ਚੰਡੀਗੜ੍ਹ:ਪਿਛਲੇ ਸਮੇਂ ਪੰਜਾਬੀ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਉਰਫ਼ ਸ਼ੁੱਭਦੀਪ ਸਿੰਘ ਸਿੱਧੂ ਸਾਨੂੰ ਅਲਵਿਦਾ ਕਹਿ ਗਏ। ਦੱਸ ਦਈਏ ਕਿ ਗਾਇਕ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਗਾਇਕ ਦੇ ਬਹੁਤ ਸਾਰੇ ਗੀਤ ਰਿਕਾਰਡ ਕੀਤੇ ਪਏ ਸਨ ਜਿਹਨਾਂ ਨੂੰ ਰਿਲੀਜ਼ ਨਾ ਕਰਨ ਦੀ ਪਰਿਵਾਰ ਵੱਲੋਂ ਬੇਨਤੀ ਕੀਤੀ ਗਈ ਸੀ, ਪਰਿਵਾਰ ਵੱਲੋਂ ਕਿਹਾ ਗਿਆ ਸੀ ਕਿ ਕਿਸੇ ਕੋਲ ਕੋਈ ਵੀ ਸਿੱਧੂ ਦਾ ਗੀਤ ਹੈ ਤਾਂ ਕਿਰਪਾ ਕਰਕੇ ਉਹ ਰਿਲੀਜ਼ ਨਾ ਕੀਤਾ ਜਾਵੇ, ਹੁਣ ਤਾਜ਼ਾ ਖ਼ਬਰ ਇਹ ਹੈ ਕਿ ਕਿ ਗਾਇਕ ਸਿੱਧੂ ਮੂਸੇਵਾਲਾ ਦਾ ਇੱਕ ਗੀਤ ਜੋ ਕਿ ਉਹਨਾਂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਣ ਜਾ ਰਿਹਾ ਹੈ, ਗੀਤ ਦਾ ਸਿਰਲੇਖ ਐੱਸ.ਵਾਈ.ਐੱਲ ਹੈ।
ਗੀਤ ਦਾ ਕੀ ਹੈ ਮੁੱਦਾ: ਦੱਸਿਆ ਜਾ ਰਿਹਾ ਹੈ ਕਿ ਗੀਤ ਦੇ ਕਈ ਬੋਲ ਪਹਿਲਾਂ ਦੀ ਲੀਕ ਹੋ ਗਏ ਸਨ, ਤੁਹਾਨੂੰ ਦੱਸ ਦਈਏ ਕਿ ਗਾਇਕ ਦੇ ਗੀਤ ਐੱਸਵਾਈਐੱਲ ਪੰਜਾਬ ਦੇ ਦਰਿਆਈ ਪਾਣੀਆਂ ਨਾਲ ਜੁੜਿਆ ਹੋਇਆ ਮੁੱਦਾ ਹੈ। ਦੱਸਿਆ ਜਾ ਰਿਹਾ ਹੈ ਕਿ ਗੀਤ ਵਿੱਚ ਗਾਇਕ ਮੂਸੇਵਾਲਾ ਨੇ 1990 ਦਹਾਕੇ ਦੀ ਚਰਚਿਤ ਸਖ਼ਸ਼ੀਅਤ ਬਲਵਿੰਦਰ ਜਟਾਣਾ ਦਾ ਜਿਕਰ ਕੀਤਾ ਹੈ। ਗੀਤ ਵਿੱਚ ਪੰਜਾਬ ਦੇ ਹੱਕਾਂ ਦੀ ਗੱਲ਼ ਕੀਤੀ ਗਈ ਹੈ, ਕਿਹਾ ਜਾ ਰਿਹਾ ਹੈ ਕਿ ਗੀਤ ਵਿੱਚ ਬੰਦੀ ਸਿੰਘਾਂ ਦੀ ਗੱਲ ਵੀ ਕੀਤੀ ਗਈ ਹੈ ਅਤੇ ਸਿਆਸਤ ਉਤੇ ਕਰਾਰੀ ਸੱਟ ਮਾਰੀ ਗਈ ਹੈ। ਉਥੇ ਹੀ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਗੀਤ ਵਿੱਚ ਜਰਨਲ ਅਡਵਾਇਰ ਦੀ ਗੱਲ ਵੀ ਕੀਤੀ ਗਈ ਹੈ।
ਐਸਵਾਈਐਲ ਨਹਿਰ: ਪੰਜਾਬ ਅਤੇ ਹਰਿਆਣਾ ਵਿੱਚ ਐਸਵਾਈਐਲ ਨਹਿਰ ਦੀ ਕੁੱਲ ਲੰਬਾਈ 212 ਕਿਲੋਮੀਟਰ ਹੈ। ਇਸ ਵਿੱਚੋਂ 91 ਕਿਲੋਮੀਟਰ ਨਹਿਰ ਹਰਿਆਣਾ ਵਿੱਚ ਅਤੇ 121 ਕਿਲੋਮੀਟਰ ਪੰਜਾਬ ਵਿੱਚ ਹੈ। ਪੰਜਾਬ ਵਿੱਚ ਇਹ ਨਹਿਰ ਨੰਗਲ ਡੈਮ (ਜ਼ਿਲ੍ਹਾ ਰੋਪੜ) ਤੋਂ ਸ਼ੁਰੂ ਹੁੰਦੀ ਹੈ ਅਤੇ ਇੱਥੇ ਇਸ ਦਾ ਨਾਂ ਆਨੰਦਪੁਰ ਹਾਈਡਲ ਚੈਨਲ ਹੈ। ਇਸ ਨਾਲੇ ਦਾ ਪਾਣੀ ਕੀਰਤਪੁਰ ਸਾਹਿਬ ਤੱਕ ਜਾਂਦਾ ਹੈ ਅਤੇ ਉਥੋਂ ਸਤਲੁਜ ਵੱਲ ਜਾਂਦਾ ਹੈ। ਬਾਅਦ ਵਿੱਚ ਕੀਰਤਪੁਰ ਸਾਹਿਬ ਤੋਂ ਇਹ ਨਹਿਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਮੋਹਾਲੀ ਤੋਂ ਹੁੰਦੀ ਹੋਈ ਪਟਿਆਲਾ ਦੇ ਪਿੰਡ ਕਪੂਰੀ ਤੱਕ ਜਾਂਦੀ ਹੈ ਅਤੇ ਉਥੋਂ ਹਰਿਆਣਾ ਦੀ ਹੱਦ ਵਿੱਚ ਦਾਖਲ ਹੁੰਦੀ ਹੈ।