ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਦੁਆਬੇ ਨਾਲ ਤਾਲੁਕ ਰੱਖਦੇ ਫਨਕਾਰਾਂ ਦੀ ਸਰਦਾਰੀ ਪਿਛਲੇ ਲੰਮੇਂ ਸਮੇਂ ਤੋੋਂ ਜਿਓ ਦੀ ਤਿਓ ਕਾਇਮ ਹੈ, ਜਿਥੋਂ ਦੇ ਨੌਜਵਾਨ ਗਾਇਕਾਂ ਵਿੱਚ ਅਪਣੇ ਨਾਂਅ ਦਾ ਮਾਣਮੱਤਾ ਸ਼ੁਮਾਰ ਕਰਵਾਉਣ ਵਿਚ ਸਫ਼ਲ ਰਹੇ ਹਨ ਬਾਕਮਾਲ ਫ਼ਨਕਾਰ ਬਲਰਾਜ, ਜੋ ਕਮਰਸ਼ਿਅਲ ਦੇ ਨਾਲ-ਨਾਲ ਧਾਰਮਿਕ ਗਾਇਕੀ ਵਿੱਚ ਵੀ ਬਰਾਬਰਤਾ ਨਾਲ ਅਤੇ ਲਗਾਤਾਰ ਸਰਗਰਮ ਹੈ, ਜਿਸ ਦੀ ਲੜੀ ਵਜੋਂ ਹੀ ਸਾਹਮਣੇ ਆਉਣ ਜਾ ਰਿਹਾ ਹੈ, ਉਨਾਂ ਦੀ ਇੱਕ ਵਿਸ਼ੇਸ਼ ਐਲਬਮ ਵਿਚਲਾ ਸ਼ਬਦ 'ਚਿੱਠੀਆਂ'।
ਸੱਤੀ ਖੋਖੇਵਾਲੀਆ ਅਤੇ ਜੱਸੀ ਬੰਗਾ ਯੂ ਐਸ ਏ ਵੱਲੋਂ ਪੇਸ਼ ਕੀਤੇ ਜਾ ਰਹੇ ਉਕਤ ਧਾਰਮਿਕ ਗੀਤ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਇਸ ਹੋਣਹਾਰ ਗਾਇਕ ਨੇ ਦੱਸਿਆ ਕਿ ਜਲਦ ਰਿਲੀਜ਼ ਹੋਣ ਜਾ ਰਹੀ ਉਸ ਦੀ ਇਹ ਧਾਰਿਮਕ ਈਪੀ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੋਵੇਗੀ, ਜਿਸ ਵਿੱਚੋਂ ਉਕਤ ਪਹਿਲਾਂ ਸ਼ਬਦ ਜਾਰੀ ਹੋਣ ਜਾ ਰਿਹਾ ਹੈ, ਜਿਸ ਨੂੰ ਉਨਾਂ ਦੇ ਚਾਹੁੰਣ ਵਾਲੇ ਜ਼ਰੂਰ ਪਸੰਦ ਕਰਨਗੇ। ਉਨਾਂ ਦੱਸਿਆ ਕਿ ਇਸ ਐਲਬਮ ਵਿਚਲੇ ਸ਼ਬਦਾਂ ਦੇ ਲੇਖਕ ਸੱਤੀ ਖੋਖੇਵਾਲੀਆ ਹਨ, ਜਦਕਿ ਸੰਗੀਤ ਜੱਸੀ ਬ੍ਰਦਰਜ਼ ਨੇ ਤਿਆਰ ਕੀਤਾ ਹੈ।
ਉਨਾਂ ਅੱਗੇ ਦੱਸਿਆ ਕਿ 'ਐਸਕੇ ਪ੍ਰੋਡੋਕਸ਼ਨ' ਦੁਆਰਾ ਸੰਗੀਤਕ ਮਾਰਕੀਟ ਵਿੱਚ ਸਾਹਮਣੇ ਲਿਆਂਦੇ ਜਾ ਰਹੇ ਉਪਰੋਕਤ ਸ਼ਬਦ ਦਾ ਮਿਊਜ਼ਿਕ ਵੀਡੀਓ ਵੀ ਬਹੁਤ ਉਮਦਾ ਬਣਾਇਆ ਗਿਆ ਹੈ, ਜਿਸ ਦਾ ਨਿਰਦੇਸ਼ਨ ਮਨਦੀਪ ਰੰਧਾਵਾ ਨੇ ਕੀਤਾ ਹੈ, ਜਦਕਿ ਇਸ ਦੇ ਕੈਮਰਾਮੈਨ ਸੋਨੂੰ ਬੈਂਸ ਹਨ, ਜਿੰਨਾਂ ਤੋਂ ਇਲਾਵਾ ਇਸ ਧਾਰਮਿਕ ਪ੍ਰੋਜੈਕਟ ਨੂੰ ਸੰਪੂਰਨ ਕਰਾਉਣ ਵਿੱਚ ਸੰਤੋਖ ਭਾਰਤੀ ਨਿਊਯਾਰਕ ਅਤੇ ਜੀਤ ਬਾਬਾ ਬੈਲਜੀਅਮ ਵੱਲੋਂ ਵੀ ਖਾਸ ਤਰੱਦਦ ਕੀਤੇ ਗਏ ਹਨ।
ਹਾਲ ਹੀ ਵਿੱਚ ਰਿਲੀਜ਼ ਹੋਏ ਅਪਣੇ ਕਈ ਗਾਣਿਆਂ ਨਾਲ ਵੀ ਚਰਚਾ ਦਾ ਵਿਸ਼ਾ ਬਣੇ ਰਹੇ ਹਨ ਬਿਹਤਰੀਨ ਅਤੇ ਸੁਰੀਲੇ ਗਾਇਕ, ਜਿੰਨਾਂ ਦੇ ਹੁਣ ਤੱਕ ਦੇ ਗਾਇਕੀ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਗੱਲ ਦਾ ਅਹਿਸਾਸ ਸਹਿਜੇ ਹੀ ਹੋ ਜਾਂਦਾ ਹੈ ਕਿ ਉਹ 'ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ' ਵਾਲੀ ਸੋਚ ਅਪਨਾਉਣ ਵਿੱਚ ਜਿਆਦਾ ਯਕੀਨ ਰੱਖਦੇ ਹਨ ਅਤੇ ਇਹੀ ਕਾਰਨ ਹੈ ਕਿ ਉਹ ਚੁਣਿੰਦਾ ਅਤੇ ਮਿਆਰੀ ਗਾਣਿਆਂ ਨਾਲ ਹੀ ਦਰਸ਼ਕਾਂ ਅਤੇ ਸਰੋਤਿਆਂ ਦੇ ਸਨਮੁੱਖ ਹੋਣ ਨੂੰ ਹੀ ਵੱਧ ਤਰਜੀਹ ਦਿੰਦੇ ਹਮੇਸ਼ਾ ਨਜ਼ਰੀ ਆਉਂਦੇ ਹਨ, ਜਿਸ ਦਾ ਇਜ਼ਹਾਰ ਆਉਣ ਵਾਲੇ ਦਿਨਾਂ ਵਿਚ ਰਿਲੀਜ਼ ਹੋਣ ਵਾਲੇ ਕੁਝ ਹੋਰ ਟਰੈਕ ਵੀ ਕਰਵਾਉਣਗੇ।