ਚੰਡੀਗੜ੍ਹ:ਕਾਫੀ ਸਮੇਂ ਤੋਂ ਰਿਲੀਜ਼ ਲਈ ਡੇਟ ਖੋਜ ਰਹੀ ਪੰਜਾਬੀ ਫਿਲਮ 'ਦਾਸਤਾਨ ਏ ਸਰਹਿੰਦ' ਆਖਿਰਕਾਰ 3 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਪਰ ਇਸ ਤੋਂ ਪਹਿਲਾਂ ਇੱਕ ਵਾਰ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC objected to Dastaan E Sirhind) ਵੱਲੋਂ ਫਿਲਮ ਦੀ ਰਿਲੀਜ਼ ਨੂੰ ਲੈ ਕੇ ਇਤਰਾਜ਼ ਜਤਾਇਆ ਜਾ ਰਿਹਾ ਹੈ।
ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ...ਗੁਰਪ੍ਰੀਤ ਘੁੱਗੀ ਸਟਾਰਰ ਇਸ ਪੰਜਾਬੀ ਫਿਲਮ ਦਾ ਹਾਲ ਹੀ ਵਿੱਚ ਟ੍ਰੇਲਰ ਰਿਲੀਜ਼ ਕੀਤਾ ਗਿਆ ਸੀ, ਪਰ ਹੁਣ ਫਿਲਮ ਵਿਵਾਦ ਵਿੱਚ ਫਸੀ ਨਜ਼ਰ ਆ ਰਹੀ ਹੈ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਟਵੀਟ ਕਰਕੇ ਇਸ ਫਿਲਮ ਦੀ ਰਿਲੀਜ਼ ਉਤੇ ਰੋਕ ਲਾਉਣ ਬਾਰੇ ਕਿਹਾ ਗਿਆ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਟਵੀਟ ਕਰਦੇ ਹੋਏ ਲਿਖਿਆ ਹੈ, 'ਦਾਸਤਾਨ-ਏ-ਸਰਹਿੰਦ ਫਿਲਮ (Dastaan E Sirhind) ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ। ਇਸ ਦੇ ਨਵੰਬਰ ਨੂੰ ਰਿਲੀਜ਼ ਹੋਣ ਬਾਰੇ ਲਗਾਏ ਜਾ ਰਹੇ ਬੋਰਡਾਂ ਲਈ ਫਿਲਮ ਦੇ ਪ੍ਰਬੰਧਕ ਹੀ ਜਵਾਬਦੇਹ ਹਨ। ਸੰਗਤ ਨੂੰ ਅਪੀਲ ਹੈ ਕਿ ਕਿਸੇ ਵੀ ਤਰ੍ਹਾਂ ਦੇ ਝੂਠੇ ਪ੍ਰਚਾਰ ਤੋਂ ਸੁਚੇਤ ਰਹੇ ਅਤੇ ਫਿਲਮ ਦੇ ਪ੍ਰਬੰਧਕਾਂ ਨੂੰ ਵੀ ਬੇਨਤੀ ਹੈ ਕਿ ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ਹੀ ਫਿਲਮ ਸੰਬੰਧੀ ਕੋਈ ਫੈਸਲਾ ਲੈਣ।'