ਹੈਦਰਾਬਾਦ: ਬਾਲੀਵੁੱਡ ਕਾਮੇਡੀਅਨ ਅਦਾਕਾਰ ਸ਼੍ਰੇਅਸ ਤਲਪੜੇ ਹਾਲ ਹੀ ਵਿੱਚ ਇਸ ਗੱਲ ਨੂੰ ਲੈ ਕੇ ਸੁਰਖੀਆਂ ਵਿੱਚ ਸਨ ਕਿ ਸ਼ੂਟਿੰਗ ਦੌਰਾਨ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਇਸ ਖਬਰ ਤੋਂ ਬਾਅਦ ਸ਼੍ਰੇਅਸ ਦੇ ਪ੍ਰਸ਼ੰਸਕ ਚਿੰਤਾ 'ਚ ਹਨ। ਸ਼੍ਰੇਅਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਅਤੇ ਉੱਥੋਂ ਅਦਾਕਾਰ ਦੀ ਪਤਨੀ ਦੀਪਤੀ ਤਲਪੜੇ ਨੇ ਹੈਲਥ ਅਪਡੇਟ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਰਾਹਤ ਦਿੱਤੀ ਹੈ।
ਉੱਥੇ ਹੀ ਜਦੋਂ ਸ਼੍ਰੇਅਸ ਡਿਸਚਾਰਜ ਹੋਣ ਤੋਂ ਬਾਅਦ ਘਰ ਪਹੁੰਚੇ ਤਾਂ ਅਦਾਕਾਰ ਦੀ ਪਤਨੀ ਨੇ ਅਦਾਕਾਰ ਦੇ ਪ੍ਰਸ਼ੰਸਕਾਂ ਨੂੰ ਇੱਕ ਪੋਸਟ ਰਾਹੀਂ ਖੁਸ਼ਖਬਰੀ ਦਿੱਤੀ ਕਿ ਹੁਣ ਉਹ ਬਿਲਕੁਲ ਠੀਕ ਹਨ। ਹੁਣ ਇਸ ਪੂਰੀ ਘਟਨਾ ਤੋਂ ਬਾਅਦ ਅਦਾਕਾਰ ਦੀ ਪ੍ਰਤੀਕਿਰਿਆ ਆਈ ਹੈ।
ਹਾਲ ਹੀ 'ਚ ਆਪਣੇ ਇੱਕ ਇੰਟਰਵਿਊ 'ਚ ਸ਼੍ਰੇਅਸ ਨੇ ਹਾਰਟ ਅਟੈਕ ਦੀ ਘਟਨਾ 'ਤੇ ਆਪਣੀ ਚੁੱਪੀ ਤੋੜੀ ਹੈ। ਅਦਾਕਾਰ ਨੇ ਦੱਸਿਆ, 'ਮੈਂ ਵੈਲਕਮ ਟੂ ਦਿ ਜੰਗਲ ਦੀ ਸ਼ੂਟਿੰਗ ਤੋਂ ਬਾਅਦ ਘਰ ਪਰਤ ਰਿਹਾ ਸੀ, ਜਦੋਂ ਮੈਨੂੰ ਸਾਹ ਲੈਣ ਵਿੱਚ ਦਿੱਕਤ ਹੋਈ, ਮੈਨੂੰ ਮੇਰੇ ਖੱਬੇ ਪਾਸੇ ਵਿੱਚ ਦਰਦ ਮਹਿਸੂਸ ਹੋਇਆ, ਮੈਨੂੰ ਲੱਗਿਆ ਕਿ ਮਾਸਪੇਸ਼ੀਆਂ ਵਿੱਚ ਕੁਝ ਖਿਚਾਅ ਹੈ, ਕਿਉਂਕਿ ਮੈਂ ਇੱਕ ਐਕਸ਼ਨ ਸੀਨ ਸ਼ੂਟ ਕੀਤਾ ਸੀ, ਪਰ ਕਾਰ ਵਿੱਚ ਬੈਠਦਿਆਂ ਹੀ ਮੇਰੀ ਸਿਹਤ ਵਿਗੜਨ ਲੱਗੀ।'
ਅਦਾਕਾਰ ਨੇ ਅੱਗੇ ਕਿਹਾ, 'ਜਿਵੇਂ ਹੀ ਮੈਂ ਘਰ ਪਹੁੰਚਿਆ ਤਾਂ ਮੇਰੀ ਪਤਨੀ ਮੈਨੂੰ ਤੁਰੰਤ ਹਸਪਤਾਲ ਲੈ ਗਈ ਪਰ ਜਿਵੇਂ ਹੀ ਮੈਂ ਹਸਪਤਾਲ ਦੇ ਗੇਟ 'ਤੇ ਪਹੁੰਚਿਆ ਤਾਂ ਮੈਨੂੰ ਅਹਿਸਾਸ ਹੋਇਆ ਕਿ ਮੇਰਾ ਚਿਹਰਾ ਸੁੰਨ ਹੋ ਗਿਆ ਸੀ ਅਤੇ ਮੈਂ ਮਰ ਚੁੱਕਾ ਸੀ। ਹਾਲਾਂਕਿ, ਕੁਝ ਲੋਕਾਂ ਨੇ ਸਾਡੀ ਮਦਦ ਕੀਤੀ। ਫਾਇਰਫਾਈਟਰਜ਼ ਆਏ, ਮੈਨੂੰ ਹਸਪਤਾਲ ਦੇ ਅੰਦਰ ਲੈ ਗਏ, ਤੁਰੰਤ ਮੈਨੂੰ ਸੀਪੀਆਰ ਦਿੱਤੀ ਅਤੇ ਫਿਰ ਮੈਨੂੰ ਬਿਜਲੀ ਦੇ ਝਟਕੇ ਦਿੱਤੇ ਗਏ ਅਤੇ ਮੈਂ ਦੁਬਾਰਾ ਜ਼ਿੰਦਾ ਹੋ ਗਿਆ।'
ਅਦਾਕਾਰ ਸ਼੍ਰੇਅਸ ਨੇ ਅੱਗੇ ਕਿਹਾ, ''ਕਲੀਨੀਕਲ ਤੌਰ 'ਤੇ ਮੈਂ ਮਰ ਗਿਆ ਸੀ, ਇਹ ਮੇਰੇ ਨਾਲ ਬਹੁਤ ਵੱਡਾ ਹਾਦਸਾ ਸੀ, ਜੇਕਰ ਮੈਨੂੰ ਸਮੇਂ ਸਿਰ ਇਲਾਜ ਨਾ ਮਿਲਿਆ ਹੁੰਦਾ ਤਾਂ ਸ਼ਾਇਦ ਮੈਂ ਅੱਜ ਤੁਹਾਡੇ ਵਿਚਕਾਰ ਜ਼ਿੰਦਾ ਨਾ ਹੁੰਦਾ, ਮੇਰੀ ਦੂਜੀ ਜ਼ਿੰਦਗੀ। ਇਸ ਦਾ ਸਿਹਰਾ ਮੇਰੀ ਪਤਨੀ ਅਤੇ ਉਨ੍ਹਾਂ ਲੋਕਾਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਇਸ ਦੌਰਾਨ ਮੇਰੀ ਮਦਦ ਕੀਤੀ।'