ਚੰਡੀਗੜ੍ਹ:ਪੰਜਾਬੀ ਸਿਨੇਮਾ ਖੇਤਰ ਵਿਚ ਬਹੁਤ ਥੋੜੇ ਜਿਹੇ ਸਮੇਂ ਦੌਰਾਨ ਹੀ ਅਲੱਗ ਪਹਿਚਾਣ ਸਥਾਪਿਤ ਕਰਨ ਵਿਚ ਸਫ਼ਲ ਰਹੇ ਨੌਜਵਾਨ ਨਿਰਦੇਸ਼ਨ ਸ਼ਿਵਤਾਰ ਸ਼ਿਵ, ਜਿੰਨ੍ਹਾਂ ਦੇ ਨਿਰਦੇਸ਼ਕ ਹੇਠ ਬਣੀ ਨਵੀਂ ਫ਼ਿਲਮ ‘ਪਰਿੰਦਾ’ ਦੀ ਸ਼ੂਟਿੰਗ ਸੰਪੂਰਨ ਕਰ ਲਈ ਗਈ ਹੈ, ਜਿਸ ਨੂੰ ਜਲਦ ਹੀ ਦੇਸ਼, ਵਿਦੇਸ਼ ਦੇ ਦਰਸ਼ਕਾਂ ਸਾਹਮਣੇ ਲਿਆਂਦਾ ਜਾਵੇਗਾ।
‘ਬ੍ਰਾਈਟ ਸਨੋਅ ਪ੍ਰੋਡੋਕਸ਼ਨ ਹਾਊਸ’ ਦੇ ਬੈਨਰ ਹੇਠ ਬਣੀ ਇਸ ਲਘੂ ਫ਼ਿਲਮ ਵਿਚ ਅਦਾਕਾਰ ਮੁਕੇਸ਼ ਚੰਦੇਲਿਆਂ ਲੀਡ ਭੂਮਿਕਾ ਵਿਚ ਨਜ਼ਰ ਆਉਣਗੇ, ਜਿੰਨ੍ਹਾਂ ਨਾਲ ਜਾਨਵੀ ਬਾਂਸਲ, ਗੁਰੂ ਮਾਨ, ਪ੍ਰੀਤੀ, ਕੰਵਲਜੀਤ ਕੌਰ ਆਦਿ ਕਲਾਕਾਰ ਵੀ ਮਹੱਤਵਪੂਰਨ ਭੂਮਿਕਾਵਾਂ ਵਿਚ ਨਜ਼ਰ ਆਉਣਗੇ।
ਉਕਤ ਫ਼ਿਲਮ ਦਾ ਥੀਮ ਇਕ ਪਰਿਵਾਰ ਅਤੇ ਇੰਨ੍ਹਾਂ ਦੁਆਲੇ ਵਾਪਰਦੀਆਂ ਦਿਲਚਸਪ ਅਤੇ ਡਰਾਮਾ ਭਰਪੂਰ ਪ੍ਰਸਥਿਤੀਆਂ ਦੁਆਲੇ ਕੇਂਦਰਿਤ ਕੀਤਾ ਗਿਆ ਹੈ, ਜਿਸ ਨੂੰ ਹੋਰ ਪ੍ਰਭਾਵੀ ਮੁਹਾਂਦਰਾ ਦੇਣ ਵਿਚ ਇਸ ਵਿਚਲੇ ਕਲਾਕਾਰ ਅਤੇ ਹੋਰ ਪੱਖ ਚਾਹੇ ਉਹ ਸਿਨੇਮਾਟੋਗ੍ਰਾਫ਼ਰੀ ਹੋਵੇ ਜਾਂ ਗੀਤ, ਸੰਗੀਤ ਅਹਿਮ ਯੋਗਦਾਨ ਪਾਵੇਗਾ।
ਪੰਜਾਬ ਦੇ ਲੁਧਿਆਣਾ ਅਤੇ ਹੋਰਨਾਂ ਹਿੱਸਿਆਂ ਵਿਚ ਫ਼ਿਲਮਾਈ ਗਈ ਇਸ ਫ਼ਿਲਮ ਨੂੰ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ ਵਿਚ ਵੀ ਭੇਜੇ ਜਾਣ ਨੂੰ ਫ਼ਿਲਮ ਨਿਰਮਾਣ ਟੀਮ ਵੱਲੋਂ ਖਾਸ ਪ੍ਰਮੁੱਖ਼ਤਾ ਦਿੱਤੀ ਜਾ ਰਹੀ ਹੈ ਤਾਂ ਕਿ ਅਲੱਗ ਬਣਾਈ ਗਈ ਇਸ ਫ਼ਿਲਮ ਨੂੰ ਅਲੱਗ ਅਲੱਗ ਦਰਸ਼ਕਾਂ ਅਤੇ ਸਿਨੇਮਾ ਸਖ਼ਸ਼ੀਅਤਾਂ ਸਨਮੁੱਖ ਹੋਣ ਦਾ ਮੌਕਾ ਮਿਲ ਸਕੇ।
ਉਕਤ ਨਿਰਮਾਣ ਹਾਊਸ ਅਨੁਸਾਰ ਉਨ੍ਹਾਂ ਵੱਲੋਂ ਲੀਕ ਤੋਂ ਹੱਟ ਕੇ ਫ਼ਿਲਮਾਂ ਦੀ ਸਿਰਜਣਾਂ ਕਰਨ ਦੀ ਸੋਚ ਲੈ ਕੇ ਇਸ ਖਿੱਤੇ ਵਿਚ ਕਦਮ ਧਰਾਈ ਕੀਤੀ ਗਈ ਹੈ ਅਤੇ ਇਸੇ ਮੱਦੇਨਜ਼ਰ ਲੋਕ ਜਾਗਰੂਕਤਾ ਪੈਂਦਾ ਕਰਦੀਆਂ, ਨੌਜਵਾਨ ਵਰਗ ਨੂੰ ਉਸਾਰੂ ਸੇਧ ਦਿੰਦਿਆਂ ਅਤੇ ਪੰਜਾਬ ਅਤੇ ਪੰਜਾਬੀਅਤ ਦੀ ਤਰਜਮਾਨੀ ਕਰਦੀਆਂ ਫ਼ਿਲਮਾਂ ਚਾਹੇ ਉਹ ਲਘੂ ਹੋਣ ਜਾਂ ਫ਼ਿਰ ਫੀਚਰ ਬਣਾਉਣ ਨੂੰ ਤਵੱਜੋਂ ਦਿੱਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਜੇਕਰ ਇਸ ਫ਼ਿਲਮ ਦੇ ਪਲੱਸ ਪੁਆਇੰਟ ਦੀ ਗੱਲ ਕੀਤੀ ਜਾਵੇ ਤਾਂ ਇਸ ਲਘੂ ਫ਼ਿਲਮ ਦਾ ਸਭ ਤੋਂ ਮਜ਼ਬੂਤ ਪੱਖ ਇਸ ਦੀ ਕਹਾਣੀ-ਸਕਰੀਨਪਲੇ ਹੈ , ਜਿਸ ਮੱਦੇਨਜਰ ਸਾਹਮਣੇ ਆਉਣ ਵਾਲਾ ਇਕ ਇਕ ਦ੍ਰਿਸ਼ ਦਰਸ਼ਕਾਂ ਨੂੰ ਅੱਗੇ ਅੱਗੇ ਆਉਣ ਵਾਲੀਆਂ ਘਟਨਾਵਾਂ ਪ੍ਰਤੀ ਜਗਿਆਸੂ ਹੋਣ ਲਈ ਮਜ਼ਬੂਰ ਕਰੇਗਾ। ਉਨ੍ਹਾਂ ਕਿਹਾ ਕਿ ਫ਼ਿਲਮ ਵਿਚ ਮੰਨੇ ਪ੍ਰਮੰਨੇ ਥੀਏਟਰ ਅਤੇ ਸਿਨੇਮਾਂ ਕਲਾਕਾਰਾਂ ਤੋਂ ਇਲਾਵਾ ਉਭਰ ਰਹੇ ਕਲਾਕਾਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਤਾਂ ਕਿ ਇਸ ਫ਼ਿਲਮ ਨੂੰ ਇਕ ਤਰੋਤਾਜ਼ਗੀ ਭਰੇ ਸਾਂਚੇ ਵਿਚ ਢਾਲਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਫ਼ਿਲਮ ਦੀ ਸ਼ੂਟਿੰਗ ਤਕਰੀਬਨ ਸਮਾਪਤ ਹੋ ਗਈ ਹੈ, ਜਿਸ ਤੋਂ ਬਾਅਦ ਡਬਿੰਗ ਅਤੇ ਹੋਰ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ:Kali Jotta Collection: ਪੰਜਾਬੀ ਦੀਆਂ ਪਹਿਲੀਆਂ 10 ਹਿੱਟ ਫਿਲਮਾਂ 'ਚ ਸ਼ਾਮਿਲ ਹੋਈ 'ਕਲੀ ਜੋਟਾ', ਹੁਣ ਤੱਕ ਕੀਤੀ ਇੰਨੀ ਕਮਾਈ