ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ (Harinder Sandhu upcoming song) ਵਿੱਚ ਪਿਛਲੇ ਕਾਫੀ ਸਮੇਂ ਤੋਂ ਲੋਕ-ਗਾਇਕੀ ਨੂੰ ਨਵੇਂ ਅਯਾਮ ਦਿੰਦੇ ਆ ਰਹੇ ਮਲਵਈ ਫ਼ਨਕਾਰ ਹਰਿੰਦਰ ਸੰਧੂ ਆਪਣਾ ਨਵਾਂ ਟਰੈਕ 'ਥਾਰ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿਸ ਦਾ ਮਿਊਜ਼ਿਕ ਸੰਗੀਤ ਸਮਰਾਟ ਚਰਨਜੀਤ ਆਹੂਜਾ ਵੱਲੋਂ ਤਿਆਰ ਕੀਤਾ ਗਿਆ ਹੈ।
ਪੰਜਾਬੀ ਸੰਗੀਤ ਜਗਤ ਵਿੱਚ ਮਾਣਮੱਤੀ ਅਤੇ ਸਫ਼ਲ ਪਹਿਚਾਣ ਰੱਖਦੇ ਚਰਨਜੀਤ ਅਹੂਜਾ (Harinder Sandhu upcoming song) ਲੰਮੇ ਸਮੇਂ ਬਾਅਦ ਇਸ ਗਾਣੇ ਦੁਆਰਾ ਪੰਜਾਬੀ ਸੰਗੀਤਕ ਜਗਤ ਵਿੱਚ ਵਾਪਸੀ ਕਰਨ ਜਾ ਰਹੇ ਹਨ, ਜੋ ਬਹੁਤ ਸਾਰੇ ਗਾਇਕਾਂ ਨੂੰ ਹਿੱਟ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ, ਜਿੰਨ੍ਹਾਂ ਵਿੱਚ ਗੁਰਦਾਸ ਮਾਨ, ਹੰਸਰਾਜ ਹੰਸ, ਸਵ: ਸਰਦੂਲ ਸਿਕੰਦਰ, ਸੁਰਜੀਤ ਬਿੰਦਰਖੀਆ ਤੋਂ ਲੈ ਕੇ ਬਹੁਤ ਸਾਰੇ ਉੱਚਕੋਟੀ ਗਾਇਕ ਸ਼ਾਮਿਲ ਰਹੇ ਹਨ।
ਉਕਤ ਗਾਣੇ ਅਤੇ ਪ੍ਰੋਜੈਕਟ ਸੰਬੰਧੀ ਆਪਣੇ ਮਨ ਦੇ ਵਲਵਲੇ ਸਾਂਝੇ ਕਰਦਿਆਂ ਗਾਇਕ ਹਰਿੰਦਰ ਸੰਧੂ ਨੇ ਦੱਸਿਆ ਕਿ 'ਜਨਾਬ ਚਰਨਜੀਤ ਅਹੂਜਾ ਸਾਹਿਬ ਤੱਕ ਪਹੁੰਚਣ ਲਈ ਮੈਨੂੰ ਤੀਹ ਸਾਲ ਲੱਗ ਗਏ। ਪਰ ਸ਼ੁਕਰਗੁਜ਼ਾਰ ਹਾਂ ਆਪਣੇ ਗਾਇਕ ਸਾਥੀਆਂ ਜਸਵੰਤ ਸੰਦੀਲਾ ਅਤੇ ਕੁਲਵਿੰਦਰ ਕੰਵਲ ਹੋਰਾਂ ਦਾ, ਜਿੰਨ੍ਹਾਂ ਦੇ ਹੌਂਸਲੇ ਸਦਕਾ ਮੈਂ ਅਹੂਜਾ ਸਾਹਿਬ ਦੇ ਸਟੂਡੀਓ ਪਹੁੰਚਣ ਦੀ ਹਿੰਮਤ ਕੀਤੀ। ਜਦੋਂ ਅਹੂਜਾ ਸਾਹਿਬ ਨੇ ਕਿਹਾ ਸੁਣਾਓ ਕੁੱਝ ਤਾਂ ਸੰਘ ਸੁੱਕਣ ਲੱਗਾ, ਤਰਜ਼ਾਂ ਭੁੱਲ ਗਈਆਂ।'