ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਚੋਖਾ ਨਾਮਣਾ ਖੱਟ ਰਹੇ ਗਾਇਕ ਰਵਿੰਦਰ ਗਰੇਵਾਲ ਅਦਾਕਾਰ ਦੇ ਤੌਰ 'ਤੇ ਵੀ ਪੜ੍ਹਾਅ ਦਰ ਪੜ੍ਹਾਅ ਮਜ਼ਬੂਤ ਪੈੜ੍ਹਾਂ ਸਿਰਜਣ ਵੱਲ ਅੱਗੇ ਵੱਧ ਰਹੇ ਹਨ, ਜੋ ਆਉਣ ਵਾਲੀ ਪੰਜਾਬੀ ਫਿਲਮ 'ਮਿੰਦਾ ਲਲਾਰੀ’ ਵਿੱਚ ਅਲਹਦਾ ਅਤੇ ਸਨਸਨੀਖੇਜ਼ ਕਿਰਦਾਰ ਵਿੱਚ ਨਜ਼ਰ ਆਉਣਗੇ।
‘ਟੇਡੀ ਪੱਗ ਰਿਕਾਰਡਜ਼’ ਵੱਲੋਂ ਆਪਣੇ ਲੇਬਲ ਅਤੇ ਬੈਨਰਜ਼ ਅਧੀਨ ਬਣਾਈ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਹਾਕਮ ਅਤੇ ਸੈਂਡੀ ਦੁਆਰਾ ਕੀਤਾ ਜਾਵੇਗਾ, ਜੋ ਬਤੌਰ ਨਿਰਦੇਸ਼ਕ ਜੋੜੀ ਪਾਲੀਵੁੱਡ ’ਚ ਪਲੇਠਾ ਅਤੇ ਸ਼ਾਨਦਾਰ ਡੈਬਿਊ ਕਰਨ (Minda Lalari) ਜਾ ਰਹੇ ਹਨ। ਰੈੱਡ ਫਰੇਮ ਫਿਲਮਜ਼ ਵੱਲੋਂ ਪ੍ਰਸਤੁਤ ਕੀਤੀ ਜਾ ਰਹੀ ਇਸ ਫਿਲਮ ਦਾ ਸਟੋਰੀ-ਸਕਰੀਨ ਪਲੇ ਅਤੇ ਡਾਇਲਾਗ ਲੇਖਨ ਡਾ. ਸਤਨਾਮ ਸਿੰਘ ਹੁੰਦਲ ਦਾ ਹੈ, ਜਦਕਿ ਇਸ ਦਾ ਮਿਊਜ਼ਿਕ ਸੰਨੀ ਸਿੰਘ ਅਤੇ ਸੀਬੀ ਕਿੰਗ ਵੱਲੋਂ ਸੰਗੀਤਬੱਧ ਕੀਤਾ ਜਾ ਰਿਹਾ ਹੈ।
ਪੰਜਾਬੀ ਦੇ ਵੱਖ-ਵੱਖ ਹਿੱਸਿਆਂ ਵਿੱਚ ਮੁਕੰਮਲ ਕੀਤੀ ਜਾ ਰਹੀ ਇਸ ਕ੍ਰਾਈਮ ਥ੍ਰਿਲਰ ਫਿਲਮ ( Minda Lalari Punjabi film) ਦੇ ਸਿਨੇਮਾਟੋਗ੍ਰਾਫ਼ਰੀ ਪੱਖ ਜਗਰੂਪ, ਬੈਕਗਰਾਊਂਡ ਮਿਊਜ਼ਿਕ ਮੋਹਿਤ ਕਸ਼ਯਪ ਸੰਭਾਲ ਰਹੇ ਹਨ। ਉਕਤ ਫਿਲਮ ਵਿਚਲੀ ਆਪਣੀ ਭੂਮਿਕਾ ਅਤੇ ਹੋਰਨਾਂ ਅਹਿਮ ਪਹਿਲੂਆਂ ਬਾਰੇ ਗੱਲ ਕਰਦਿਆਂ ਗਾਇਕ-ਅਦਾਕਾਰ ਰਵਿੰਦਰ ਗਰੇਵਾਲ ਨੇ ਦੱਸਿਆ ਕਿ ਹੁਣ ਤੱਕ ਕੀਤੀਆਂ ਫਿਲਮਾਂ ਵਿੱਚ ਉਨਾਂ ਵੱਲੋਂ ਜਿਆਦਾਤਰ ਠੇਠ ਪੇਂਡੂ ਅਤੇ ਆਮ ਜਨਜੀਵਨ ਦੀ ਨੁਮਾਇਦਗੀ ਕਰਦੇ ਸਾਧਾਰਨ ਕਿਰਦਾਰ ਹੀ ਅਦਾ ਕੀਤੇ ਗਏ ਹਨ। ਪਰ ਇਸ ਫਿਲਮ ਵਿੱਚ ਪਹਿਲੀ ਵਾਰ ਥ੍ਰਿਲਰ ਭਰਪੂਰ ਰੋਲ ਅਦਾ ਕਰ ਰਿਹਾ ਹਾਂ, ਜਿਸ ਵਿੱਚ ਦਰਸ਼ਕਾਂ ਨੂੰ ਉਨਾਂ ਦੀ ਅਦਾਕਾਰੀ ਦੇ ਕਈ ਨਵੇਂ ਸ਼ੇਡਜ਼ ਵੇਖਣ ਨੂੰ ਮਿਲਣਗੇ।
ਰੁਮਾਂਟਿਕ ਅਤੇ ਪਰਿਵਾਰਿਕ ਫਿਲਮਾਂ ਦੁਆਰਾ ਸਥਾਪਿਤ ਹੁੰਦੀ ਜਾ ਰਹੀ ਇਮੇਜ਼ ਤੋਂ ਇੱਕਦਮ ਹੱਟ ਕੇ ਇਸ ਤਰ੍ਹਾਂ ਦੀ ਭੂਮਿਕਾ ਨਿਭਾਉਣ ਦੇ ਬਣੇ ਸਬੱਬ ਸੰਬੰਧੀ ਵਲਵਲ੍ਹੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬੀ ਗਾਇਕੀ ਦੀ ਤਰ੍ਹਾਂ ਸਿਨੇਮਾ ਖੇਤਰ ਵੀ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ, ਜਿਸ ਸੰਬੰਧੀ ਬਣੀ ਸੋਚ ਦੇ ਮੱਦੇਨਜ਼ਰ ਹੀ ਇਸ ਫਿਲਮ ਨੂੰ ਕਰਨ ਦਾ ਫੈਸਲਾ ਲਿਆ, ਕਿਉਂਕਿ ਇਸ ਵਿੱਚ ਜਿੱਥੇ ਕਹਾਣੀ ਸਾਰ ਪੱਖੋਂ ਕਾਫ਼ੀ ਨਵਾਂਪਣ ਅਤੇ ਅਨੂਠੀ ਸਿਨੇਮਾ ਸਿਰਜਨਾਤਮਕ ਨਜ਼ਰ ਆਈ, ਉਥੇ ਹੀ ਅਦਾਕਾਰ ਤੌਰ 'ਤੇ ਵੀ ਆਪਣੀਆਂ ਸਮਰੱਥਾਵਾਂ ਵਿੱਚ ਇਜ਼ਾਫ਼ਾ ਕੀਤਾ ਜਾ ਸਕਦਾ ਸੀ, ਸੋ ਇਸੇ ਦੇ ਚੱਲਦਿਆਂ ਇਸ ਫਿਲਮ ਦਾ ਪ੍ਰਭਾਵੀ ਹਿੱਸਾ ਬਣਿਆ ਹਾਂ ਅਤੇ ਉਮੀਦ ਕਰਦਾ ਹਾਂ ਕਿ ਦਰਸ਼ਕ ਇੱਕ ਵਾਰ ਫਿਰ ਭਰਪੂਰ ਹੁੰਗਾਰਾ ਦੇਣਗੇ।
ਹਾਲ ਹੀ ਵਿੱਚ (Minda Lalari) ਰਿਲੀਜ਼ ਹੋਈਆਂ ‘ਜੱਜ ਸਿੰਘ ਐਲਐਲਬੀ’, ‘ਯਾਰ ਵੈਲੀ’, ‘ਫਿਰ ਰੌਲਾ ਪੈ ਗਿਆ’, ‘15 ਲੱਖ ਕਦੋਂ ਆਊਗਾ’, ‘ਡੰਗਰ ਡਾਕਟਰ ਜ਼ੈਲੀ’, ‘ਗਿੱਦੜ੍ਹਸਿੰਘੀ’ ਆਦਿ ਜਿਹੀਆਂ ਕਈ ਚਰਚਿਤ ਪੰਜਾਬੀ ਫਿਲਮਾਂ ਵਿੱਚ ਲੀਡ ਭੂਮਿਕਾਵਾਂ ਅਦਾ ਕਰ ਚੁੱਕੇ ਇਸ ਹੋਣਹਾਰ ਗਾਇਕ ਨੂੰ ਅਦਾਕਾਰ ਦੇ ਤੌਰ 'ਤੇ ਵੀ ਕਾਫ਼ੀ ਸਲਾਹੁਤਾ ਮਿਲ ਰਹੀ ਹੈ, ਜਿਸ ਉਪਰੰਤ ਭੂਮਿਕਾਵਾਂ ਅਤੇ ਫਿਲਮਾਂ ਨੂੰ ਲੈ ਕੇ ਥੋੜਾ ਹੋਰ ਸੁਚੇਤ ਹੋਏ ਰਵਿੰਦਰ ਗਰੇਵਾਲ ਇੰਨ੍ਹੀਂ ਦਿਨ੍ਹੀਂ ਕਈ ਫਿਲਮ ਪ੍ਰੋਜੈਕਟਜ਼ ਵਿੱਚ ਵੀ ਆਪਣੀ ਪ੍ਰਭਾਵਸ਼ਾਲੀ ਮੌਜੂਦਗੀ ਦਾ ਇਜ਼ਹਾਰ ਕਰਵਾਉਣ ਵੱਲ ਅੱਗੇ ਵੱਧ ਰਹੇ ਹਨ।