ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਵਿਲੱਖਣ ਪਹਿਚਾਣ ਅਤੇ ਸ਼ਾਨਦਾਰ ਵਜੂਦ ਸਥਾਪਿਤ ਕਰ ਚੁੱਕੇ ਹਨ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ, ਜੋ ਆਪਣੀ ਨਵੀਂ ਫਿਲਮ 'ਛੱਤਰੀ' ਦੁਆਰਾ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜੋ ਜਲਦ ਰਿਲੀਜ਼ ਹੋਣ ਜਾ ਰਹੀ ਹੈ।
'ਗੁਣ ਨਿਆਜ਼ ਪ੍ਰੋਡੋਕਸ਼ਨ' ਦੇ ਬੈਨਰ ਹੇਠ ਬਣਾਈ ਗਈ ਇਸ ਫਿਲਮ ਦਾ ਨਿਰਦੇਸ਼ਨ ਨੌਜਵਾਨ ਨਿਰਦੇਸ਼ਕ ਸੋਨੀ ਧਾਲੀਵਾਲ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਕਈ ਸਫਲ ਮਿਊਜ਼ਿਕ ਵੀਡੀਓਜ਼ ਨਾਲ ਜੁੜੇ ਰਹੇ ਹਨ ਅਤੇ ਉਕਤ ਫਿਲਮ ਦੁਆਰਾ ਪਾਲੀਵੁੱਡ ਵਿੱਚ ਇੱਕ ਨਵੀਂ ਪਾਰੀ ਦੇ ਆਗਾਜ਼ ਵੱਲ ਵਧਣ ਜਾ ਰਹੇ ਹਨ ਇਹ ਬਾਕਮਾਲ ਫਿਲਮਕਾਰ।
ਪੰਜਾਬ ਦੇ ਮਾਲਵਾ ਖੇਤਰ ਅਧੀਨ ਆਉਂਦੇ ਵੱਖ-ਵੱਖ ਇਲਾਕਿਆਂ ਵਿੱਚ ਫਿਲਮਬੱਧ ਕੀਤੀ ਗਈ ਇਸ ਫਿਲਮ ਦੇ ਸਿਨੇਮਾਟੋਗ੍ਰਾਫ਼ਰ ਵਿਸ਼ਵਨਾਥ ਪ੍ਰਜਾਪਤੀ ਹਨ। ਪਰਿਵਾਰਿਕ-ਡਰਾਮਾ ਕਹਾਣੀਸਾਰ ਅਧਾਰਿਤ ਇਸ ਫਿਲਮ ਦੁਆਰਾ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਦੀ ਖੂਬਸੂਰਤ ਜੋੜੀ ਦੂਸਰੀ ਵਾਰ ਸਿਲਵਰ ਸਕਰੀਨ ਨੂੰ ਅਨੂਠੇ ਅਤੇ ਸੋਹਣੇ ਰੰਗ ਦਿੰਦੀ ਨਜ਼ਰ ਆਵੇਗੀ, ਜੋ ਇਸ ਤੋਂ ਪਹਿਲਾਂ ਵੀ ਅਰਥ ਭਰਪੂਰ ਪੰਜਾਬੀ ਫਿਲਮ 'ਰੱਬਾ ਰੱਬਾ ਮੀਂਹ ਵਰਸਾ' ਆਪਣੀ ਬੇਹਤਰੀਨ ਅਦਾਕਾਰੀ ਸਮਰੱਥਾ ਦਾ ਇਕੱਠਿਆਂ ਇਜ਼ਹਾਰ ਕਰਵਾ ਚੁੱਕੇ ਹਨ, ਜਿਸ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਹੁੰਦਲ ਵੱਲੋਂ ਕੀਤਾ ਗਿਆ ਸੀ।
ਕੈਨੇਡਾ ਦੇ ਲੰਮੇ ਪ੍ਰਵਾਸ ਬਾਅਦ ਹਾਲ ਹੀ ਵਿੱਚ ਵਾਪਸ ਪੰਜਾਬ ਪ੍ਰਤੀ ਉਕਤ ਜੋੜੀ ਅਨੁਸਾਰ ਉਨਾਂ ਦੇ ਘਰੇਲੂ ਹੋਮ ਪ੍ਰੋਡੋਕਸ਼ਨ ਅਧੀਨ ਬਣਾਈ ਗਈ ਉਕਤ ਪੰਜਾਬੀ ਫਿਲਮ ਜਿੱਥੇ ਪੰਜਾਬੀ ਸਿਨੇਮਾ ਨੂੰ ਹੋਰ ਨਿਵੇਕਲੇ ਅਤੇ ਮਾਣ ਭਰੇ ਰਾਹਾਂ ਵੱਲ ਲਿਜਾਣ ਵੱਲ ਅਹਿਮ ਭੂਮਿਕਾ ਨਿਭਾਉਣ ਜਾ ਰਹੀ ਹੈ, ਉਥੇ ਨਾਲ ਹੀ ਅਪਣੇ ਸੱਭਿਆਚਾਰ, ਰੀਤੀ ਰਿਵਾਜਾਂ, ਪਰਿਵਾਰਿਕ ਪਰੰਪਰਾਵਾਂ ਤੋਂ ਟੁੱਟ ਰਹੀ ਨੌਜਵਾਨ ਪੀੜੀ ਨੂੰ ਅਸਲ ਜੜਾਂ ਅਤੇ ਰਿਸ਼ਤਿਆਂ ਨਾਲ ਜੋੜਨ ਵਿੱਚ ਵੀ ਅਹਿਮ ਯੋਗਦਾਨ ਪਾਵੇਗੀ।
ਦੇਸ਼ਾਂ-ਵਿਦੇਸ਼ਾਂ ਵਿੱਚ ਆਪਣੇ ਮਨਾਂ ਨੂੰ ਮੋਹ ਲੈਣ ਵਾਲੀ ਸੁਰੀਲੀ ਗਾਇਕੀ ਦਾ ਬਾਖ਼ੂਬੀ ਪ੍ਰਗਟਾਵਾ ਕਰਵਾਉਣ ਵਾਲੀ ਉਕਤ ਗਾਇਕ ਜੋੜੀ ਵੱਲੋਂ ਗਾਏ ਬੇਸ਼ੁਮਾਰ ਗਾਣੇ ਮਕਬੂਲੀਅਤ ਦੇ ਨਵੇਂ ਆਯਾਮ ਕਾਇਮ ਕਰਨ ਸਫ਼ਲ ਰਹੇ ਹਨ, ਜਿੰਨਾਂ ਦੇ ਅਪਾਰ ਕਾਮਯਾਬ ਰਹੇ ਅਤੇ ਸੁਪਰ-ਹਿੱਟ ਰਹੇ ਗਾਣਿਆਂ ਵਿੱਚ 'ਸਤਿਕਾਰ ਬਜ਼ੁਰਗਾਂ ਦਾ', 'ਭਾਬੀ', 'ਪੱਗ ਲਹਿੰਗਾ', 'ਕੰਗਣਾ', 'ਕਾਰ ਮਾਰੂਤੀ', 'ਜੋੜੀ', 'ਜਾ ਕੇ ਚੰਡੀਗੜ੍ਹ', 'ਡਾਊਨਟੋਨ', 'ਫੋਰਡ 3600', ਹਾਈ ਰੇਟਡ ਨਖਰਾ', 'ਬਦਲਾ', 'ਮੇਰੇ ਤੋਂ ਪਿਆਰਾ', 'ਦਿਲ ਤੇ ਜਾਨ', 'ਹੱਕ ਦੀ ਕਮਾਈ', 'ਚੱਕੇ ਜਾਮ' ਆਦਿ ਸ਼ੁਮਾਰ ਰਹੇ ਹਨ।