ਚੰਡੀਗੜ੍ਹ: ਪੰਜਾਬੀ ਫਿਲਮਾਂ ਵਿਚ ਯੂ.ਕੇ. ਦੇ ਦਿਲਕਸ਼ ਦ੍ਰਿਸ਼ਾਂ ਦਾ ਦੀਦਾਰ ਕਰਵਾਉਣ ਦਾ ਸਿਲਸਿਲਾ ਤੇਜ਼ੀ ਨਾਲ ਜਾਰੀ ਹੈ, ਜਿਸ ਦੇ ਮੱਦੇਨਜ਼ਰ ਹੀ ਇਕ ਹੋਰ ਫਿਲਮ ‘ਰਿਸ਼ਤੇ ਨਾਤੇ’ ਦੀ ਟੀਮ ਲੰਦਨ ਵਿਖੇ ਪਹੁੰਚ ਗਈ ਹੈ, ਜੋ ਅਗਲੇ ਕੁਝ ਦਿਨ੍ਹਾਂ ਤੱਕ ਆਪਣੀ ਇਸ ਫਿਲਮ ਦਾ ਉਥੋਂ ਦੇ ਵੱਖ ਵੱਖ ਹਿੱਸਿਆਂ ਵਿਚ ਫ਼ਿਲਮਾਂਕਣ ਪੂਰਾ ਕਰੇਗੀ।
ਨੌਜਵਾਨ ਨਿਰਦੇਸ਼ਕ ਨਸੀਬ ਸਿੰਘ ਦੁਆਰਾ ਨਿਰਦੇਸ਼ਿਤ ਕੀਤੀ ਜਾ ਰਹੀ ਇਸ ਫ਼ਿਲਮ ਵਿਚ ਰਘੂਬੀਰ ਸੋਹਲ, ਲਵ ਗਿੱਲ ਲੀਡ ਭੂਮਿਕਾ ਵਿਚ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਗੁਰਪ੍ਰੀਤ ਮੰਡ ਅਤੇ ਹੋਰ ਕਈ ਕਲਾਕਾਰ ਵੀ ਮਹੱਤਵਪੂਰਨ ਕਿਰਦਾਰ ਵਿਚ ਹਨ। ਨਿਰਮਾਤਾ ਕਸ਼ਮੀਰ ਸਿੰਘ ਸੋਹਲ ਅਤੇ ਕੁਲਜੀਤ ਸਿੰਘ ਖਾਲਸਾ ਵੱਲੋਂ ਆਪਣੇ ਘਰੇਲੂ ਬੈਨਰ ਹੇਠ ਨਿਰਮਿਤ ਕੀਤੀ ਜਾ ਰਹੀ ਇਸ ਫ਼ਿਲਮ ਦੇ ਕੈਮਰਾਮੈਨ ਕਮਲ ਹੰਸ ਹਨ, ਜਿੰਨ੍ਹਾਂ ਦੀ ਇਸ ਫ਼ਿਲਮ ਨੂੰ ਸੰਪੂਰਨ ਕਰਵਾਉਣ ਵਿਚ ਬੇਅੰਤ ਸਿੱਧੂ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ।
ਉਕਤ ਫਿਲਮ ਦੇ ਨਿਰਦੇਸ਼ਕ ਨਸੀਬ ਸਿੰਘ ਦੇ ਜੇਕਰ ਬਤੌਰ ਨਿਰਦੇਸ਼ਕ ਹਾਲੀਆ ਸਿਨੇਮਾ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਵੱਲੋਂ ‘ਜੱਟ ਇੰਗਲੈਂਡ ਪਹੁੰਚ ਗਿਆ’, ‘ਬਿੱਲੂ ਵੀ.ਸੀ.ਆਰ’, ਪਲੇ ਹਾਊਸ ਪ੍ਰੋਡੋਕਸ਼ਨ ਦੀ ਟੈਂਟ, ਸ਼ਾਲੀਮਾਰ ਪ੍ਰੋਡੋਕੋਸ਼ਨ ਦੀ ‘ਗੰਢ ਵਾਲੀ ਨਾਰ’, 'ਬਾਣੀ' ਆਦਿ ਫ਼ਿਲਮ ਦੇ ਨਾਲ ਨਾਲ ਪੰਜਾਬੀ ਮਿਊਜ਼ਿਕ ਵੀਡੀਓਜ਼ ‘ਸਕੂਨ ਏ ਦਿਲ’, ਫ਼ਿਰੋਜ਼ ਖ਼ਾਨ ਅਤੇ ਮਿਸ ਪੂਜਾ ਦੇ ‘ਸਾਲੀਆਂ ਦਾ ਨਾਕਾ’, ‘ਅੱਖ ਦਾ ਵਾਰ’ , ‘ਟਾਊਟ’ ਦਾ ਵੀ ਨਿਰਦੇਸ਼ਨ ਕੀਤਾ ਜਾ ਚੁੱਕਾ ਹੈ।
ਮੂਲ ਰੂਪ ਵਿਚ ਸ੍ਰੀ ਤਰਨਤਾਰਨ ਨਾਲ ਤਾਲੁਕ ਰੱਖਦੇ ਇਹ ਹੋਣਹਾਰ ਨਿਰਦੇਸ਼ਕ ਦੱਸਦੇ ਹਨ ਕਿ ਉਨ੍ਹਾਂ ਦੀ ਨਵੀਂ ਫ਼ਿਲਮ ‘ਰਿਸ਼ਤੇ ਨਾਤੇ’ ਇਕ ਅਜਿਹੀ ਪਰਿਵਾਰਿਕ ਕਹਾਣੀ ਦੇ ਦੁਆਲੇ ਬੁਣੀ ਗਈ ਹੈ, ਜਿਸ ਵਿਚ ਆਪਸੀ ਦੂਰੀਆਂ, ਭਾਵਨਾਤਮਕ ਸਾਂਝ, ਨਫ਼ਰਤ ਆਦਿ ਹਰ ਰੰਗ ਵਿਖਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਸਮਾਜ ਅਤੇ ਪਰਿਵਾਰਾਂ ਵਿਚ ਵੱਧ ਰਹੀਆਂ ਦੂਰੀਆਂ ਨੂੰ ਵੀ ਖ਼ਤਮ ਕਰਨ ਵਿਚ ਇਹ ਫ਼ਿਲਮ ਅਹਿਮ ਭੂਮਿਕਾ ਨਿਭਾਵੇਗੀ ਅਤੇ ਇਸ ਨਾਲ ਆਪਣੀਆਂ ਅਸਲ ਜੜ੍ਹਾਂ ਅਤੇ ਮੋਹ ਭਰੀਆਂ ਸਾਝਾਂ ਤੋਂ ਦੂਰ ਹੁੰਦੀ ਜਾ ਰਹੀ ਨੌਜਵਾਨ ਪੀੜ੍ਹੀ ਨੂੰ ਵੀ ਆਪਣੇ ਪੁਰਾਤਨ ਵਿਰਸੇ ਨਾਲ ਜੋੜੇਗੀ। ਉਨ੍ਹਾਂ ਦੱਸਿਆ ਕਿ ਉਕਤ ਫ਼ਿਲਮ ਦੀ ਜਿਆਦਾਤਰ ਸ਼ੂਟਿੰਗ ਇੰਗਲੈਂਡ ਦੀਆਂ ਹੀ ਮਨਮੋਹਕ ਲੋਕੇਸਨਜ਼ 'ਤੇ ਪੂਰੀ ਕੀਤੀ ਜਾਵੇਗੀ, ਜਿਸ ਉਪਰੰਤ ਕੁਝ ਹਿੱਸਾ ਪੰਜਾਬ ਵਿਚ ਵੀ ਸ਼ੂਟ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਫ਼ਿਲਮ ਦੀ ਕਹਾਣੀ ਦੇ ਨਾਲ ਨਾਲ ਇਸ ਦੇ ਗੀਤ ਸੰਗੀਤ ਪੱਖ ਵੱਲ ਵੀ ਪੂਰਾ ਧਿਆਨ ਕੀਤਾ ਜਾ ਰਿਹਾ ਹੈ ਤਾਂ ਕਿ ਉਸ ਵਿਚੋਂ ਵੀ ਪੁਰਾਤਨ ਸੰਗੀਤਕ ਰੰਗਾਂ ਦਾ ਅਸਰ ਸੁਣਨ, ਵੇਖਣ ਵਾਲਿਆਂ ਨੂੰ ਇਕ ਅਨੂਠੇ ਸਕੂਨ ਦਾ ਅਹਿਸਾਸ ਕਰਵਾਏ। ਉਨ੍ਹਾਂ ਦੱਸਿਆ ਕਿ ਫ਼ਿਲਮ ਨੂੰ ਸ਼ਾਨਦਾਰ ਬਣਾਉਣ ਲਈ ਪੂਰੀ ਟੀਮ ਤਨਦੇਹੀ ਨਾਲ ਆਪਣੀਆਂ ਜਿੰਮੇਵਾਰੀਆਂ ਨਿਭਾ ਰਹੀ ਹੈ ਅਤੇ ਉਮੀਦ ਕੀਤੀ ਜਾ ਸਕਦੀ ਹੈ ਕਿ ਇਹ ਫ਼ਿਲਮ ਹਰ ਵਰਗ ਦਰਸ਼ਕਾਂ ਨੂੰ ਪਸੰਦ ਆਵੇਗੀ।
ਇਹ ਵੀ ਪੜ੍ਹੋ:Tere Pichhe Crazy: ਗਾਇਕ ਪਰਮ ਦਾ ਨਵਾਂ ਗੀਤ ‘ਤੇਰੇ ਪਿੱਛੇ ਕਰੇਜੀ’ ਹੋਇਆ ਰਿਲੀਜ਼, ਦੇਖੋ