ਮੁੰਬਈ: ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਲਈ ਸਾਲ 2023 ਸੁਪਰਹਿੱਟ ਸਾਬਤ ਹੋਇਆ ਹੈ। ਇਸ ਸਾਲ ਸ਼ਾਹਰੁਖ ਖਾਨ ਨੇ ਆਪਣੀਆਂ ਦੋ ਐਕਸ਼ਨ ਫਿਲਮਾਂ 'ਪਠਾਨ' ਅਤੇ 'ਜਵਾਨ' ਰਾਹੀ 1000-1000 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਲੈਕਸ਼ਨ ਕੀਤਾ ਹੈ। ਹੁਣ ਸ਼ਾਹਰੁਖ ਖਾਨ ਸਾਲ ਦੇ ਅੰਤ 'ਚ ਆਪਣੀ ਆਉਣ ਵਾਲੀ ਫਿਲਮ 'ਡੰਕੀ' ਤੋਂ ਵੀ ਵਧੀਆਂ ਦੀ ਉਮੀਦ ਕਰ ਰਹੇ ਹਨ। ਇਸ ਫਿਲਮ ਦੇ ਰਿਲੀਜ਼ ਤੋਂ ਪਹਿਲਾ ਹੀ ਸ਼ਾਹਰੁਖ ਖਾਨ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਵੱਡੀ ਖਬਰ ਆਈ ਹੈ। ਸ਼ਾਹਰੁਖ ਖਾਨ ਦੀ ਮੈਗਾ-ਬਲਾਕਬਸਟਰ ਫਿਲਮ 'ਜਵਾਨ' ਨੂੰ ASTRA ਅਵਾਰਡਜ਼ 2024 'ਚ ਬੈਸਟ ਇੰਟਰਨੈਸ਼ਨਲ ਫੀਚਰ ਸ਼੍ਰੈਣੀ 'ਚ ਨਾਮਜ਼ਦ ਕੀਤਾ ਗਿਆ ਹੈ।
ਕੀ ਹੈ ASTRA?: ਹਾਲੀਵੁੱਡ ਕਰੀਏਟਿਵ ਅਲਾਇੰਸ ਨੇ Astra ਅਵਾਰਡਸ 2024 ਲਈ ਨਾਮਜ਼ਦਗੀਆਂ ਦੀ ਸੂਚੀ ਦਾ ਐਲਾਨ ਕੀਤਾ ਹੈ। ਇਸ ਸੂਚੀ 'ਚ ਹਾਲੀਵੁੱਡ ਅਤੇ ਬਾਲੀਵੁੱਡ ਸਮੇਤ ਦੁਨੀਆ ਦੀਆ ਸਾਰੀਆਂ ਫਿਲਮ ਇੰਡਸਟਰੀ ਦੀਆਂ ਫਿਲਮਾਂ ਨੂੰ ਚੁਣਿਆ ਗਿਆ ਹੈ। ਇਨ੍ਹਾਂ ਫਿਲਮਾਂ 'ਚ ਸ਼ਾਹਰੁਖ ਖਾਨ ਦੇ ਕਰੀਅਰ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ 'ਜਵਾਨ' ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਜਵਾਨ ਦੇ ਨਾਲ-ਨਾਲ ਬਾਰਬੀ, ਓਪਨਹਾਈਮਰ, ਕਿਲਰਸ ਆਫ਼ ਦਾ ਫਲਾਵਰ ਮੂਨ, ਜੌਨ ਵਿਕ, ਸਪਾਈਡਰ-ਮੈਨ-ਐਕਰੋਸ ਦਾ ਸਪਾਈਡਰ-ਵਰਸ ਅਤੇ ਕਈ ਹੋਰ ਹਿੱਟ ਫਿਲਮਾਂ ਵੀ ਇਸ ਸੂਚੀ 'ਚ ਸ਼ਾਮਲ ਹਨ।
ਬੈਸਟ ਫੀਚਰ ਕੈਟਾਗਰੀ 'ਚ ਇਨ੍ਹਾਂ ਫਿਲਮਾਂ ਨੂੰ ਕੀਤਾ ਗਿਆ ਨਾਮਜ਼ਦ:ਬੈਸਟ ਫੀਚਰ ਕੈਟਾਗਰੀ 'ਚ ਜਵਾਨ ਦੇ ਨਾਲ ਫਰਾਂਸ ਦੀ 'ਐਨਾਟੋਮੀ', ਸਾਊਥ ਕੋਰੀਆ ਦੀ 'ਯੂਟੋਪੀਆ', ਫਿਨਲੈਂਡ ਦੀ 'ਫਾਲਨ ਲੀਵਜ਼', ਜਾਪਾਨ ਦੀ 'ਪਰਫੈਕਟ ਡੇਜ਼', ਮੈਕਸੀਕੋ ਦੀ 'ਰੈਡੀਕਲ', ਸਪੇਨ ਦੀ 'ਸੋਸਾਇਟੀ ਆਫ ਦਿ ਸਨੋ', ਜਰਮਨੀ ਦੀ 'ਦਿ ਟੀਚਰਜ਼ ਲੌਂਜ' ਅਤੇ ਯੂ.ਕੇ ਦੀ 'ਦਿ ਜ਼ੋਨ ਆਫ ਇੰਟਰਸਟ' ਆਦਿ ਫਿਲਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ।