਹੀ ਨੌਜਵਾਨ ਪੀੜ੍ਹੀ ਨੂੰ ਆਪਣੇ ਰੰਗਲੇ ਰਹੇ ਵਤਨੀ ਸਰਮਾਏ ਨਾਲ ਜੋੜਿਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਇਸ ਐਲਬਮ ਦੇ ਹਰ ਗੀਤ ਵਿੱਚ ਰਿਸ਼ਤਿਆਂ ਦੀਆਂ ਸਾਂਝਾ, ਅਪਣੱਤਵ, ਵਿਛੋੜੇ ਚਾਹੇ ਉਹ ਕਿਸੇ ਵੀ ਰੂਪ ਵਿੱਚ ਹੋਵੇ, ਉਸ ਦਾ ਦਰਦ ਹੰਢਾਉਣ ਵਾਲੀਆਂ ਮੁਟਿਆਰਾਂ ਆਦਿ ਦੀ ਗੱਲ ਕੀਤੀ ਗਈ ਹੈ, ਜਿਸ ਵਿੱਚ ਗੁਆਚੇ ਪੁਰਾਤਨ ਅਤੀਤ ਦੇ ਕਈ ਰੰਗ ਮੁੜ ਜੀਵੰਤ ਹੋਣਗੇ ਅਤੇ ਹਰ ਵਰਗ ਨਾਲ ਜੁੜੇ ਲੋਕ ਇੰਨ੍ਹਾਂ ਗੀਤਾਂ ਨਾਲ ਆਪਣਾ ਜੁੜਾਵ ਮਹਿਸੂਸ ਕਰਨਗੇ।
ਉਨ੍ਹਾਂ ਅੱਗੇ ਦੱਸਿਆ ਕਿ ਐਲਬਮ ਵਿੱਚ ਸ਼ਾਮਿਲ ਕੀਤੇ ਗਏ ਗਾਣਿਆਂ ਵਿਚੋਂ ਦਾਦੀਆਂ-ਨਾਨੀਆਂ ਦਾ ਮਿਊਜ਼ਿਕ ਵੀਡੀਓ ਤਿਆਰ ਕਰ ਲਿਆ ਗਿਆ ਹੈ, ਜਿਸ ਨੂੰ ਅੱਜ ਵੱਖ-ਵੱਖ ਸੰਗੀਤਕ ਪਲੇਟਫ਼ਾਰਮ 'ਤੇ ਰਿਲੀਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੇਰੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਜਾਰੀ ਹੋਣ ਜਾ ਰਹੇ ਇਸ ਸੰਗੀਤਕ ਵੀਡੀਓ ਨੂੰ ਚਾਰ ਚੰਨ ਲਾਉਣ ਵਿਚ ਪੰਜਾਬੀ ਸਿਨੇਮਾ ਦੀ ਮਸ਼ਹੂਰ ਅਤੇ ਬੇਹਤਰੀਨ ਅਦਾਕਾਰਾ ਨਿਰਮਲ ਰਿਸ਼ੀ ਅਹਿਮ ਭੂਮਿਕਾ ਨਿਭਾਉਣ ਜਾ ਰਹੀ ਹੈ, ਜਿੰਨ੍ਹਾਂ ਵੱਲੋਂ ਇਸ ਮਿਊਜਿਕ ਵੀਡੀਓ ਵਿਚ ਕੀਤੀ ਪ੍ਰਭਾਵਸ਼ਾਲੀ ਫ਼ੀਚਰਿੰਗ ਹਰ ਵੇਖਣ ਵਾਲੇ ਦਾ ਮਨ ਮੋਹ ਲਵੇਗੀ।
ਪੰਜਾਬੀ ਸੰਗੀਤ ਅਤੇ ਫ਼ਿਲਮਜ਼ ਦੋਹਾਂ ਹੀ ਖਿੱਤਿਆਂ ਵਿੱਚ ਵੱਡੇ ਨਾਂਅ ਵਜੋਂ ਆਪਣਾ ਵਜ਼ੂਦ ਅਤੇ ਪਹਿਚਾਣ ਸਥਾਪਿਤ ਕਰ ਚੁੱਕੀ ਇਸ ਗਾਇਕਾ ਅਤੇ ਅਦਾਕਾਰਾ ਨੇ ਦੱਸਿਆ ਕਿ ਉਨਾਂ ਦੀਆਂ ਕੁਝ ਪੰਜਾਬੀ ਫਿਲਮਾਂ ਵੀ ਜਲਦ ਦਰਸ਼ਕਾਂ ਸਨਮੁੱਖ ਹੋਣਗੀਆਂ, ਜਿੰਨ੍ਹਾਂ ਵਿਚ ਉਹ ਲੀਡ ਕਿਰਦਾਰਾਂ ਵਿਚ ਨਜ਼ਰ ਆਵੇਗੀ।