ਚੰਡੀਗੜ੍ਹ:‘ਗਿੱਲ ਮੋਸ਼ਨ ਪਿਕਚਰਜ਼’ ਦੇ ਬੈਨਰ ਹੇਠ ਬਣਾਈ ਜਾ ਰਹੀ ਆਉਣ ਵਾਲੀ ਪੰਜਾਬੀ ਫ਼ਿਲਮ ‘ਡਰਾਮੇ ਵਾਲੇ’ ਦੀ ਸ਼ੂਟਿੰਗ ਲੰਦਨ ਦੀਆਂ ਵੱਖ ਵੱਖ ਲੋਕੇਸ਼ਨਾਂ 'ਤੇ ਪੂਰੀ ਕਰ ਲਈ ਗਈ ਹੈ, ਜਿਸ ਵਿਚ ਅਦਾਕਾਰ ਹਰੀਸ਼ ਵਰਮਾ ਲੀਡ ਭੂਮਿਕਾ ਵਿਚ ਨਜ਼ਰ ਆਉਣਗੇ।
ਯੂਕੇ ਦੇ ਇੰਟਰਟੇਨਮੈਂਟ ਖਿੱਤੇ ’ਚ ਪਿਛਲੇ ਲੰਮੇਂ ਸਮੇਂ ਤੋਂ ਸਰਗਰਮ ਅਤੇ ਬਤੌਰ ਟੀ.ਵੀ ਹੌਸਟ ਕਈ ਲੋਕਪ੍ਰਿਯ ਪੰਜਾਬੀ ਟੀ.ਵੀ ਸੋਅਜ਼ ਕਰ ਚੁੱਕੇ ਉਪਿੰਦਰ ਰੰਧਾਵਾ ਵੱਲੋਂ ਇਸ ਫ਼ਿਲਮ ਦਾ ਨਿਰਦੇਸ਼ਨ ਕੀਤਾ ਜਾ ਰਿਹਾ ਹੈ, ਜਦਕਿ ਲੇਖਨ ਚੰਦਰ ਕੰਬੋਜ਼ ਦੁਆਰਾ ਕੀਤਾ ਗਿਆ ਹੈ। ਫ਼ਿਲਮ ਦੇ ਸਿਨੇਮਾਟੋਗ੍ਰਾਫ਼ਰ ਅਜੀਜ਼ ਸਿੱਦਿਕੀ ਹਨ, ਜਦਕਿ ਐਸੋਸੀਏਟ ਨਿਰਦੇਸ਼ਕ ਦੀ ਜਿੰਮੇਵਾਰੀ ਜਿੰਮੀ ਗਿੱਦੜ੍ਹਬਾਹਾ ਸੰਭਾਲ ਰਹੇ ਹਨ।
ਉਕਤ ਫ਼ਿਲਮ ਸੰਬੰਧੀ ਮਿਲੀ ਹੋਰ ਜਾਣਕਾਰੀ ਅਨੁਸਾਰ ਬਰਮਿੰਘਮ ਅਤੇ ਯੂ.ਕੇ ਹੋਰ ਮਨਮੋਹਕ ਲੋਕੇਸ਼ਨਾਂ 'ਤੇ ਫ਼ਿਲਮਾਈ ਗਈ ਇਹ ਫ਼ਿਲਮ ਇਕ ਬਹੁਤ ਹੀ ਭਾਵਨਾਤਮਕ ਅਤੇ ਮਨ ਨੂੰ ਛੂਹ ਲੈਣ ਵਾਲੀ ਕਹਾਣੀ ਉਤੇ ਅਧਾਰਿਤ ਹੈ, ਜਿਸ ਦਾ ਗੀਤ ਸੰਗੀਤ ਵੀ ਕਾਫ਼ੀ ਮਨਮੋਹਕ ਹੋਵੇਗਾ। ਇੰਨ੍ਹਾਂ ਪੱਖਾਂ ਤੋਂ ਇਲਾਵਾ ਫ਼ਿਲਮ ਨੂੰ ਚਾਰ ਚੰਨ ਲਾਉਣ ਵਿਚ ਲਹਿੰਦੇ ਪੰਜਾਬ ਤੋਂ ਆਸਿਫ਼ ਇਕਬਾਲ, ਸਰਦਾਰ ਕਮਲ, ਰੂਬੀ ਅਨਮ, ਹਨੀ ਅਲਬੇਲਾ, ਕੇਸ਼ਰ ਪਿਯਾ ਆਦਿ ਵੀ ਅਹਿਮ ਭੂਮਿਕਾ ਨਿਭਾਉਣਗੇ।
ਲੰਦਨ ਵਿਖੇ ਇਕ ਲੰਬੇ ਸ਼ੂਟਿੰਗ ਸ਼ਡਿਊਲ ਤੋਂ ਬਾਅਦ ਫ਼ਿਲਮ ਦਾ ਅਗਲਾ ਕੁਝ ਰੋਜ਼ਾ ਹਿੱਸਾ ਪੰਜਾਬ ਵਿਚ ਵੀ ਅਗਲੇ ਦਿਨੀਂ ਸ਼ੂਟ ਕੀਤਾ ਜਾ ਰਿਹਾ ਹੈ, ਜਿਸ ਦੌਰਾਨ ਕੁਝ ਅਹਿਮ ਦ੍ਰਿਸ਼ਾਂ ਦੇ ਫ਼ਿਲਮਾਂਕਣ ਤੋਂ ਬਾਅਦ ਫ਼ਿਲਮ ਦੇ ਪੋਸਟ ਪ੍ਰੋਡੋਕਸ਼ਨ ਕਾਰਜ ਆਦਿ ਆਰੰਭ ਦਿੱਤੇ ਜਾਣਗੇ।
ਫਿਲਮ ਦੀ ਸ਼ੂਟਿੰਗ ਬਾਰੇ ਨਿਰਦੇਸ਼ਕ ਉਪਿੰਦਰ ਰੰਧਾਵਾ ਨੇ ਖੁਦ ਆਪਣੇ ਇੰਸਟਾਗ੍ਰਾਮ ਉਤੇ ਜਾਣਕਾਰੀ ਸਾਂਝੀ ਕੀਤੀ। ਉਸ ਨੇ ਲਿਖਿਆ 'ਅਰਦਾਸ, ਉਡੀਕ, ਭਰੋਸਾ...ਜਿੱਤ ਨਾਲੋਂ ਕੋਸ਼ਿਸ਼ਾਂ ਜ਼ਿਆਦਾ ਮਾਇਨੇ ਰੱਖਦੀਆਂ ਹਨ ਪਰ ਜਿੱਤ ਦਾ ਸੁਆਦ ਮਿੱਠਾ ਹੁੰਦਾ ਹੈ। ਸੁਪਨੇ ਸਾਕਾਰ ਹੁੰਦੇ ਹਨ। ਧੰਨਵਾਦ ਬਾਬਾ ਜੀ...ਮੇਰੇ ਲਈ, ਫਿਲਮ ਨਿਰਮਾਣ ਸਭ ਕੁਝ ਜੋੜਦਾ ਹੈ। ਇਹੀ ਕਾਰਨ ਹੈ ਕਿ ਮੈਂ ਫਿਲਮਾਂ ਬਣਾਉਣਾ ਚਾਹੁੰਦਾ ਸੀ। ਫਿਲਮਾਂ ਵਿੱਚ ਚਿੱਤਰਕਾਰੀ ਅਤੇ ਸਾਹਿਤ, ਰੰਗਮੰਚ ਅਤੇ ਸੰਗੀਤ, ਦੁਖਾਂਤ ਅਤੇ ਨਾਟਕ ਇਕੱਠੇ ਆਉਂਦੇ ਹਨ। ਜਦੋਂ ਮੌਕਾ ਮਿਲਦਾ ਹੈ, ਉੱਤਮਤਾ ਪ੍ਰਦਾਨ ਕਰੋ ਅਤੇ ਕਦੇ ਵੀ ਨਾ ਛੱਡੋ ਜਾਂ ਮੌਕੇ ਪੈਦਾ ਕਰੋ ਪਰ ਕਦੇ ਨਾ ਛੱਡੋ।' ਇਸ ਦੇ ਨਾਲ ਹੀ ਉਸ ਨੇ ਕਈ ਤਸਵੀਰਾਂ ਦੀ ਲੜੀ ਵੀ ਸਾਂਝੀ ਕੀਤੀ।
ਇਸ ਤੋਂ ਇਲਾਵਾ ਨਿਰਦੇਸ਼ਕ ਨੇ ਇੱਕ ਹੋਰ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਸਾਰੇ ਪਾਕਿਸਤਾਨੀ ਅਦਾਕਾਰ ਹਨ, ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਸ ਨੇ ਲਿਖਿਆ “ਇਕੱਠੇ ਆਉਣਾ ਇੱਕ ਸ਼ੁਰੂਆਤ ਹੈ। ਇਕੱਠੇ ਰਹਿਣਾ ਹੀ ਤਰੱਕੀ ਹੈ। ਇਕੱਠੇ ਕੰਮ ਕਰਨਾ ਸਫਲਤਾ ਹੈ।'' ਜੋ ਕਿ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।
ਇਹ ਵੀ ਪੜ੍ਹੋ:Kimi Verma: ਦਹਾਕੇ ਬਾਅਦ ਪੰਜਾਬੀ ਸਿਨੇਮਾ ਦਾ ਹਿੱਸਾ ਬਣੇਗੀ ਕਿੰਮੀ ਵਰਮਾ, ‘ਲਹਿੰਬਰਗਿੰਨੀ’ ਨਾਲ ਕਰੇਗੀ ਸ਼ੁਰੂਆਤ