ਚੰਡੀਗੜ੍ਹ:ਜਿਸ ਤਰ੍ਹਾਂ ਪੰਜਾਬੀ ਫਿਲਮਾਂ ਦਾ ਬੈਕ-ਟੂ-ਬੈਕ ਐਲਾਨ ਹੋ ਰਿਹਾ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ 2023 ਕਲਾ ਪ੍ਰੇਮੀਆਂ ਲਈ ਕਾਫ਼ੀ ਚੰਗਾ ਹੋਣ ਵਾਲਾ ਹੈ। ਕਿਉਂਕਿ ਇਸ ਸਾਲ ਕਈ ਅਜਿਹੀਆਂ ਫਿਲਮਾਂ ਹਨ, ਜਿਹਨਾਂ ਦਾ ਸੀਕਵਲ ਆਉਣ ਦੀ ਉਮੀਦ ਹੈ। ਇਸ ਵਿੱਚ ਗਿੱਪੀ ਗਰੇਵਾਲ ਦੀ 'ਕੈਰੀ ਆਨ ਜੱਟਾ 3', ਦੇਵ ਖਰੌੜ ਦੀ 'ਬਲੈਕੀਆ 2', ਗਿੱਪੀ ਅਤੇ ਧੀਰਜ ਦੀ 'ਵਾਰਨਿੰਗ 2', ਅਨੀਤਾ ਦੇਵਗਨ ਦੀ 'ਨੀ ਮੈਂ ਸੱਸ ਕੁੱਟਣੀ 2' ਅਤੇ 'ਮਿਸਟਰ ਐਂਡ ਮਿਸਜ਼ 420-3' ਸ਼ਾਮਿਲ ਹਨ...। ਆਓ ਹੁਣ ਇਥੇ ਇਹਨਾਂ ਫਿਲਮਾਂ ਦੀ ਰਿਲੀਜ਼ ਮਿਤੀ ਬਾਰੇ ਜਾਣੀਏ...
'ਨੀ ਮੈਂ ਸੱਸ ਕੁੱਟਣੀ 2':2022 'ਚ 'ਨੀ ਮੈਂ ਸੱਸ ਕੁੱਟਣੀ' ਸਾਲ ਦੀਆਂ ਸਭ ਤੋਂ ਮਜ਼ੇਦਾਰ ਫਿਲਮਾਂ ਵਿੱਚੋਂ ਇੱਕ ਸੀ। ਫਿਲਮ ਵਿੱਚ ਸਦੀਆਂ ਪੁਰਾਣੇ 'ਸੱਸ-ਨੂੰਹ' ਦੇ ਰਿਸ਼ਤੇ ਦਾ ਮਜ਼ਾਕ ਉਡਾਇਆ। ਦਿਲਚਸਪ ਗੱਲ਼ ਇਹ ਹੈ ਕਿ ਫਿਲਮ ਨੂੰ ਆਲੋਚਕਾਂ ਅਤੇ ਦਰਸ਼ਕਾਂ ਦੋਵਾਂ ਦੁਆਰਾ ਬਰਾਬਰ ਦਾ ਪਿਆਰ ਦਿੱਤਾ ਗਿਆ। ਹੁਣ ਇਸ ਫਿਲਮ ਦਾ ਸੀਕਵਲ 28 ਅਪ੍ਰੈਲ, 2023 ਨੂੰ ਰਿਲੀਜ਼ ਹੋਣ ਵਾਲਾ ਹੈ। ਮੋਹਿਤ ਬਨਵੈਤ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਫਿਲਮ ਦੀ ਕਾਸਟ ਵਿੱਚ ਮਹਿਤਾਬ ਵਿਰਕ, ਤਨਵੀ ਨਗੀ, ਗੁਰਪ੍ਰੀਤ ਘੁੱਗੀ, ਅਨੀਤਾ ਦੇਵਗਨ, ਕਰਮਜੀਤ ਅਨਮੋਲ ਅਤੇ ਹੋਰ ਸ਼ਾਮਲ ਹਨ।
'ਬਲੈਕੀਆ 2': 'ਬਲੈਕੀਆ' ਦੇਵ ਖਰੌੜ ਦੀ ਬਹੁ-ਚਰਚਿਤ ਫਿਲਮਾਂ ਵਿੱਚੋਂ ਇੱਕ ਸੀ, 5 ਮਈ 2023 ਨੂੰ ਰਿਲੀਜ਼ ਹੋਣ ਜਾ ਰਹੀ 'ਬਲੈਕੀਆ 2' 2023 ਦਾ ਇੱਕ ਹੋਰ ਬਹੁਤ ਹੀ ਉਡੀਕਿਆ ਜਾਣ ਵਾਲਾ ਪੰਜਾਬੀ ਸੀਕਵਲ ਹੈ। ਮੁੱਖ ਭੂਮਿਕਾ ਵਿੱਚ ਦੇਵ ਖਰੌੜ ਨੇ ਕਿਰਦਾਰ ਨਿਭਾਇਆ ਹੈ, ਫਿਲਮ ਇੰਦਰਪਾਲ ਸਿੰਘ ਦੁਆਰਾ ਲਿਖੀ ਗਈ ਹੈ।
'ਮਿਸਟਰ ਐਂਡ ਮਿਸਿਜ਼ 420':'ਮਿਸਟਰ ਐਂਡ ਮਿਸਿਜ਼ 420' ਆਪਣੇ ਦੋ ਭਾਗ ਨਾਲ ਪੰਜਾਬੀ ਦਰਸ਼ਕਾਂ ਨੂੰ ਖੁਸ਼ ਕਰਨ ਲਈ ਜਾਣੀ ਜਾਂਦੀ ਹੈ ਅਤੇ ਇਸ ਸਾਲ ਫਿਲਮ ਦੀ ਤੀਜੀ ਕਿਸ਼ਤ ਵੀ ਅਜਿਹਾ ਕਰਨ ਦੀ ਉਮੀਦ ਹੈ। ਨਰੇਸ਼ ਕਥੂਰੀਆ ਦੁਆਰਾ ਲਿਖੀ ਇਸ ਫਿਲਮ ਦਾ ਨਿਰਦੇਸ਼ਨ ਸ਼ਿਤਿਜ ਚੌਧਰੀ ਕਰਨਗੇ। ਫਿਲਮ 23 ਜੂਨ ਨੂੰ ਰਿਲੀਜ਼ ਹੋਣ ਵਾਲੀ ਹੈ। ਫਿਲਮ ਦੀ ਸ਼ਾਨਦਾਰ ਕਾਸਟ ਵਿੱਚ ਜੱਸੀ ਗਿੱਲ, ਬਿੰਨੂ ਢਿੱਲੋਂ, ਰਣਜੀਤ ਬਾਵਾ, ਕਰਮਜੀਤ ਅਨਮੋਲ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ ਅਤੇ ਹੋਰ ਸ਼ਾਮਲ ਹਨ।
'ਕੈਰੀ ਆਨ ਜੱਟਾ 3': ਜਦੋਂ ਕਾਮੇਡੀ ਫਿਲਮਾਂ ਦੀ ਗੱਲ਼ ਚੱਲਦੀ ਹੈ ਤਾਂ ਸਭ ਤੋਂ ਪਹਿਲਾਂ ਜਿਸ ਫਿਲਮ ਦਾ ਨਾਂ ਆਉਂਦਾ ਹੈ ਉਹ ਹੈ 'ਕੈਰੀ ਆਨ ਜੱਟਾ'। ਜੀ ਹਾਂ... 2023 ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਪੰਜਾਬੀ ਕਾਮੇਡੀ 'ਕੈਰੀ ਆਨ ਜੱਟਾ 3' ਹੈ। ਗਿੱਪੀ ਗਰੇਵਾਲ, ਸੋਨਮ ਬਾਜਵਾ, ਬਿੰਨੂ ਢਿੱਲੋਂ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ ਅਤੇ ਹੋਰ ਕਲਾਕਾਰਾਂ ਵਾਲੀ ਇਹ ਫਿਲਮ 29 ਜੂਨ, 2023 ਨੂੰ ਰਿਲੀਜ਼ ਹੋਣ ਵਾਲੀ ਹੈ। ਪਿਛਲੇ ਦੋ ਭਾਗਾਂ ਵਾਂਗ ਹੀ ਫਿਲਮ ਦੇ ਇਸ ਤੀਜੇ ਭਾਗ ਦਾ ਨਿਰਦੇਸ਼ਨ ਵੀ ਡਾ. ਸਮੀਪ ਕੰਗ ਨੇ ਕੀਤਾ ਅਤੇ ਇਸਦੀ ਸ਼ੂਟਿੰਗ ਹੁਣੇ ਹੀ ਜਨਵਰੀ ਵਿੱਚ ਸਮੇਟੀ ਗਈ ਹੈ।
'ਵਾਰਨਿੰਗ 2':ਹਾਲ ਹੀ ਵਿੱਚ ਅਦਾਕਾਰ ਗਿੱਪੀ ਗਰੇਵਾਲ ਨੇ 'ਵਾਰਨਿੰਗ 2' ਦਾ ਐਲਾਨ ਅਤੇ ਸ਼ੂਟਿੰਗ ਬਾਰੇ ਜਾਣਕਾਰੀ ਦਿੱਤੀ ਸੀ, ਅਦਾਕਾਰ ਨੇ ਫਿਲਮ ਦੀ ਰਿਲੀਜ਼ ਮਿਤੀ ਵਿੱਚ 17 ਨਵੰਬਰ 2023 ਦੱਸੀ ਸੀ। ਤੁਹਾਨੂੰ ਦੱਸ ਦਈਏ ਕਿ ਅਜੇ ਵੀ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਫਿਲਮ ਵਿੱਚ 'ਹਨੀਮੂਨ' ਦੀ ਅਦਾਕਾਰ ਜੈਸਮੀਨ ਵੀ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਫ਼ਿਲਮ ਅਮਰ ਹੁੰਦਲ ਦੁਆਰਾ ਨਿਰਦੇਸ਼ਿਤ ਕੀਤੀ ਜਾ ਰਹੀ ਅਤੇ ਇਸ ਵਿੱਚ ਪੰਜਾਬੀ ਅਦਾਕਾਰ ਗਿੱਪੀ ਗਰੇਵਾਲ, ਪ੍ਰਿੰਸ ਕੰਵਲਜੀਤ ਸਿੰਘ, ਧੀਰਜ ਕੁਮਾਰ ਅਤੇ ਮਹਾਬੀਰ ਭੁੱਲਰ ਮੁੱਖ ਕਿਰਦਾਰਾਂ ਵਜੋਂ ਨਜ਼ਰ ਆਉਣ ਵਾਲੇ ਹਨ।
ਇਹ ਵੀ ਪੜ੍ਹੋ:TV Actress Jasmine Bhasin: ਪਾਲੀਵੁੱਡ ਵਾਂਗ ਬਾਲੀਵੁੱਡ ਵਿੱਚ ਵੀ ਸ਼ਾਨਦਾਰ ਐਂਟਰੀ ਕਰਨਾ ਚਾਹੁੰਦੀ ਹੈ ਜੈਸਮੀਨ ਭਸੀਨ, ਸਾਂਝੇ ਕੀਤੇ ਭਵਿੱਖ ਦੇ ਉਦੇਸ਼