ਚੰਡੀਗੜ੍ਹ: ਆਸਟ੍ਰੇਲੀਆ ਦੇ ਕਬੱਡੀ ਅਤੇ ਖੇਡ ਗਲਿਆਰਿਆਂ ’ਚ ਬਤੌਰ ਜਾਫੀ, ਖਿਡਾਰੀ ਚੌਖਾ ਨਾਮਣਾ ਖੱਟ ਚੁੱਕੇ ਹੋਣਹਾਰ ਪੰਜਾਬੀ ਨੌਜਵਾਨ ਸਿਮਰ ਕਬੱਡੀ ਹੁਣ ਐਕਟਰ ਦੇ ਤੌਰ 'ਤੇ ਵੀ ਸਿਲਵਰ ਸਕਰੀਨ ਉਤੇ ਆਗਮਨ ਕਰਨ ਜਾ ਰਹੇ ਹਨ, ਜਿੰਨ੍ਹਾਂ ਵੱਲੋਂ ਆਪਣੀ ਪਹਿਲੀ ਹਿੰਦੀ ਫਿਲਮ ‘ਗਾਇਬ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦਾ ਨਿਰਦੇਸ਼ਨ ਬਾਲੀਵੁੱਡ ਦੇ ਮੰਨੇ ਪ੍ਰਮੰਨੇ ਗੀਤਕਾਰ ਅਸ਼ੋਕ ਪੰਜਾਬੀ ਕਰ ਰਹੇ ਹਨ।
‘ਸੁਨਸਨੇਹਾ ਫ਼ਿਲਮਜ਼’ ਦੇ ਬੈਨਰ ਹੇਠ ਬਣ ਰਹੀ ਇਸ ਫਿਲਮ ਦੀ ਸ਼ੂਟਿੰਗ ਪੂਨੇ ਵਿਚ ਤੇਜ਼ੀ ਨਾਲ ਸੰਪੂਰਨ ਕੀਤੀ ਜਾ ਰਹੀ ਹੈ, ਜਿਸ ਵਿਚ ਲੀਡ ਭੂਮਿਕਾਵਾਂ ਸਿਮਰ ਕਬੱਡੀ ਅਤੇ ਆਸ਼ਰਮ ਵੈੱਬਸੀਰੀਜ਼ ਫੇਮ ਪ੍ਰੀਤੀ ਸੂਦ ਅਦਾ ਕਰ ਰਹੇ ਹਨ, ਜਿੰਨ੍ਹਾਂ ਨਾਲ ਹਿੰਦੀ ਸਿਨੇਮਾ ਦੇ ਰਣਜੀਤ, ਅਰੁਣ ਬਖ਼ਸੀ ਆਦਿ ਜਿਹੇ ਕਈ ਨਾਮਵਰ ਚਿਹਰੇ ਵੀ ਮਹੱਤਵਪੂਰਨ ਕਿਰਦਾਰਾਂ ਵਿਚ ਨਜ਼ਰ ਆਉਣਗੇ।
ਮੂਲ ਰੂਪ ਵਿਚ ਪੰਜਾਬ ਦੇ ਇਤਿਹਾਸਿਕ ਅਤੇ ਧਾਰਮਿਕ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਲਾਲ ਸੰਬੰਧਤ ਸਿਮਰ ਕਬੱਡੀ ਦੱਸਦੇ ਹਨ ਕਿ ਰੁਮਾਂਸ, ਥ੍ਰਿਲਰ ਅਤੇ ਕਾਮੇਡੀ ਨਾਲ ਭਰਪੂਰ ਇਸ ਫਿਲਮ ਦੀ ਥੀਮ ਕਾਫ਼ੀ ਦਿਲਚਸਪ ਪਰਸਥਿਤੀਆਂ ਅਤੇ ਹਾਸਰਸ ਵੰਨਗੀਆਂ ਦੁਆਲੇ ਬੁਣੀ ਗਈ ਹੈ, ਜਿਸ ਦਾ ਤਕਰੀਬਨ ਜਿਆਦਾਤਰ ਹਿੱਸਾ ਪੂਨੇ ਦੀਆਂ ਹੀ ਵੱਖ-ਵੱਖ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਫਿਲਮ ਦੇ ਕੁਝ ਦ੍ਰਿਸ਼ ਮੁੰਬਈ ਵਿਖੇ ਵੀ ਫ਼ਿਲਮਾਏ ਜਾਣਗੇ।
ਮੁੰਬਈ ਦੇ ਮਸ਼ਹੂਰ ਡਾਂਸ ਨਿਰਦੇਸ਼ਕਾਂ ਅਤੇ ਐਕਟਿੰਗ ਮਾਹਿਰਾਂ ਤੋਂ ਡਾਂਸ ਅਤੇ ਅਭਿਨੈ ਬਾਰੀਕੀਆਂ ਦੀ ਪੂਰੀ ਮੁਹਾਰਤ ਹਾਸਿਲ ਕਰਨ ਉਪਰੰਤ ਹਿੰਦੀ ਸਿਨੇਮਾ ਇੰਡਸਟਰੀ ਦਾ ਹਿੱਸਾ ਬਣਨ ਜਾ ਰਹੇ ਸਿਮਰ ਅਨੁਸਾਰ ਇਸ ਫਿਲਮ ਵਿਚ ਉਨਾਂ ਦੇ ਕਿਰਦਾਰ ਦੇ ਵੱਖ ਵੱਖ ਰੰਗ ਦਰਸ਼ਕਾਂ ਨੂੰ ਵੇਖਣ ਲਈ ਮਿਲਣਗੇ, ਜਿਸ ਵਿਚ ਰੁਮਾਂਸ, ਗੰਭੀਰ ਅਤੇ ਐਕਸ਼ਨ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿਸ ਨੂੰ ਉਨ੍ਹਾਂ ਦੇ ਚਾਹੁੰਣ ਵਾਲੇ ਜ਼ਰੂਰ ਪਸੰਦ ਕਰਨਗੇ।
ਆਪਣੇ ਹਾਲੀਆ ਸਫ਼ਰ ਦੌਰਾਨ ਇਕ ਓਟੀਟੀ ਫਿਲਮ ਤੋਂ ਇਲਾਵਾ ਪੰਜਾਬੀ ਮਿਊਜ਼ਿਕ ਵੀਡੀਓਜ਼ ਵਿਚ ਆਪਣੀ ਸ਼ਾਨਦਾਰ ਅਭਿਨੈ ਪ੍ਰਤਿਭਾ ਦਾ ਇਜ਼ਹਾਰ ਕਰਵਾ ਚੁੱਕੇ ਸਿਮਰ ਦੱਸਦੇ ਹਨ ਕਿ ਹਿੰਦੀ ਫਿਲਮ ਤੋਂ ਨਵੀਂ ਪਾਰੀ ਦੀ ਸ਼ੁਰੂਆਤ ਦੇ ਬਾਵਜ਼ੂਦ ਪੰਜਾਬੀ ਸਿਨੇਮਾ ਲਈ ਵੀ ਕੁਝ ਵੱਖਰਾ ਕਰ ਗੁਜ਼ਰਨਾ ਉਨਾਂ ਦੀ ਤਰਜ਼ੀਹ ਵਿਚ ਸ਼ਾਮਿਲ ਰਹੇਗਾ।
ਉਨ੍ਹਾਂ ਕਿਹਾ ਕਿ ਖੁਸ਼ਕਿਸਮਤੀ ਦੀ ਗੱਲ ਹੈ ਕਿ ਮੀਕਾ, ਸ਼ਾਹਿਦ ਮਾਲਿਆ, ਨਵਰਾਜ ਹੰਸ ਆਦਿ ਜਿਹੇ ਕਈ ਨਾਮੀ ਪਲੇਬੈਕ ਗਾਇਕਾ ਅਤੇ 'ਵੀਰੇ ਕੀ ਵੈਡਿੰਗ' ਵਰਗੀਆਂ ਕਈ ਸਫ਼ਲ ਫਿਲਮਾਂ ਲਈ ਗੀਤ ਲੇਖਨ ਕਰ ਚੁੱਕੇ ਅਸ਼ੋਕ ਪੰਜਾਬੀ ਵੱਲੋਂ ਉਸ ਨੂੰ ਉਕਤ ਫਿਲਮ ਵਿਚਲੀ ਲੀਡ ਭੂਮਿਕਾ ਲਈ ਚੁਣਿਆ ਗਿਆ, ਜਿੰਨ੍ਹਾਂ ਅਤੇ ਦਰਸ਼ਕਾਂ ਦੀ ਹਰ ਕਸੌਟੀ 'ਤੇ ਖਰਾ ਉਤਰਨ ਲਈ ਉਹ ਪੂਰੀ ਮਿਹਨਤ ਅਤੇ ਜਨੂੰਨੀਅਤ ਨਾਲ ਆਪਣੀਆਂ ਅਭਿਨੈ ਜਿੰਮੇਵਾਰੀਆਂ ਨੂੰ ਅੰਜ਼ਾਮ ਦੇ ਰਹੇ ਹਨ।
ਸਿਮਰ ਦੱਸਦੇ ਹਨ ਕਿ ਇਸ ਮੁਕਾਮ ਤੱਕ ਪੁੱਜਣ ਦਾ ਪੂਰਾ ਸਿਹਰਾ ਉਹ ਆਪਣੇ ਮਾਤਾ, ਪਿਤਾ ਨੂੰ ਦਿੰਦੇ ਹਨ, ਜਿੰਨ੍ਹਾਂ ਫਿਲਮੀ ਖੇਤਰ ਨਾਲ ਕੋਈ ਵਾਹ ਵਾਸਤਾ ਨਾ ਹੋਣ ਦੇ ਬਾਵਜੂਦ ਉਸ ਨੂੰ ਇਸ ਖੇਤਰ ਵਿਚ ਜਾਣ ਲਈ ਅਤੇ ਆਪਣੇ ਸ਼ੌਂਕ ਨੂੰ ਪੂਰਿਆਂ ਕਰਨ ਲਈ ਪੂਰਾ ਉਤਸ਼ਾਹ ਅਤੇ ਆਸ਼ੀਰਵਾਦ ਦਿੱਤਾ, ਜਿੰਨ੍ਹਾਂ ਵੱਲੋਂ ਦਿੱਤੇ ਮਨੋਬਲ ਦੀ ਬਦੌਂਲਤ ਹੀ ਉਹ ਇਸ ਖੇਤਰ ਵਿਚ ਆਪਣੇ ਸੁਫ਼ਨਿਆਂ ਨੂੰ ਤਾਬੀਰ ਦੇਣ ਦੀ ਰਾਹ ਸਫ਼ਲਤਾਪੂਰਪਕ ਅੱਗੇ ਵੱਧ ਸਕਿਆ ਹੈ।