ਚੰਡੀਗੜ੍ਹ: ਪੰਜਾਬੀ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਹੋਈ ਨੂੰ ਪੂਰੇ 9 ਮਹੀਨੇ ਹੋ ਗਏ ਹਨ, ਕੋਈ ਵੀ ਅਜਿਹਾ ਦਿਨ ਨਹੀਂ ਗਿਆ ਹੋਣਾ ਜਦੋਂ ਗਾਇਕ ਦੇ ਮਾਤਾ ਪਿਤਾ ਰੋਏ ਤਾਂ ਬਿਨ੍ਹਾਂ ਰਹਿ ਗਏ ਹੋਣ। ਉਹ ਆਏ ਦਿਨ ਆਪਣੀਆਂ ਭਾਵਨਾਵਾਂ ਲੋਕਾਂ ਸਾਹਮਣੇ ਵਿਅਕਤ ਕਰਦੇ ਰਹਿੰਦੇ ਹਨ ਅਤੇ ਸਰਕਾਰ ਸਾਹਮਣੇ ਇਨਸਾਫ਼ ਦੀ ਗੁਹਾਰ ਲਾਉਂਦੇ ਰਹਿੰਦੇ ਹਨ। ਗਾਇਕ ਦੀ ਮੌਤ ਨੇ ਪੂਰੇ ਦੇਸ਼ ਹੀ ਨਹੀਂ ਬਲਕਿ ਪੂਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਸੀ, ਇੰਝ ਦਿਨ ਦਿਹਾੜੇ ਪ੍ਰਸਿੱਧ ਗਾਇਕ ਦਾ ਕਤਲ ਹੋ ਜਾਣਾ ਸਾਡੇ ਸਮਾਜ ਲਈ ਬਿਲਕੁੱਲ ਵੀ ਚੰਗੀ ਗੱਲ਼ ਨਹੀਂ ਸੀ।
ਹੁਣ ਭਾਵੇਂ ਗਾਇਕ ਦੀ ਮੌਤ ਹੋਈ ਨੂੰ ਕਾਫ਼ੀ ਸਮਾਂ ਹੋ ਗਿਆ, ਪਰ ਗਾਇਕ ਦੇ ਮਾਤਾ ਪਿਤਾ ਆਏ ਦਿਨ ਸ਼ੋਸਲ ਮੀਡੀਆ ਉਤੇ ਪੋਸਟ ਸਾਂਝੀ ਕਰਦੇ ਰਹਿੰਦੇ ਹਨ, ਹੁਣ ਗਾਇਕ ਦੀ ਮਾਂ ਚਰਨ ਕੌਰ ਨੇ ਇੰਸਟਾਗ੍ਰਾਮ ਉਤੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ, ਚਰਨ ਕੌਰ ਨੇ ਲਿਖਿਆ 'ਹਵੇਲੀ ਆਉਂਦਾ ਹਰ ਸ਼ਖਸ ਜਦ ਮੈਨੂੰ ਤੇਰੇ ਇਨਸਾਫ਼ ਦਾ ਸਵਾਲ ਕਰਦਾ ਤਾਂ ਪੁੱਤ ਮੈਂ ਖਾਮੋਸ਼ ਹੋ ਹੱਥ ਖੜੇ ਕਰ ਦਿੰਦੀ ਆ, ਮੈਨੂੰ ਇਹ ਕਾਨੂੰਨ ਨੂੰ ਲਿਖਣ ਆਲੇ ਸਿਰਜਣ ਆਲੇ ਅਤੇ ਮੌਜੂਦਾ ਸਿਆਸਤਦਾਨ ਇਹ ਤਾਂ ਦੱਸ ਦੇਣ ਕਿ ਬੇਕਸੂਰਾਂ ਨੂੰ ਮਰਵਾਉਣ ਵਾਲਿਆਂ ਨੂੰ ਖਜ਼ਾਨੇ ਦੇ ਨਕਸ਼ੇ ਵਾਂਗ ਸਾਂਭ ਸਾਂਭ ਕਿਉਂ ਰੱਖਿਆ ਹੋਇਆ ਐ, ਉਹਨਾਂ ਦੇ ਚੱਲਦੇ ਸਾਹ ਮੈਨੂੰ ਘੜੀ ਘੜੀ ਮੇਰੇ ਕੋਰੇ ਕਾਗਜ਼ ਜਿਹੇ ਜ਼ਮੀਰ ਆਲੇ ਪੁੱਤਰ ਦੀਆਂ ਆਖਰੀ ਧਾਹਾਂ ਯਾਦ ਕਰਾਉਂਦੇ ਰਹਿੰਦੇ ਆ ਸ਼ੁੱਭ, ਮੈਂ ਆਪਣੇ ਪੁੱਤਰ ਦੀਆਂ ਧਾਹਾਂ ਨੂੰ ਆਪਣੇ ਸਾਹਾਂ ਦੇ ਅਖਰੀਲੇ ਚੱਕਰ ਤੱਕ ਯਾਦ ਰੱਖੂਗੀ ਅਤੇ ਸਾਡਾ ਜਹਾਨ ਉਜਾੜਨ ਆਲਿਆਂ ਦੇ ਘਟੀਆ ਚਿਹਰੇ ਜੱਗ ਜ਼ਾਹਰ ਕਰੂੰਗੀ, ਬੇਸ਼ੱਕ ਕੋਈ ਮੇਰਾ ਸਮਰਥਨ ਕਰੇ ਜਾਂ ਨਾ।'