ਬੈਂਗਲੁਰੂ: ਦਿੱਗਜ ਅਦਾਕਾਰ ਸ਼ਕਤੀ ਕਪੂਰ ਦੇ ਬੇਟੇ ਸਿਧਾਂਤ ਕਪੂਰ ਨੂੰ ਡਰੱਗ ਮਾਮਲੇ ਵਿੱਚ ਜ਼ਮਾਨਤ ਮਿਲ ਗਈ ਹੈ। ਸਿਧਾਂਤ ਨੂੰ ਐਤਵਾਰ ਨੂੰ ਬੈਂਗਲੁਰੂ 'ਚ ਨਸ਼ੀਲੇ ਪਦਾਰਥ ਲੈਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਨੇ ਇੱਥੇ ਇੱਕ ਹੋਟਲ ਵਿੱਚ ਛਾਪਾ ਮਾਰਿਆ ਸੀ ਜਿੱਥੇ ਪਾਰਟੀ ਵਿੱਚ ਸਿਧਾਂਤ ਕਪੂਰ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦਾ ਡਰੱਗ ਟੈਸਟ ਪਾਜ਼ੀਟਿਵ ਆਇਆ ਹੈ। ਸਿਧਾਂਤ ਦੇ ਨਾਲ ਹੀ ਚਾਰ ਲੋਕਾਂ ਨੂੰ ਜ਼ਮਾਨਤ ਮਿਲ ਗਈ ਹੈ।
ਇਸ ਮਾਮਲੇ 'ਚ ਡੀਸੀਪੀ ਈਸਟ ਬੈਂਗਲੁਰੂ ਭੀਮਾਸ਼ੰਕਰ ਗੁਲੇਦ ਨੇ ਜਾਣਕਾਰੀ ਦਿੱਤੀ ਹੈ ਕਿ ਸਿਧਾਂਤ ਕਪੂਰ ਅਤੇ ਚਾਰ ਲੋਕਾਂ ਨੂੰ ਸਟੇਸ਼ਨ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ। ਜਦੋਂ ਉਸ ਨੂੰ ਬੁਲਾਇਆ ਜਾਵੇਗਾ ਤਾਂ ਉਸ ਨੂੰ ਥਾਣੇ ਆਉਣਾ ਪਵੇਗਾ। ਇਸ ਦੇ ਨਾਲ ਹੀ ਪੁਲਿਸ ਦੇ ਡਿਪਟੀ ਕਮਿਸ਼ਨਰ ਡਾ. ਭੀਮਾਸ਼ੰਕਰ ਐਸ. ਗੁਲੇਦ ਨੇ ਕਿਹਾ, ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਬਾਲੀਵੁੱਡ ਅਦਾਕਾਰ ਸ਼ਕਤੀ ਕਪੂਰ ਦੇ ਬੇਟੇ ਸਿਧਾਂਤ ਕਪੂਰ ਨੇ ਨਸ਼ਾ ਕੀਤਾ ਸੀ। ਉਸ ਦੇ ਖੂਨ ਦੀ ਜਾਂਚ ਦੀ ਰਿਪੋਰਟ ਤੋਂ ਪਤਾ ਲੱਗਾ ਕਿ ਉਹ ਨਸ਼ੇ ਕਰ ਰਿਹਾ ਸੀ। ਉਸ ਨੂੰ ਉਲਸੂਰ ਥਾਣੇ ਲਿਆਂਦਾ ਗਿਆ ਹੈ।