ਚੰਡੀਗੜ੍ਹ: ਸਮਾਜ ਵਿਚ ਵੱਧ ਰਹੇ ਨਸ਼ਿਆਂ ਦੇ ਪ੍ਰਭਾਵ ਅਤੇ ਇਸ ਨਾਲ ਅਪਰਾਧਾਂ ਦੇ ਪ੍ਰਫੁੱਲਿਤ ਹੋ ਰਹੇ ਪੱਖਾਂ ਦੇ ਸਮਾਜਿਕ ਵਰਤਾਰੇ ਨੂੰ ਬਿਆਨ ਕਰਦੀ ਪੰਜਾਬੀ ਲਘੂ ਫਿਲਮ ‘ਰੰਜਿਸ਼’ ਦੀ ਸ਼ੂਟਿੰਗ ਮੁਕੰਮਲ ਕਰ ਲਈ ਗਈ ਹੈ, ਜਿਸ ਨੂੰ ਇਸੇ ਜੁਲਾਈ ਮਹੀਨੇ ਰਿਲੀਜ਼ ਕੀਤਾ ਜਾ ਰਿਹਾ ਹੈ। ਲਘੂ ਫਿਲਮਾਂ ਦੇ ਖੇਤਰ ਵਿਚ ਅਰਥਭਰਪੂਰ ਫਿਲਮਕਾਰ ਵਜੋਂ ਪਹਿਚਾਣ ਸਥਾਪਿਤ ਕਰਦੇ ਜਾ ਰਹੇ ਦਿਲਪ੍ਰੀਤ ਸਿੰਘ ਵੱਲੋਂ ਇਸ ਸੰਦੇਸ਼ਮਕ ਫਿਲਮ ਦਾ ਨਿਰਦੇਸ਼ਨ ਕੀਤਾ ਗਿਆ ਹੈ, ਜਦਕਿ ਪਟਕਥਾ ਅਤੇ ਸੰਵਾਦ ਪ੍ਰਧਾਨ ਜਠਲਾਨਾ ਦੇ ਹਨ।
ਫਿਲਮ ਦੀ ਸਟਾਰਕਾਸਟ ਵਿਚ ਅੰਮ੍ਰਿਤਪਾਲ ਸਿੰਘ ਬਿੱਲਾ, ਜੈਨੀਸ, ਰਾਹੁਲ, ਸੁਨੀਤਾ, ਕਲਪਨਾ, ਤ੍ਰਿਸ਼ਨਾ ਮੰਡਲ, ਬੋਬੀ ਰੰਧਾਵਾ, ਜੱਗੀ, ਜੋਗਿੰਦਰ ਲਹਿਰੀ ਆਦਿ ਜਿਹੇ ਮੰਝੇ ਹੋਏ ਕਲਾਕਾਰਾਂ ਤੋਂ ਇਲਾਵਾ ਉਭਰਦੀ ਅਦਾਕਾਰਾ ਪੂਜਾ ਸ਼ਰਮਾ ਸ਼ਾਮਿਲ ਹੈ, ਜੋ ਇਸ ਫਿਲਮ ਵਿਚ ਲੀਡਿੰਗ ਕਿਰਦਾਰ ਅਦਾ ਕਰਦੀ ਨਜ਼ਰੀ ਪਵੇਗੀ। 'ਡੀ.ਪੀ ਐੱਸ ਪ੍ਰੋਡੋਕਸ਼ਨ' ਤੇ ਪੂਜਾ ਸ਼ਰਮਾ ਦੇ ਬੈਨਰ ਹੇਠ ਬਣੀ ਇਸ ਫਿਲਮ ਦੇ ਨਿਰਮਾਤਾ ਲਾਲ ਬਹਾਤੁਰ ਭਾਟੀਆ ਅਤੇ ਕੈਮਰਾਮੈਨ ਅਜੇ ਰੌਨੀ ਹਨ।
ਪੰਜਾਬ ਦੇ ਰਜਵਾੜ੍ਹਾਸ਼ਾਹੀ ਜ਼ਿਲ੍ਹੇ ਪਟਿਆਲਾ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿਚ ਫਿਲਮਾਈ ਗਈ ਇਸ ਫਿਲਮ ਦਾ ਗੀਤ, ਸੰਗੀਤ ਅਤੇ ਬੈਕਗਰਾਊਂਡ ਪੱਖ ਵੀ ਉਮਦਾ ਬਣਾਉਣ ਲਈ ਨਿਰਮਾਣ ਟੀਮ ਵੱਲੋਂ ਪੂਰੀ ਮਿਹਨਤ ਨਾਲ ਕੀਤੀ ਜਾ ਰਹੀ ਹੈ। ਫਿਲਮ ਵਿਚ ਲੀਡ ਭੂਮਿਕਾ ਅਦਾ ਕਰ ਰਹੀ ਅਦਾਕਾਰਾ ਪੂਜਾ ਸ਼ਰਮਾ ਵੀ ਆਪਣੇ ਇਸ ਅਹਿਮ ਪ੍ਰੋਜੈਕਟ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀ ਹੈ, ਜਿੰਨ੍ਹਾਂ ਦੱਸਿਆ ਕਿ ਅੱਜਕੱਲ ਆਏ ਦਿਨ ਅਪਰਾਧਾਂ ਦਾ ਰੁਝਾਨ ਵੱਧ ਰਿਹਾ ਹੈ, ਜਿਸ ਪਿੱਛੇ ਕਈ ਤਰ੍ਹਾਂ ਦੀਆਂ ਪਰ-ਸਥਿਤੀਆਂ ਇੰਨ੍ਹਾਂ ਨੂੰ ਉਭਾਰਨ ਦਾ ਕਾਰਨ ਬਣ ਰਹੀਆਂ ਹਨ ਅਤੇ ਅਜਿਹੇ ਹੀ ਵਰਤਾਰਿਆਂ ਅਤੇ ਕਰੰਟ ਮੁੱਦਿਆਂ ਨੂੰ ਮੁੱਖ ਰੱਖ ਕੇ ਬਣਾਈ ਜਾ ਰਹੀ ਇਹ ਲਘੂ ਫਿਲਮ, ਜਿਸ ਦੁਆਰਾ ਨੌਜਵਾਨ ਵਰਗ ਨੂੰ ਉਸਾਰੂ ਸੇਧ ਦੇਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਫਿਲਮਾਂ ਇਕ ਅਜਿਹਾ ਮਾਧਿਅਮ ਹਨ, ਜੋ ਸਮਾਜਿਕ ਜਾਗਰੂਕਤਾ ਫੈਲਾਉਣ ਵਿਚ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ ਅਤੇ ਇਸ ਲਈ ਹਰ ਅਦਾਕਾਰ ਨੂੰ ਜਿੱਥੇ ਅਜਿਹੇ ਸੰਦੇਸ਼ਮਕ ਪ੍ਰੋਜੈਕਟ ਵੱਧ ਚੜ੍ਹ ਕੇ ਕਰਨੇ ਚਾਹੀਦੇ ਹਨ, ਉਥੇ ਨਿਰਮਾਤਾ, ਨਿਰਦੇਸ਼ਕਾਂ ਨੂੰ ਇਸ ਸੰਬੰਧੀ ਵਿਸ਼ੇਸ਼ ਪਹਿਲਕਦਮੀ ਕਰਨੀ ਚਾਹੀਦੀ ਹੈ, ਜਿਸ ਨਾਲ ਅਸਲੀ ਆਪਣੇ ਬਣਦੇ ਸਮਾਜਿਕ ਫਰਜ਼ ਵੀ ਨਿਭਾ ਸਕਦੇ ਹਨ, ਜਿਸ ਨਾਲ ਹੋਰਨਾਂ ਨੂੰ ਇਸ ਦਿਸ਼ਾ ਵਿਚ ਅੱਗੇ ਲਿਆਉਣ ਵਿਚ ਮਦਦ ਮਿਲੇਗੀ।
ਉਨ੍ਹਾਂ ਕਿਹਾ ਕਿ ਜਿੱਥੇ ਤੱਕ ਉਨਾਂ ਦੇ ਕਿਰਦਾਰ ਦੀ ਗੱਲ ਹੈ ਤਾਂ ਇਸ ਵਿਚ ਅਦਾਕਾਰੀ ਦੇ ਵੱਖੋ-ਵੱਖਰੇ ਰੰਗ ਦਰਸ਼ਕਾਂ ਨੂੰ ਵੇਖਣ ਨੂੰ ਮਿਲਣਗੇ। ਉਨਾਂ ਦੱਸਿਆ ਕਿ ਬਤੌਰ ਅਦਾਕਾਰਾ ਹਰ ਪ੍ਰੋਜੈਕਟ ਵਿਚ ਕੁਝ ਨਾ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਤਾਂ ਕਿ ਦਰਸ਼ਕਾਂ ਨੂੰ ਉਨਾਂ ਦੀ ਹਰ ਅਦਾਕਾਰੀ ਰੰਗ ਦਾ ਆਨੰਦ ਮਾਣ ਸਕਣ। ਫਿਲਮ ਨਿਰਮਾਣ ਟੀਮ ਅਨੁਸਾਰ ਫਿਲਮ ਦੀ ਸ਼ੂਟਿੰਗ ਲਗਭਗ ਸੰਪੂਰਨ ਕਰ ਲਈ ਗਈ ਹੈ ਅਤੇ ਇਸ ਦੇ ਪੋਸਟ ਪ੍ਰੋਡੋਕਸ਼ਨ ਕਾਰਜ ਤੇਜ਼ੀ ਨਾਲ ਸੰਪੂਰਨ ਕੀਤੇ ਜਾ ਰਹੇ ਹਨ।